Friday, October 16, 2026
Google search engine
HomeDesh‘ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਮਨਮਾਨੀ, ਕਿਸੇ ਵੀ ਤਰ੍ਹਾਂ ਨਾਲ ਸਹੀ...

‘ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਮਨਮਾਨੀ, ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ’ SIR ‘ਤੇ ਪ੍ਰਦਰਸ਼ਨ ਦਰਮਿਆਨ ਬੋਲੇ SC ਦੇ ਜਸਟਿਸ ਉੱਜਵਲ ਭੁਈਆਂ

SIR ਵਿਵਾਦ ਦਰਮਿਆਨ ਜਸਟਿਸ ਉੱਜਵਲ ਭੁਈਆਂ ਨੇ ਵੋਟਿੰਗ ਅਧਿਕਾਰ ਤੇ ਵੋਟਰ ਸੂਚੀ ਤੋਂ ਨਾਮ ਹਟਾਉਣ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ।

ਵੋਟਰ ਸੂਚੀ ‘ਚ ਗੜਬੜੀ ਤੇ SIR ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਇੱਕ ਪਾਸੇ ਸਿਆਸੀ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਦੇਸ਼ ਦੇ ਕਈ ਹਿੱਸਿਆਂ ‘ਚ ਵਿਰੋਧੀ ਪਾਰਟੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। SIR ਦੇ ਫ਼ੈਸਲਿਆਂ ਨੂੰ ਲੈ ਕੇ CEC ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਸੋਮਵਾਰ ਨੂੰ ਪਟੀਸ਼ਨ ਤੇ ਸੁਣਵਾਈ ਹੋਵੇਗੀ। ਇਸ ਦਰਮਿਆਨ, ਐਤਵਾਰ ਨੂੰ ਸੁਪਰੀਮ ਕੋਰਟ ਦੇ ਜਸਟਿਸ ਉੱਜਵਲ ਭੁਈਆਂ ਨੇ ਕਿਹਾ ਕਿ ਕੋਈ ਵੀ ਪ੍ਰਕਿਰਿਆ ਜੋ ਲੱਖਾਂ ਭਾਰਤੀ ਨਾਗਰਿਕਾਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ, ਉਹ ਅਸਲ ‘ਚ ਮਨਮਾਨੀ ਹੈ ਤੇ ਸੰਵਿਧਾਨਕ ਵਿਵਸਥਾ ਨੂੰ ਨਕਾਰਦੀ ਹੈ।
ਹੈਦਰਾਬਾਦ ਦੀ NALSAR ਯੂਨੀਵਰਸਿਟੀ ਆਫ਼ ਲਾਅ ‘ਚ 19ਵੀਂ NALSAR-ਜਸਟਿਸ ਬੀ.ਆਰ. ਸਾਹਨੀ ਮੈਮੋਰੀਅਲ ਮੂਟ ਕੋਰਟ ਮੁਕਾਬਲੇ ਦੇ ਸਮਾਪਤੀ ਸਮਾਰੋਹ ‘ਚ ਜਸਟਿਸ ਭੁਈਆਂ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਨਾਗਰਿਕਾਂ ਦੇ ਵੋਟ ਦੇਣ ਦੇ ਅਧਿਕਾਰ ਨੂੰ ਖੋਹਣ ਦੀ ਕਾਰਵਾਈ ਨੂੰ ਕਿਸੇ ਵੀ ਸੂਰਤ ‘ਚ ਸਹੀ ਨਹੀਂ ਠਹਿਰਾਇਆ ਜਾ ਸਕਦਾ।

