Thursday, October 15, 2026
Google search engine
HomeDeshCanada ਦੇ ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ...

Canada ਦੇ ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ, ਕਾਰ ਦੀ ਡਿੱਗੀ ‘ਚ ਰੱਖ ਟੋਰਾਂਟੋ ਭੇਜਣ ‘ਤੇ ਭੜਕੀ ਸੰਗਤ

ਕੈਨੇਡਾ ਦੇ ਸ਼ਹਿਰ ਸਰੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸਤਿਕਾਰ ਅਤੇ ਮਰਯਾਦਾ ਨੂੰ ਢਾਹ ਲਾਉਣ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ।

ਕੈਨੇਡਾ ਦੇ ਸ਼ਹਿਰ ਸਰੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸਤਿਕਾਰ ਅਤੇ ਮਰਯਾਦਾ ਨੂੰ ਢਾਹ ਲਾਉਣ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਕੁਝ ਸਮਾਂ ਪਹਿਲਾਂ ਭਾਰਤ ਤੋਂ ਕੈਨੇਡਾ ਲਈ 225 ਪਾਵਨ ਸਰੂਪ ਗੁਰੂ ਸਿੰਘ ਸਭਾ ਸਰੀ ਰਾਹੀਂ ਭੇਜੇ ਗਏ ਸਨ। ਇਨ੍ਹਾਂ ਪਾਵਨ ਸਰੂਪਾਂ ਨੂੰ ਉੱਥੋਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਪੂਰਨ ਗੁਰ-ਮਰਯਾਦਾ ਸਹਿਤ ਸੁਸ਼ੋਭਿਤ ਕੀਤਾ ਜਾਣਾ ਸੀ।
ਇਸੇ ਦੌਰਾਨ ਸਰੀ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਇੱਕ ਪਾਵਨ ਸਰੂਪ ਨੂੰ ਟੋਰਾਂਟੋ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪ੍ਰਬੰਧਕਾਂ ਵੱਲੋਂ ਮਰਯਾਦਾ ਨੂੰ ਛਿੱਕੇ ਟੰਗਦਿਆਂ ਪਾਵਨ ਸਰੂਪ ਨੂੰ ਇੱਕ ਨਿੱਜੀ ਕਾਰ ਦੀ ਡਿੱਗੀ ਵਿੱਚ ਰੱਖ ਦਿੱਤਾ ਗਿਆ। ਜਿਸ ਕਾਰ ਦੀ ਵਰਤੋਂ ਕੀਤੀ ਗਈ, ਉਸ ਦੀ ਡਿੱਗੀ ਵਿੱਚ ਜੁੱਤੀਆਂ-ਚੱਪਲਾਂ ਅਤੇ ਹੋਰ ਸਾਮਾਨ ਵੀ ਪਿਆ ਹੋਇਆ ਸੀ। ਇਸ ਤੋਂ ਇਲਾਵਾ ਨਾ ਤਾਂ ਪੰਜ ਪਿਆਰਿਆਂ ਦੀ ਅਗਵਾਈ ਲਈ ਗਈ ਅਤੇ ਨਾ ਹੀ ਪਾਵਨ ਸਰੂਪ ਉੱਪਰ ਚੰਦੋਆ ਸਾਹਿਬ ਜਾਂ ਚੌਰ ਸਾਹਿਬ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ।
ਇਸ ਅਤਿ ਨਿੰਦਣਯੋਗ ਕਾਰੇ ਦੀ ਸੂਚਨਾ ਮਿਲਦਿਆਂ ਹੀ ਸਿੱਖ ਸੰਗਤ ਨੇ ਮੌਕੇ ਤੇ ਪਹੁੰਚ ਕੇ ਸਖ਼ਤ ਰੋਸ ਜ਼ਾਹਿਰ ਕੀਤਾ। ਸੰਗਤ ਨੇ ਮੰਗ ਕੀਤੀ ਹੈ ਕਿ ਗੁਰੂ ਸਾਹਿਬ ਦੇ ਸਰੂਪ ਦੀ ਘੋਰ ਬੇਅਦਬੀ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਤੁਰੰਤ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਇਸ ਪੂਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਘਟਨਾ ਦੇ ਵਿਰੋਧ ਵਜੋਂ ਸੰਗਤ ਨੇ ਸੜਕ ਤੇ ਉੱਤਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਵਿਵਾਦ ਸਰੀ ਦੀ 132 ਸਟ੍ਰੀਟ ਤੇ ਸਥਿਤ ਗੁਰਦੁਆਰਾ ਸਿੰਘ ਸਭਾ ਨਾਲ ਜੁੜਿਆ ਹੋਇਆ ਹੈ, ਜਿੱਥੇ ਪਿਛਲੇ 3 ਦਿਨਾਂ ਤੋਂ ਸੰਗਤ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ।

