15 ਤੋਂ ਵੱਧ ਹਥਿਆਰਬੰਦ ਹਮਲਾਵਰਾਂ ਨੇ ਬੋਲਿਆ ਧਾਵਾ
ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮਾੜੀ ਪੰਨਵਾਂ ਵਿਖੇ ਨਸ਼ਾ ਤਸਕਰਾਂ ਵੱਲੋਂ ਖ਼ੂਨੀ ਖੇਡ ਖੇਡੇ ਜਾਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਪਿੰਡ ਵਿੱਚ ਸ਼ਰੇਆਮ ਨਸ਼ਾ ਵੇਚਣ ਤੋਂ ਵਰਜਣ ‘ਤੇ ਬੇਖ਼ੌਫ਼ ਨਸ਼ਾ ਤਸਕਰਾਂ ਨੇ ਤਿੰਨ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਬਿਕਰਮਜੀਤ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਗੁਰਮੁਖ ਸਿੰਘ ਨੇ ਦਰਦਨਾਕ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਨਸਰ ਰੋਜ਼ਾਨਾ ਗਲੀਆਂ ਵਿੱਚ ਜਮਾਵੜਾ ਕਰਕੇ ਖੜ੍ਹੇ ਰਹਿੰਦੇ ਸਨ। ਉਨ੍ਹਾਂ ਦੀਆਂ ਇਨ੍ਹਾਂ ਗ਼ੈਰ-ਸਮਾਜਿਕ ਗਤੀਵਿਧੀਆਂ ਕਾਰਨ ਪਿੰਡ ਦੀਆਂ ਧੀਆਂ-ਭੈਣਾਂ ਅਤੇ ਆਮ ਔਰਤਾਂ ਦਾ ਗਲੀ ਵਿੱਚੋਂ ਲੰਘਣਾ ਪੂਰੀ ਤਰ੍ਹਾਂ ਦੁੱਭਰ ਹੋ ਚੁੱਕਾ ਸੀ। ਵੀਰਵਾਰ ਨੂੰ ਜਦੋਂ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਗਲੀ ਵਿੱਚ ਨਸ਼ਾ ਵੇਚਣ ਤੋਂ ਸਖ਼ਤੀ ਨਾਲ ਰੋਕਿਆ ਅਤੇ ਉੱਥੋਂ ਜਾਣ ਲਈ ਕਿਹਾ, ਤਾਂ ਤੈਸ਼ ਵਿੱਚ ਆਏ ਦੋਸ਼ੀਆਂ ਨੇ ਯੋਜਨਾਬੱਧ ਤਰੀਕੇ ਨਾਲ ਉਸ ‘ਤੇ ਅਤੇ ਉਸ ਦੇ ਸਾਥੀਆਂ ਬਿਕਰਮਜੀਤ ਸਿੰਘ ਤੇ ਨਿਸ਼ਾਨ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਬਿਕਰਮਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਸੁਰਿੰਦਰਪਾਲ ਸਿੰਘ ਬਾਜਵਾ ਨੇ ਇਸ ਘਟਨਾ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਆਏ ਸਨ। ਸਰਪੰਚ ਮੁਤਾਬਕ ਹਮਲਾਵਰਾਂ ਦੀ ਗਿਣਤੀ 15 ਤੋਂ ਵੀ ਵੱਧ ਸੀ, ਜਿਨ੍ਹਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਨੌਜਵਾਨਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਸਮੁੱਚੇ ਇਲਾਕੇ ਅਤੇ ਪਿੰਡ ਵਿੱਚ ਭਾਰੀ ਸਹਿਮ ਤੇ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ (ਐੱਸਐੱਚਓ) ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਸਖ਼ਤ ਲਹਿਜੇ ਵਿੱਚ ਸਪੱਸ਼ਟ ਕੀਤਾ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਅਤੇ ਇਸ ਵਹਿਸ਼ੀਆਨਾ ਕਾਰੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਕੇ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।