ਇਲਜ਼ਾਮ ਹੈ ਕਿ ਸੇਂਟ ਸੋਲਜਰ ਕਾਲਜ ਦੀ ਲੈਕਚਰਾਰ ਨੇਹਾ ਬੱਸੀ ਨੂੰ ਧੱਕੇ ਨਾਲ ਟਾਇਲਟ ਕਲੀਨਿੰਗ ਏਜੰਟ (ਹਾਰਪਿਕ) ਪਿਲਾ ਕੇ ਕਤਲ ਕਰ ਦਿੱਤਾ ਸੀ।
ਜਲੰਧਰ ‘ਚ ਲੈਕਚਰਾਰ ਨੇਹਾ ਬੱਸੀ ਦੀ ਮੌਤ ਨਾਲ ਸਬੰਧਤ ਮਾਮਲੇ ‘ਚ, ਪੁਲਿਸ ਨੇ ਉਸ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ‘ਚ ਛੇ ਸਾਲ ਦੀ ਧੀ ਨੂੰ ਵੀ ਬਰਾਮਦ ਕਰ ਲਿਆ ਹੈ। ਇਸ ਤੋਂ ਪਹਿਲਾਂ, ਪੁਲਿਸ ਨੇ ਸਤਪਾਲ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਮੁਤਾਬਕ, ਦੋਵਾਂ ਨੂੰ ਉਜੈਨ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਇਸ ਵੇਲੇ ਉਨ੍ਹਾਂ ਨੂੰ ਜਲੰਧਰ ਲਿਆਂਦਾ ਜਾ ਰਿਹਾ ਹੈ।
ਇਲਜ਼ਾਮ ਹੈ ਕਿ ਸੇਂਟ ਸੋਲਜਰ ਕਾਲਜ ਦੀ ਲੈਕਚਰਾਰ ਨੇਹਾ ਬੱਸੀ ਨੂੰ ਧੱਕੇ ਨਾਲ ਟਾਇਲਟ ਕਲੀਨਿੰਗ ਏਜੰਟ (ਹਾਰਪਿਕ) ਪਿਲਾ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਨੂੰ ਅੰਜਾਮ ਦੇਣ ‘ਚ ਨੇਹਾ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਦਾ ਹੱਥ ਦੱਸਿਆ ਗਿਆ। ਇਸ ਦੇ ਨਾਲ ਉਮੰਗ ਬੱਸੀ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਦਾ ਨਾਮ ਵੀ ਇਸ ਘਟਨਾ ਨਾਲ ਜੁੜਿਆ ਹੈ। ਪੁਲਿਸ ਵੱਲੋਂ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ‘ਚ ਇਸ ਮਾਮਲੇ ਬਾਰੇ ਹੋਰ ਵੇਰਵੇ ਦੇਣ ਦੀ ਉਮੀਦ ਹੈ।
ਨੇਹਾ ਬੱਸੀ ਦੀ ਮੌਤ ਦੇ ਮਾਮਲੇ ‘ਚ ਐਸਐਚਓ ਦਾ ਤਬਾਦਲਾ ਕਰ ਦਿੱਤਾ ਗਿਆ ਸੀ, ਜਦੋਂ ਕਿ ਜਾਂਚ ਅਧਿਕਾਰੀ ਬੋਧਰਾਜ ਨੂੰ ਲਾਪਰਵਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਉਮੰਗ ਬੱਸੀ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਦੇ ਪਤੀ ਨੇ ਕੀਤੇ ਖੁਲਾਸੇ
ਉਮੰਗ ਬੱਸੀ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਦੇ ਪਤੀ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਉਸ ਦੀ ਲਵ ਮੈਰਿਜ ਹੋਈ ਸੀ, ਪਰ ਉਸ ਦੀ ਪਤਨੀ ਨੇ ਬਾਅਦ ‘ਚ ਲੈਕਚਰਾਰ ਦੇ ਪਤੀ (ਉਮੰਗ ਬੱਸੀ) ਨਾਲ ਅਫੇਅਰ ਸ਼ੁਰੂ ਕਰ ਦਿੱਤਾ, ਦੋਵੇਂ ਕਥਿਤ ਤੌਰ ‘ਤੇ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ। ਸਤਪਾਲ ਕੌਰ ਦੇ ਪਤੀ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਪਤਨੀ ਤੇ ਪ੍ਰੇਮੀ ਉਮੰਗ ਬੱਸੀ, ਇਸ ਲਈ ਉਹ ਲੈਕਚਰਾਰ ਤੇ ਉਸ ਨੂੰ ਦੋਵਾਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਸ ਨੇ ਦੱਸਿਆ ਕਿ ਉਹ 15 ਦਿਨਾਂ ਤੋਂ ਇਸਦੀ ਸਾਜ਼ਿਸ਼ ਰਚ ਰਹੇ ਸਨ। ਉਸ ਨੇ ਦੋਵਾਂ ਵਿਚਕਾਰ 206 ਪੰਨਿਆਂ ਦੀ ਚੈਟ ਹਿਸਟਰੀ ਵੀ ਲੱਭੀ ਸੀ।
ਉਮੰਗ ਬੱਸੀ ਨਾਲ ਐਕਸਟਰਾ ਮੈਰਿਟਲ ਅਫੇਅਰ
ਵਿਸ਼ਾਲ ਸ਼ਰਮਾ ਨੇ ਇਸ ਮਾਮਲੇ ਸੰਬੰਧੀ ਕਈ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਉਹ ਹੈਦਰਾਬਾਦ ‘ਚ ਸਾਈਬਰ-ਸੁਰੱਖਿਆ ਸਲਾਹਕਾਰ ਵਜੋਂ ਕੰਮ ਕਰਦਾ ਹੈ। ਵਿਸ਼ਾਲ ਦੇ ਅਨੁਸਾਰ, ਉਸਦਾ 11 ਸਾਲ ਪਹਿਲਾਂ ਸਤਪਾਲ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਇੱਕ 9 ਸਾਲ ਦੀ ਧੀ ਹੈ।
ਉਸ ਨੇ ਆਪਣੀ ਪਤਨੀ ਦੇ ਨਾਮ ‘ਤੇ ਜਲੰਧਰ ਵਿੱਚ ਲਗਭਗ 1 ਕਰੋੜ ਰੁਪਏ ਦਾ ਇੱਕ ਘਰ ਵੀ ਰਜਿਸਟਰ ਕਰਵਾਇਆ ਸੀ। ਲਗਭਗ ਛੇ ਮਹੀਨੇ ਪਹਿਲਾਂ, ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਤਿੰਨ ਸਾਲਾਂ ਤੋਂ ਉਸ ਦੇ ਸਕੂਲ ਦੇ ਦੋਸਤ- ਉਮੰਗ ਬੱਸੀ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਹੈ। ਹੈਦਰਾਬਾਦ ਤੋਂ ਫੋਨ ‘ਤੇ ਗੱਲ ਕਰਦੇ ਹੋਏ, ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ 3 ਫਰਵਰੀ, 2026 ਨੂੰ ਅਚਾਨਕ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਘਬਰਾ ਗਈ, ਉਹ ਕਿਸੇ ਨਾਲ ਗੱਲਬਾਤ ਕਰ ਰਹੀ ਸੀ। ਜਦੋਂ ਉਸਨੇ ਚੈਟ ਚੈੱਕ ਕਰਨ ਲਈ ਉਸ ਦਾ ਮੋਬਾਈਲ ਫੋਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਘਰੋਂ ਭੱਜ ਗਈ।
ਉਮੰਗ ਬੱਸੀ ਨੇ ਵਿਸ਼ਾਲ ‘ਤੇ ਵੀ ਕੀਤਾ ਸੀ ਹਮਲਾ
ਵਿਸ਼ਾਲ ਨੇ ਦੱਸਿਆ ਕਿ ਉਮੰਗ ਬੱਸੀ ਨੇ ਪਹਿਲਾਂ ਉਸਦੀ ਧੀ ਦੇ ਸਕੂਲ (ਮੇਅਰ ਵਰਲਡ) ਦੇ ਬਾਹਰ ਇੱਕ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਜਾਨਲੇਵਾ ਹਮਲਾ ਕੀਤਾ ਸੀ। ਭਾਵੇਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਰਾਜਨੀਤਿਕ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਿਸ਼ਾਲ ਨੇ ਇਲਜ਼ਾਮ ਲਗਾਇਆ ਕਿ ਇੱਕ ਐਕਸਟਰਾ ਮੈਰੀਟਲ ਅਫਅਰ ਨੇ ਦੋ ਖੁਸ਼ਹਾਲ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਤੇ ਉਹ ਹੁਣ ਕਾਨੂੰਨੀ ਤਰੀਕਿਆਂ ਨਾਲ ਇਨਸਾਫ਼ ਲਈ ਲੜ ਰਿਹਾ ਹੈ। ਵਿਸ਼ਾਲ ਦੇ ਅਨੁਸਾਰ, ਜਦੋਂ ਉਸ ਨੇ ਆਪਣੀ ਪਤਨੀ ਦਾ ਮੋਬਾਈਲ ਫੋਨ ਚੈੱਕ ਕੀਤਾ ਤਾਂ ਉਸ ਨੂੰ 15 ਦਿਨਾਂ ਤੱਕ ਚੱਲੀਆਂ 206 ਪੰਨਿਆਂ ਦੀਆਂ ਵਟਸਐਪ ਚੈਟਾਂ ਮਿਲੀਆਂ।
ਇਨ੍ਹਾਂ ਚੈਟਾਂ ‘ਚ, ਉਮੰਗ ਬੱਸੀ ਅਤੇ ਸਤਪਾਲ ਕੌਰ ਆਪਣੇ-ਆਪਣੇ ਜੀਵਨ ਸਾਥੀ (ਨੇਹਾ ਤੇ ਵਿਸ਼ਾਲ) ਨੂੰ ਛੱਡਣ ਜਾਂ ਉਨ੍ਹਾਂ ਨੂੰ ਖ਼ਤਮ ਕਰਨ (ਮਾਰਨ) ਦੀ ਸਾਜ਼ਿਸ਼ ਰਚ ਰਹੇ ਸਨ। ਘਰ ‘ਚ ਉਸਦੀ ਪਤਨੀ ਦੇ ਕਮਰੇ ‘ਚੋਂ ਵੀ ਇਤਰਾਜ਼ਯੋਗ ਸਮੱਗਰੀ ਮਿਲੀ। ਵਿਸ਼ਾਲ ਦਾ ਕਹਿਣਾ ਹੈ ਕਿ ਉਹ ਬਚ ਗਿਆ, ਕਿਉਂਕਿ ਉਹ ਕੰਮ ਲਈ ਹੈਦਰਾਬਾਦ ‘ਚ ਰਹਿੰਦਾ ਸੀ, ਪਰ ਉਮੰਗ ਬੱਸੀ ਨੇ ਆਪਣੀ ਮਾਂ ਨਾਲ ਸਾਜ਼ਿਸ਼ ਰਚ ਕੇ ਨੇਹਾ ਨੂੰ ਟਾਇਲਟ ਕਲੀਨਰ ਪਿਲਾ ਕੇ ਮਾਰ ਦਿੱਤਾ।