ਪਾਵਨ ਸਰੂਪ ਨੂੰ ਗੱਡੀ ਰਾਹੀਂ ਟੋਰਾਂਟੋ ਭੇਜਣ ਦੀ ਸੀ ਯੋਜਨਾ

ਘਟਨਾ ਬੀਤੀ 21 ਸਤੰਬਰ ਦੀ ਹੈ, ਜਦੋਂ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੜਕੀ ਰਸਤੇ ਟੋਰਾਂਟੋ ਭੇਜਣ ਦੀ ਤਿਆਰੀ ਚੱਲ ਰਹੀ ਸੀ। ਜਿਸ ਵੇਲੇ ਪਾਵਨ ਸਰੂਪ ਨੂੰ ਗੱਡੀ ਦੀ ਡਿੱਗੀ ਅੰਦਰ ਰੱਖਿਆ ਜਾ ਰਿਹਾ ਸੀ, ਠੀਕ ਉਸੇ ਸਮੇਂ ਜਾਗਰੂਕ ਸਿੱਖ ਸੰਗਤ ਮੌਕੇ ਤੇ ਆ ਪਹੁੰਚੀ ਅਤੇ ਇਸ ਅਵੱਗਿਆ ਨੂੰ ਰੋਕ ਲਿਆ ਗਿਆ।

ਮੌਕੇ ਤੇ ਪੁੱਜੀ ਸੰਗਤ ਨੇ ਦੇਖੇ ਹਾਲਾਤ ਤਾਂ ਉੱਡੇ ਹੋਸ਼

ਸਰੀ ਨਿਵਾਸੀ ਸਰਬਤ ਢਿੱਲੋਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਨੂੰ ਤੈਅ ਮਰਯਾਦਾ ਅਨੁਸਾਰ ਲੈ ਕੇ ਜਾਣ ਦੀ ਬਜਾਏ ਕਾਰ ਦੀ ਡਿੱਗੀ ਵਿੱਚ ਬੰਦ ਕੀਤਾ ਜਾ ਰਿਹਾ ਸੀ। ਜਦੋਂ ਮੌਕੇ ਤੇ ਹਾਜ਼ਰ ਨਿਹੰਗ ਸਿੰਘਾਂ ਦੇ ਜੱਥੇ ਅਤੇ ਸੰਗਤ ਨੇ ਇਸ ਦਾ ਤਿੱਖਾ ਵਿਰੋਧ ਜਤਾਉਂਦਿਆਂ ਗੱਡੀ ਦੀ ਤਲਾਸ਼ੀ ਲਈ ਤਾਂ ਅੰਦਰੂਨੀ ਹਾਲਾਤ ਵੇਖ ਕੇ ਸਭ ਦੇ ਹੋਸ਼ ਉੱਡ ਗਏ।
ਉਨ੍ਹਾਂ ਦੱਸਿਆ ਕਿ ਕਾਰ ਅੰਦਰ ਜੁੱਤੀਆਂ, ਚੱਪਲਾਂ ਅਤੇ ਹੋਰ ਬੇਲੋੜਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਬਿਨਾਂ ਕਿਸੇ ਸਤਿਕਾਰ ਦੇ ਗੁਰੂ ਸਾਹਿਬ ਦਾ ਆਸਣ ਹੇਠਾਂ ਹੀ ਲਗਾਇਆ ਹੋਇਆ ਸੀ। ਨਾ ਤਾਂ ਸਿਰ ਤੇ ਚੌਰ ਸਾਹਿਬ ਜਾਂ ਚੰਦੋਆ ਸਾਹਿਬ ਦੀ ਕੋਈ ਵਿਵਸਥਾ ਕੀਤੀ ਗਈ ਸੀ ਅਤੇ ਨਾ ਹੀ ਗੁਰੂ ਸਾਹਿਬ ਦੀ ਰਵਾਨਗੀ ਲਈ ਪੰਜ ਪਿਆਰੇ ਸਾਹਿਬਾਨ ਹਾਜ਼ਰ ਸਨ।

ਮਰਯਾਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੇਵਾ ਤੋਂ ਲਾਂਭੇ ਕਰਨ ਦੀ ਮੰਗ