ਸੰਵਿਧਾਨ ‘ਚ ਦੋ ਤਰ੍ਹਾਂ ਦੇ ਨਾਗਰਿਕਾਂ ਦਾ ਪ੍ਰਾਵਧਾਨ ਨਹੀਂ

ਉਨ੍ਹਾਂ ਕਿਹਾ, ਜੇ ਕਿਸੇ ਪ੍ਰਕਿਰਿਆ ਦਾ ਨਤੀਜਾ ਲੱਖਾਂ-ਕਰੋੜਾਂ ਭਾਰਤੀ ਨਾਗਰਿਕਾਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਵਾਂਝਾ ਕਰਨਾ ਹੈ, ਜਿਸ ਕਾਰਨ ਉਹ ਆਪਣੇ ਹੀ ਦੇਸ਼ ‘ਚ ਬਿਨਾਂ ਵੋਟ ਦੇਣ ਦੇ ਅਧਿਕਾਰ ਵਾਲੇ ਨਾਗਰਿਕ ਬਣ ਕੇ ਸੈਕੰਡ ਕਲਾਸ ਨਾਗਰਿਕ ਬਣ ਜਾਂਦੇ ਹਨ, ਤਾਂ ਅਜਿਹੀ ਪ੍ਰਕਿਰਿਆ ਅਸਲ ‘ਚ ਮਨਮਾਨੀ ਹੈ।
ਉਨ੍ਹਾਂ ਕਿਹਾ, ਭਾਰਤੀ ਸੰਵਿਧਾਨ ‘ਚ ਦੋ ਤਰ੍ਹਾਂ ਦੇ ਨਾਗਰਿਕਾਂ ਦਾ ਪ੍ਰਾਵਧਾਨ ਨਹੀਂ ਹੈ: ਵੋਟਿੰਗ ਅਧਿਕਾਰ ਵਾਲੇ ਨਾਗਰਿਕ ਅਤੇ ਬਿਨਾਂ ਵੋਟਿੰਗ ਅਧਿਕਾਰ ਵਾਲੇ ਨਾਗਰਿਕ। ਕੋਈ ਵੀ ਪ੍ਰਕਿਰਿਆ ਜਿਸ ਨਾਲ ਭਾਰਤੀ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਵੋਟਿੰਗ ਅਧਿਕਾਰ ਤੋਂ ਵਾਂਝਾ ਕੀਤਾ ਜਾਵੇ ਤੇ ਉਨ੍ਹਾਂ ਨੂੰ ਬਿਨਾਂ ਵੋਟਿੰਗ ਅਧਿਕਾਰ ਵਾਲਾ ਨਾਗਰਿਕ ਬਣਾਇਆ ਜਾਵੇ, ਉਹ ਭਾਰਤੀ ਸੰਵਿਧਾਨ ਦੇ ਆਰਟੀਕਲ 326 ਤੇ 14 ਦੀ ਉਲੰਘਣਾ ਹੋਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸੰਸਥਾ ਨੂੰ ਇਸ ਦੀ ਛੋਟ ਨਹੀਂ ਹੈ। ਉਨ੍ਹਾਂ ਕਿਹਾ, ਕੋਈ ਵੀ ਅਥਾਰਟੀ ਅਜਿਹਾ ਨਹੀਂ ਕਰ ਸਕਦੀ; ਕੋਈ ਵੀ ਕੋਰਟ ਇਸ ਨੂੰ ਮਾਫ਼ ਨਹੀਂ ਕਰ ਸਕਦੀ। ਕੋਈ ਵੀ ਸੰਵਿਧਾਨ ਤੋਂ ਉੱਪਰ ਨਹੀਂ ਹੈ।
ਜਸਟਿਸ ਭੁਈਆਂ ਨੇ ਸਪੱਸ਼ਟ ਕਿਹਾ, ਕਿਸੇ ਮਰੇ ਹੋਏ ਵੋਟਰ ਦੇ ਮਾਮਲੇ ਨੂੰ ਛੱਡ ਕੇ, ਇੱਕ ਵਾਰ ਵੋਟਰ ਦਾ ਨਾਮ ਵੋਟਰ ਰੋਲ ‘ਚ ਦਰਜ ਹੋ ਜਾਣ ਤੋਂ ਬਾਅਦ ਬਿਨਾਂ ਨੋਟਿਸ ਤੇ ਸੁਣਵਾਈ ਦੇ ਨਹੀਂ ਹਟਾਇਆ ਜਾ ਸਕਦਾ। ਕਿਸੇ ਭਾਰਤੀ ਨਾਗਰਿਕ ਦੀ ਪਛਾਣ ਤੋਂ ਵੋਟ ਦੇਣ ਦਾ ਅਧਿਕਾਰ ਜਾਂ ਵੋਟਰ ਸੂਚੀ ‘ਚ ਸ਼ਾਮਲ ਹੋਣ ਦਾ ਅਧਿਕਾਰ ਵੱਖ ਨਹੀਂ ਕੀਤਾ ਜਾ ਸਕਦਾ। ਇਹ ਸਰੀਰ ‘ਚੋਂ ਆਤਮਾ ਕੱਢਣ ਵਰਗਾ ਹੋਵੇਗਾ।

ਜਸਟਿਸ ਭੁਈਆਂ ਨੇ ਵੋਟ ਦੇ ਅਧਿਕਾਰ ਨੂੰ ਆਜ਼ਾਦੀ ਅੰਦੋਲਨ ਨਾਲ ਜੋੜਿਆ

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਈ ਫ਼ੈਸਲਿਆਂ ‘ਚ ਕਿਹਾ ਹੈ ਕਿ ਵੋਟ ਦੇਣਾ ਕੋਈ ਮੌਲਿਕ ਅਧਿਕਾਰ ਨਹੀਂ ਹੈ, ਹਾਲਾਂਕਿ ਇਸ ਨੂੰ ਸੰਵਿਧਾਨਕ ਅਧਿਕਾਰ ਮੰਨਿਆ ਗਿਆ ਹੈ। ਉਨ੍ਹਾਂ ਕਿਹਾ, ਇਸ ਲਈ, ਮੇਰੇ ਹਿਸਾਬ ਨਾਲ, ਇੱਕ ਭਾਰਤੀ ਨਾਗਰਿਕ ਦਾ ਵੋਟ ਪਾਉਣ ਦਾ ਅਧਿਕਾਰ ਬੇਸਿਕ ਸਟ੍ਰਕਚਰ ਡਾਕਟ੍ਰਿਨ ਦਾ ਹੀ ਕੇਂਦਰੀ ਹਿੱਸਾ ਹੈ।
ਉਨ੍ਹਾਂ ਇਸ ਅਧਿਕਾਰ ਨੂੰ ਭਾਰਤ ਦੇ ਆਜ਼ਾਦੀ ਸੰਘਰਸ਼ ਨਾਲ ਜੋੜਦੇ ਹੋਏ ਕਿਹਾ ਕਿ ਭਾਰਤੀ ਨਾਗਰਿਕਾਂ ਦਾ ਵੋਟ ਦੇਣ ਦਾ ਅਧਿਕਾਰ ਵਿਦੇਸ਼ੀ ਸ਼ਾਸਨ ਖ਼ਿਲਾਫ਼ ਭਾਰਤ ਦੇ ਲੰਬੇ ਸਾਲਾਂ ਦੇ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਇਹ ਇੰਨੇ ਸੰਘਰਸ਼ ਤੇ ਕੁਰਬਾਨੀ ਤੋਂ ਬਾਅਦ ਮਿਲੀ ਸਾਡੀ ਆਜ਼ਾਦੀ ਦੀ ਇੱਕ ਉਦਾਹਰਣ ਹੈ। ਆਰਟੀਕਲ 326 ਨਾਲ ਬਿਲਕੁਲ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਕੋਈ ਅਰਬਪਤੀ ਹੋ ਸਕਦਾ ਹੈ ਤੇ ਕੋਈ ਰਿਕਸ਼ਾ ਚਲਾਉਣ ਵਾਲਾ; ਫਿਰ ਵੀ ਦੋਵਾਂ ਕੋਲ ਵੋਟ ਹੋਣਗੇ ਤੇ ਉਨ੍ਹਾਂ ਦੀ ਵੋਟ ਦੀ ਕੀਮਤ ਬਰਾਬਰ ਹੋਵੇਗੀ।

SIR ਤੇ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ

ਦੂਜੇ ਪਾਸੇ, ਐਤਵਾਰ ਨੂੰ ਦਿੱਲੀ ‘ਚ ਖੱਬੇਪੱਖੀ ਵਿਦਿਆਰਥੀ ਸੰਗਠਨ ਤੇ ਵਿਰੋਧੀ ਸਿਆਸੀ ਪਾਰਟੀਆਂ ਨੇ ਜੰਤਰ-ਮੰਤਰ ਤੇ ਰਾਜਧਾਨੀ ਦੇ ਹੋਰ ਹਿੱਸਿਆਂ ‘ਚ ਪ੍ਰਦਰਸ਼ਨ ਕੀਤਾ। ਉੱਥੇ ਹੀ ਕਾਕਰੋਚ ਜਨਤਾ ਪਾਰਟੀ ਦੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਤੋਂ ਬਾਅਦ ਮੁੰਬਈ’ਚ ਸ਼ਿਵਸੇਨਾ (UBT) ਨੇਤਾ ਉੱਧਵ ਠਾਕਰੇ ਤੇ MNS ਨੇਤਾ ਰਾਜ ਠਾਕਰੇ ਨੇ ਮੁੰਬਈ ‘ਚ ਗਰਜਨਾ ਮੋਰਚਾ ਕੱਢਿਆ ਤੇ ਮੁੱਖ ਚੋਣ ਕਮਿਸ਼ਨਰ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਦਿੱਲੀ ‘ਚ ਤੀਜੇ ਦਿਨ ਵੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਕਾਰਕੁਨਾਂ ਨੇ ਅਸ਼ੋਕ ਰੋਡ ਤੇ ਆਂਧਰਾ ਭਵਨ ਸਰਕਲ ਤੋਂ ਜੰਤਰ-ਮੰਤਰ ਵੱਲ ਮਾਰਚ ਕੀਤਾ ਤੇ ਚੋਣ ਕਮਿਸ਼ਨ ਤੇ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਖ਼ਿਲਾਫ਼ ਨਾਅਰੇ ਲਗਾਏ। ਪ੍ਰਦਰਸ਼ਨ ਦੌਰਾਨ AISA ਦੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਬਾਅਦ ‘ਚ ਉਨ੍ਹਾਂ ਨੂੰ ਨਰੇਲਾ ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਤੋਂ ਰਿਹਾਅ ਕਰ ਦਿੱਤਾ ਗਿਆ।
ਦੂਜੇ ਪਾਸੇ, SIR ਪ੍ਰਕਿਰਿਆ ‘ਚ ਕਥਿਤ ਗੜਬੜੀਆਂ ਦੇ ਇਲਜ਼ਾਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ‘ਚ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਇੰਡੀਆ ਗੇਟ ਤੱਕ ਵੀ ਪਹੁੰਚ ਗਿਆ, ਜਿੱਥੇ AAP ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਤੇਜ਼

ਪੁਲਿਸ ਮੁਤਾਬਕ, ਪ੍ਰਦਰਸ਼ਨ ਦੌਰਾਨ ਘੱਟੋ-ਘੱਟ 25 AAP ਵਰਕਰਾਂ ਨੂੰ ਹਿਰਾਸਤ ‘ਚ ਲਿਆ ਗਿਆ। ਹਿਰਾਸਤ ‘ਚ ਲਏ ਗਏ ਨੇਤਾਵਾਂ ‘ਚ AAP ਦੀ ਦਿੱਲੀ ਇਕਾਈ ਦੇ ਮੁਖੀ ਸੌਰਭ ਭਾਰਦਵਾਜ ਤੇ ਵਿਧਾਇਕ ਸੰਜੀਵ ਝਾਅ ਵੀ ਸ਼ਾਮਲ ਹਨ। ਸੌਰਭ ਭਾਰਦਵਾਜ ਨੇ ਇਲਜ਼ਾਮ ਲਗਾਇਆ ਕਿ ਹਿਰਾਸਤ ‘ਚ ਲੈਂਦੇ ਸਮੇਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਉਲਟਾ ਕਰ ਦਿੱਤਾ, ਤਾਂ ਜੋ ਕੈਮਰੇ ਕਾਰਵਾਈ ਨੂੰ ਰਿਕਾਰਡ ਨਾ ਕਰ ਸਕਣ। ਉੱਥੇ ਹੀ ਸੰਜੀਵ ਝਾਅ ਨੇ ਕਿਹਾ ਕਿ ਵੋਟਿੰਗ ਅਧਿਕਾਰਾਂ ਨਾਲ ਜੁੜੇ ਸਵਾਲਾਂ ਨੂੰ ਚੁੱਪੀ, ਦਬਾਅ ਜਾਂ ਪੁਲਿਸ ਕਾਰਵਾਈ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ।
SIR ‘ਚ ਕਥਿਤ ਗੜਬੜੀਆਂ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਇੰਡੀਅਨ ਯੂਥ ਕਾਂਗਰਸ ਨੇ ਵੀ ਦਿੱਲੀ ‘ਚ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਦੇ ਕਾਰਕੁਨਾਂ ਨੇ ਆਪਣੇ ਦਫ਼ਤਰ ਤੋਂ ਜੰਤਰ-ਮੰਤਰ ਵੱਲ ਮਾਰਚ ਸ਼ੁਰੂ ਕੀਤਾ, ਪਰ ਕੁਝ ਦੂਰ ਅੱਗੇ ਵਧਣ ਤੇ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ।
ਵਿਰੋਧ ਪ੍ਰਦਰਸ਼ਨ ਦੌਰਾਨ ਇੰਡੀਅਨ ਯੂਥ ਕਾਂਗਰਸ ਵੱਲੋਂ ਮਸ਼ਾਲ ਜਲੂਸ ਤੇ ਕੈਂਡਲ ਮਾਰਚ ਵੀ ਕੱਢਿਆ ਗਿਆ। ਸੰਗਠਨ ਦੇ ਪ੍ਰਧਾਨ ਉਦਯਭਾਨੁ ਚਿਬ ਨੇ SIR ਪ੍ਰਕਿਰਿਆ ‘ਚ ਗੜਬੜੀ ਦਾ ਇਲਜ਼ਾਮ ਲਗਾਉਂਦੇ ਹੋਏ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅੰਦੋਲਨ ਜਾਰੀ ਰਹੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments