ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
ਕਬੱਡੀ ਪਲੇਅਰ ਤੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਵਿੰਦਰ ਝੋਟਾ ‘ਤੇ ਮੈਡੀਕਲ ਸਟੋਰ ਮਾਲਿਕ ਨੇ ਗੋਲੀਆਂ ਚਲਾਈਆਂ ਹਨ। ਹਾਲਾਂਕਿ, ਇਹ ਘਟਨਾ ਕਿਸ ਕਾਰਨ ਕਰਕੇ ਵਾਪਰੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਮਾਨਸਾ ਦਾ ਰਹਿਣ ਵਾਲਾ ਸੀ ਤੇ ਉਹ ਕਬੱਡੀ ਦਾ ਖਿਡਾਰੀ ਵੀ ਰਹਿ ਚੁੱਕਿਆ ਸੀ। ਪਰਵਿੰਦਰ ਝੋਟਾ ਐਂਟੀ ਡਰੱਗ ਐਕਟੀਵਿਸਟ ਵੀ ਸੀ। ਹਾਲਾਂਕਿ, ਉਹ ਕਈ ਵਾਰ ਖ਼ੁਦ ਵੀ ਵਿਵਾਦਾਂ ‘ਚ ਰਹਿ ਚੁੱਕਿਆ ਸੀ ਤੇ ਜੇਲ੍ਹ ਵੀ ਕੱਟ ਚੁੱਕਿਆ ਸੀ। ਉਸ ‘ਤੇ ਖਿਲਾਫ਼ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਵੀ ਦਰਜ ਸਨ।
ਝੋਟਾ ‘ਤੇ ਕਈ ਮਾਮਲੇ ਸਨ ਦਰਜ
ਨਸ਼ੇ ਖਿਲਾਫ਼ ਆਵਾਜ਼ ਚੁੱਕਣ ਦੇ ਮਾਮਲੇ ‘ਚ ਉਸ ‘ਤੇ ਗੈਰ-ਕਾਨੂੰਨੀ ਕਦਮ ਚੁੱਕਣ ਦੇ ਇਲਜ਼ਾਮ ਵੀ ਲੱਗੇ ਸਨ। 2023 ਦੇ ਇੱਕ ਮਾਮਲੇ ‘ਚ ਝੋਟਾ ਇੱਕ ਮੈਡੀਕਲ ਸਟੋਰ ‘ਚ ਵੜ੍ਹ ਗਿਆ ਸੀ। ਉਸ ਦਾ ਕਹਿਣਾ ਸੀ ਕਿ ਸਟੋਰ ‘ਚ ਪਾਬੰਦੀਸ਼ੁਦਾ ਕੈਪਸੂਲਾਂ ਦੀ ਵਿਕਰੀ ਹੋ ਰਹੀ ਹੈ। ਉਹ ਆਪਣੇ ਵਰਕਰਾਂ ਨਾਲ ਸਟੋਰ ਅੰਦਰ ਦਾਖ਼ਲ ਹੋਇਆ ਸੀ ਤੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਲਜ਼ਾਮ ਲੱਗਾ ਸੀ ਕਿ ਝੋਟਾ ਨੇ ਮੈਡੀਕਲ ਸਟੋਰ ਨੂੰ ਤਾਲਾ ਲਗਾ ਦਿੱਤਾ ਸੀ ਤੇ ਸਟੋਰ ਮਾਲਿਕ ਦੇ ਗੱਲੇ ‘ਚ ਜੁੱਤੀਆਂ ਦਾ ਹਾਰ ਪਵਾ ਕੇ, ਉਸ ਨੂੰ ਬਾਜ਼ਾਰ ‘ਚੋਂ ਘੁਮਾਉਂਦੇ ਹੋਏ ਪੁਲਿਸ ਥਾਣੇ ਲੈ ਗਿਆ। ਇਸ ਮਾਮਲੇ ‘ਚ ਮੈਡੀਕਲ ਸਟੋਰ ਮਾਲਕ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।
ਦੂਜੇ ਪਾਸੇ, ਪਰਵਿੰਦਰ ਝੋਟਾ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਉਸ ਨੂੰ 2009 ‘ਚ ਕਤਲ ਦੀ ਕੋਸ਼ਿਸ਼ ਦੇ ਮੁਕੱਦਮੇ ਤਹਿਤ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖਿਲਾਫ਼ ਹੋਰ ਵੀ ਕਈ ਮਾਮਲੇ ਦਰਜ ਸਨ ਤੇ ਕਈ ਵਾਰ ਗ੍ਰਿਫ਼ਤਾਰ ਵੀ ਹੋ ਚੁੱਕਿਆ ਸੀ।