ਰੋਸ ਵਿੱਚ ਆਈ ਸੰਗਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪ੍ਰਬੰਧਕਾਂ ਅੰਦਰ ਰੰਚਕ ਮਾਤਰ ਵੀ ਗੁਰੂ ਪ੍ਰਤੀ ਸ਼ਰਧਾ-ਭਾਵਨਾ ਹੁੰਦੀ ਤਾਂ ਉਹ ਗੁਰੂ ਸਾਹਿਬ ਦੇ ਸਰੂਪ ਨੂੰ ਇਸ ਤਰ੍ਹਾਂ ਡਿੱਗੀ ਵਿੱਚ ਬੰਦ ਕਰਨ ਦੀ ਥਾਂ ਇੱਕ ਸੁੰਦਰ ਪਾਲਕੀ ਸਾਹਿਬ ਸਜਾਉਂਦੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰਨ ਸਤਿਕਾਰ ਨਾਲ ਰਵਾਨਾ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਕਦਰ ਨਿਰਾਦਰ ਹੋਣਾ ਬੇਹੱਦ ਸ਼ਰਮਨਾਕ ਅਤੇ ਅਸਹਿਣਯੋਗ ਹੈ। ਸੰਗਤ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਅਣਗਹਿਲੇ ਵਿਅਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਗੁਰੂ ਘਰ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਤੋਂ ਲਾਂਭੇ ਕੀਤਾ ਜਾਵੇ।

ਨਿਹੰਗ ਜਥੇਬੰਦੀਆਂ ਦਾ ਰੋਸ, ਪ੍ਰਿੰਟਿੰਗ ਪ੍ਰੈੱਸ ਦੀ ਕਾਰਗੁਜ਼ਾਰੀ ਤੇ ਵੀ ਚੁੱਕੇ ਸਵਾਲ

ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਹੇਠ ਪੇਜ ਚਲਾ ਰਹੇ ਗਿਆਨੀ ਤੇਜਬੀਰ ਸਿੰਘ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਅਤੇ ਜ਼ਿੰਮੇਵਾਰ ਅਹੁਦੇਦਾਰ ਖ਼ੁਦ ਬਜਰ ਕੁਰਹਿਤਾਂ (ਮਰਯਾਦਾ ਦੇ ਵੱਡੇ ਉਲੰਘਣ) ਵਿੱਚ ਸ਼ਾਮਲ ਹੋ ਕੇ ਦੁਨੀਆ ਭਰ ਵਿੱਚ ਪੰਥ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਪ੍ਰਿੰਟਿੰਗ ਪ੍ਰੈੱਸ ਅੰਦਰ ਗ਼ੈਰ-ਸਿੱਖ ਅਤੇ ਦਿਹਾੜੀਦਾਰ ਮੁਲਾਜ਼ਮਾਂ ਰਾਹੀਂ ਛਪਾਈ ਦਾ ਕਾਰਜ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਾਵਨ ਸਰੂਪਾਂ ਨੂੰ ਲਗਾਤਾਰ ਅਗਨ ਭੇਟ ਕਰਨ ਦੇ ਮਾਮਲੇ ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਗਿਆ ਕਿ ਇਹ ਸਭ ਪ੍ਰਬੰਧਕੀ ਨਾਕਾਮੀਆਂ ਅਤੇ ਲਾਪਰਵਾਹੀ ਦਾ ਹੀ ਸਿੱਟਾ ਹੈ।

ਗੁਰਦੁਆਰਾ ਸਿੰਘ ਸਭਾ ਕਮੇਟੀ ਸੰਗਤ ਤੋਂ ਮੁਆਫ਼ੀ ਮੰਗੇ: ਗਿਆਨੀ ਤੇਜਬੀਰ ਸਿੰਘ

ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਸਰੀ ਦੇ ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਨੂੰ ਆਪਣੀਆਂ ਇਨ੍ਹਾਂ ਕੁਤਾਹੀਆਂ ਤੇ ਤੁਰੰਤ ਆਤਮ-ਚਿੰਤਨ ਕਰਨਾ ਚਾਹੀਦਾ ਹੈ ਅਤੇ ਖ਼ਾਲਸਾ ਪੰਥ ਤੇ ਸੰਗਤ ਤੋਂ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਮਰਯਾਦਾ ਨਾਲ ਅਜਿਹਾ ਖਿਲਵਾੜ ਦੁਹਰਾਇਆ ਗਿਆ ਤਾਂ ਪੰਥ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।
ਗਿਆਨੀ ਤੇਜਬੀਰ ਸਿੰਘ ਨੇ ਗੁਰਬਾਣੀ ਦੇ ਪਾਵਨ ਵਾਕ ਪਾਪ ਕਮਾਵਦਿਆ ਤੇਰਾ ਕੋਈ ਨ ਬੇਲੀ ਰਾਮ ਦਾ ਹਵਾਲਾ ਦਿੰਦਿਆਂ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਕਿ ਉਹ ਸਮਾਂ ਰਹਿੰਦਿਆਂ ਸੰਭਲ ਜਾਣ ਅਤੇ ਪੰਥਕ ਰਹਿਤ ਮਰਯਾਦਾ ਅਨੁਸਾਰ ਹੀ ਆਪਣੀਆਂ ਸੇਵਾਵਾਂ ਨਿਭਾਉਣ, ਤਾਂ ਜੋ ਗੁਰੂ ਸਾਹਿਬ ਉਨ੍ਹਾਂ ਨੂੰ ਸੁਮੱਤ ਬਖ਼ਸ਼ਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments