Monday, August 31, 2026
Google search engine
HomeCrimePatiala: ਨਾਬਾਲਗ ਲੜਕੀ ‘ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ, CCTV ਵੀਡੀਓ ਹੋਈ ਸੀ...

Patiala: ਨਾਬਾਲਗ ਲੜਕੀ ‘ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ, CCTV ਵੀਡੀਓ ਹੋਈ ਸੀ ਵਾਇਰਲ

ਐਸਐਚਓ ਨੇ ਦੱਸਿਆ ਕਿ ਪੀੜਤ ਨਾਬਾਲਗ ਤੇ ਉਸ ਦੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਪਟਿਆਲਾ ਦੇ ਬਿਸ਼ਨ ਨਗਰ ਇਲਾਕੇ ‘ਚ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦਰਅਸਲ, ਇੱਕ ਰਾਹਗੀਰ ਵੱਲੋਂ ਇੱਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਗਈ ਸੀ। ਉਸ ਨੇ ਲੜਕੀ ਦੇ ਪ੍ਰਾਈਵੇਟ ਪਾਰਟ ‘ਤੇ ਹਮਲਾ ਕੀਤਾ ਤੇ ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਪੂਰੀ ਘਟਨਾ ਕੈਮਰੇ ‘ਚ ਕੈਦ ਹੋਈ ਸੀ, ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਲਹੌਰੀ ਗੇਟ ਦੇ ਐਸਐਚਓ ਸੌਰਵ ਸਿੰਗਲਾ ਨੇ ਦੱਸਿਆ ਕਿ ਐਸਐਸਪੀ ਪਟਿਆਲਾ ਵਰੁਣ ਸ਼ਰਮਾ (ਆਈਪੀਐਸ), ਐਸਪੀ ਸਿਟੀ ਪਰਮਿੰਦਰ ਸਿੰਘ ਚੀਮਾ ਤੇ ਡੀਐਸਪੀ ਸਿਟੀ-1 ਸੰਜੀਵ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ‘ਚ ਡਰ ਜਾਂ ਅਸੁਰੱਖਿਆ ਦਾ ਮਾਹੌਲ ਪੈਦਾ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਕਰਕੇ ਮੁਲਜ਼ਮ ਸੰਜੇ ਉਰਫ਼ ਮੂਸਾ, ਵਾਸੀ ਵਿਕਾਸ ਕਲੋਨੀ (ਬਿਸ਼ਨ ਨਗਰ ਨੇੜੇ), ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਹੈ। ਇਸ ਸਬੰਧੀ ਪੁਲਿਸ ਵੱਲੋਂ ਉਸ ਦੇ ਪਰਿਵਾਰ ਤੋਂ ਮੈਡੀਕਲ ਰਿਕਾਰਡ ਵੀ ਮੰਗਵਾਏ ਗਏ ਹਨ ਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਜਾਰੀ ਹੈ।
ਐਸਐਚਓ ਨੇ ਦੱਸਿਆ ਕਿ ਪੀੜਤ ਨਾਬਾਲਗ ਤੇ ਉਸ ਦੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੀ ਜਾਂਚ ਦੌਰਾਨ ਹੁਣ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਪੀੜਤਾ ਜਾਂ ਉਸ ਦੇ ਪਰਿਵਾਰ ਦੀ ਮੁਲਜ਼ਮ ਨਾਲ ਪਹਿਲਾਂ ਕੋਈ ਜਾਣ-ਪਛਾਣ ਜਾਂ ਲੈਣ-ਦੇਣ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਹ ਨਹੀਂ ਦੱਸਿਆ ਕਿ ਘਟਨਾ ਵੇਲੇ ਉਸ ਦੇ ਹੱਥ ‘ਚ ਕੀ ਸੀ ਜਾਂ ਕਿਸੇ ਵਸਤੂ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਤੇ ਲੋੜ ਪੈਣ ‘ਤੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪੁਲਿਸ ਮੁਤਾਬਕ ਪੀੜਤ ਲੜਕੀ ਨੂੰ ਮਾਮੂਲੀ ਸੱਟ ਲੱਗੀ ਹੈ, ਪਰ ਅਜਿਹੀਆਂ ਘਟਨਾਵਾਂ ਨਾਲ ਸਮਾਜ ‘ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ। ਇਸ ਲਈ ਪੁਲਿਸ ਦਾ ਮੁੱਖ ਉਦੇਸ਼ ਲੋਕਾਂ, ਖ਼ਾਸ ਕਰਕੇ ਬੱਚਿਆਂ ਤੇ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments