ਫ਼ਿਰੋਜ਼ਪੁਰ ਮੰਡਲ ਅਧੀਨ ਪੈਂਦੇ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ ਤੇ ਬੋਗੀ ਪੈਟਰੋਲ ਟੈਂਕ ਵੈਗਨ (ਬੀਟੀਪੀਐੱਨ) ਯਾਨੀ ਤੇਲ ਵਾਲੀ ਮਾਲਗੱਡੀ ਨੂੰ ਅੱਗੇ ਰਵਾਨਾ ਕਰਨ ਨੂੰ ਲੈ ਕੇ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਅਤੇ ਟ੍ਰੇਨ ਮੈਨੇਜਰ (ਗਾਰਡ) ਰਵੀ ਕੁਮਾਰ ਵਿਚਾਲੇ ਤਿੱਖੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਬੀਤੇ ਵੀਰਵਾਰ ਦੀ ਹੈ, ਜਦੋਂ ਲੋਹੀਆਂ ਖ਼ਾਸ ਸਟੇਸ਼ਨ ਤੇ ਬੀਟੀਪੀਐੱਨ ਰੇਲਗੱਡੀ ਨੂੰ ਰੋਕਿਆ ਗਿਆ ਸੀ। ਇਸ ਦੌਰਾਨ ਜਦੋਂ ਟ੍ਰੇਨ ਮੈਨੇਜਰ ਰਵੀ ਕੁਮਾਰ ਗੱਡੀ ਨੂੰ ਚਲਾਉਣ ਸਬੰਧੀ ਗੱਲਬਾਤ ਕਰਨ ਲਈ ਸਟੇਸ਼ਨ ਸੁਪਰਡੈਂਟ ਦੇ ਦਫ਼ਤਰ ਪੁੱਜੇ, ਤਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਦੋਸ਼ ਹੈ ਕਿ ਗੱਲਬਾਤ ਦੌਰਾਨ ਤੈਸ਼ ਵਿੱਚ ਆਏ ਸਟੇਸ਼ਨ ਸੁਪਰਡੈਂਟ ਨੇ ਟ੍ਰੇਨ ਮੈਨੇਜਰ ਤੇ ਡੰਡੇ ਨਾਲ ਹਮਲਾ ਕਰ ਕੇ ਉਸ ਦੀ ਕੁੱਟਮਾਰ ਕਰ ਦਿੱਤੀ।
ਰੇਲਵੇ ਨੇ ਸਟੇਸ਼ਨ ਸੁਪਰਡੈਂਟ ਕੀਤਾ ਮੁਅੱਤਲ
ਇਸ ਪੂਰੇ ਘਟਨਾਕ੍ਰਮ ਦਾ ਗੰਭੀਰ ਨੋਟਿਸ ਲੈਂਦਿਆਂ ਫ਼ਿਰੋਜ਼ਪੁਰ ਮੰਡਲ ਰੇਲਵੇ ਨੇ ਤੁਰੰਤ ਵੱਡੀ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਰੇਲਵੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਨੂੰ ਤਤਕਾਲ ਪ੍ਰਭਾਵ ਨਾਲ ਸਸਪੈਂਡ (ਮੁਅੱਤਲ) ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਵਿਚਾਲੇ ਅਜਿਹੀ ਹਿੰਸਕ ਅਤੇ ਗ਼ੈਰ-ਜ਼ਿੰਮੇਵਾਰਾਨਾ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਫ਼ਿਰੋਜ਼ਪੁਰ ਮੰਡਲ ਤਲਬ, ਉੱਚ ਪੱਧਰੀ ਜਾਂਚ ਕਮੇਟੀ ਗਠਿਤ
ਰੇਲਵੇ ਸਟੇਸ਼ਨ ਤੇ ਹੋਈ ਇਸ ਹਿੰਸਕ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਰੇਲਵੇ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨੂੰ ਫ਼ਿਰੋਜ਼ਪੁਰ ਡਵੀਜ਼ਨਲ ਹੈੱਡਕੁਆਰਟਰ ਵਿਖੇ ਤਲਬ ਕੀਤਾ ਸੀ। ਡਵੀਜ਼ਨਲ ਆਪ੍ਰੇਸ਼ਨਲ ਮੈਨੇਜਰ (ਡੀਓਐੱਮ) ਗੁਰਸ਼ਰਨ ਪਾਠਕ ਵੱਲੋਂ ਪੂਰੇ ਘਟਨਾਕ੍ਰਮ ਦੀ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਕਾਇਮ ਕੀਤੀ ਗਈ ਹੈ। ਇਸ ਜਾਂਚ ਕਮੇਟੀ ਵਿੱਚ ਸੀਨੀਅਰ ਡੀਓਐੱਮ ਹਰਮੀਤ ਸਿੰਘ ਅਤੇ ਟ੍ਰੈਫ਼ਿਕ ਇੰਸਪੈਕਟਰ (ਟੀਆਈ) ਨਿਤਿਨ ਬਬੂਟਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰਕੇ ਆਪਣੀ ਵਿਸਥਾਰਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣਗੇ।
ਆਲ ਇੰਡੀਆ ਟ੍ਰੇਨ ਗਾਰਡ ਕੌਂਸਲ ਵੱਲੋਂ ਤਿੱਖਾ ਰੋਸ
ਡਿਊਟੀ ਦੌਰਾਨ ਟ੍ਰੇਨ ਮੈਨੇਜਰ ਨਾਲ ਹੋਈ ਬਦਸਲੂਕੀ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਰੇਲਵੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਫੈਲ ਗਿਆ ਸੀ। ਆਲ ਇੰਡੀਆ ਟ੍ਰੇਨ ਗਾਰਡ ਕੌਂਸਲ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਤਿੱਖਾ ਰੁਖ਼ ਅਖ਼ਤਿਆਰ ਕਰਨ ਅਤੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਸੀ। ਯੂਨੀਅਨ ਆਗੂਆਂ ਨੇ ਮੁਲਜ਼ਮ ਅਧਿਕਾਰੀ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਸੀ। ਇਸ ਵਿਰੋਧ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੀ ਪ੍ਰਸ਼ਾਸਨ ਨੇ ਸਟੇਸ਼ਨ ਸੁਪਰਡੈਂਟ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਲਿਆ।