Thursday, October 15, 2026
Google search engine
HomeDeshਅਮਰੀਕੀ ਵਫ਼ਦ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਜਥੇਦਾਰ ਤੇ SGPC...

ਅਮਰੀਕੀ ਵਫ਼ਦ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਜਥੇਦਾਰ ਤੇ SGPC ਪ੍ਰਧਾਨ ਨੇ ਕੀਤਾ ਸਵਾਗਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿਖੇ ਅਮਰੀਕੀ ਉੱਚ ਪੱਧਰੀ ਵਫ਼ਦ ਨੇ ਨਤਮਸਤਕ ਹੋ ਕੇ ਮੱਥਾ ਟੇਕਿਆ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਵਫ਼ਦ ‘ਚ ਭਾਰਤ ‘ਚ ਅਮਰੀਕੀ ਦੂਤਾਵਾਸ ਦੇ ਸੀਨੀਅਰ ਡਿਪਲੋਮੈਟ ਸਰਜੀਓ ਗੋਰ ਤੇ ਹੋਰ ਅਮਰੀਕੀ ਨੁਮਾਇੰਦੇ ਸ਼ਾਮਲ ਰਹੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕੀ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਿੱਖ ਭਾਈਚਾਰੇ ਨਾਲ ਜੁੜੇ ਵੱਖ-ਵੱਖ ਵਿਚਾਰਧਾਰਕ, ਧਾਰਮਿਕ ਤੇ ਸਮਕਾਲੀ ਮੁੱਦਿਆਂ ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਇਸ ਪਵਿੱਤਰ ਨਗਰੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪੂਰੀ ਮਨੁੱਖਤਾ ਨੂੰ ਬਰਾਬਰੀ ਤੇ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਚਾਰਾਂ ਵਰਣਾਂ- ਖੱਤਰੀ, ਬ੍ਰਾਹਮਣ, ਸੂਦਰ, ਵੈਸ਼, ਨੂੰ ਇੱਕੋ ਜਿਹੀ ਨਜ਼ਰ ਨਾਲ ਦੇਖਣ ਤੇ ਸਾਰਿਆਂ ‘ਚ ਪਰਮਾਤਮਾ ਦਾ ਨੂਰ ਪਛਾਣਨ ਦੀ ਸਿੱਖਿਆ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਅਮਰੀਕੀ ਨੁਮਾਇੰਦਿਆਂ ਨਾਲ ਮਨੁੱਖੀ ਅਧਿਕਾਰਾਂ ਤੇ ਬਰਾਬਰੀ ਦੇ ਸਿਧਾਂਤਾਂ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ। ਅਮਰੀਕਾ ਦੇ 1776 ਦੇ ਆਜ਼ਾਦੀ ਦੇ ਐਲਾਨਨਾਮੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਮਰੀਕੀ ਸੰਵਿਧਾਨ ‘ਚ All men are created equal (ਸਾਰੇ ਮਨੁੱਖ ਜਨਮ ਤੋਂ ਬਰਾਬਰ ਬਣਾਏ ਗਏ ਹਨ) ਦੀ ਗੱਲ ਕੀਤੀ ਗਈ ਹੈ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਦੀਆਂ ਪਹਿਲਾਂ ਫਰਮਾਇਆ ਸੀ- ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇਸ ਤਰ੍ਹਾਂ ਸਿਧਾਂਤਕ ਪੱਧਰ ਤੇ ਸਿੱਖ ਫਲਸਫ਼ਾ ਤੇ ਅਮਰੀਕੀ ਲੋਕਤੰਤਰੀ ਮੁੱਲਾਂ ‘ਚ ਡੂੰਘੀ ਸਮਾਨਤਾ ਨਜ਼ਰ ਆਉਂਦੀ ਹੈ।

ਸਿੱਖਾਂ ਤੇ ਅਮਰੀਕਾ ਦੇ ਇਤਿਹਾਸਕ ਸਬੰਧਾਂ ਦਾ ਵੀ ਹੋਇਆ ਜ਼ਿਕਰ

ਜਥੇਦਾਰ ਗੜਗੱਜ ਨੇ ਸਿੱਖਾਂ ਅਤੇ ਅਮਰੀਕਾ ਦੇ ਇਤਿਹਾਸਕ ਸਬੰਧਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੌਰਾਨ ਵੀ ਅਮਰੀਕੀ ਮੂਲ ਦੇ ਅਧਿਕਾਰੀ ਸਿੱਖ ਫੌਜ ਅਤੇ ਤੋਪਖਾਨੇ ‘ਚ ਉੱਚ ਅਹੁਦਿਆਂ ਤੇ ਸੇਵਾ ਨਿਭਾਉਂਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਵੀ ਅਮਰੀਕਾ ‘ਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੱਸਦੇ ਹਨ ਤੇ ਉੱਥੋਂ ਦੇ ਵਿਕਾਸ ‘ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਅਮਰੀਕੀ ਵਫ਼ਦ ਨੇ ਵੀ ਗੁਰੂ ਘਰ ਦੇ ਦਰਸ਼ਨ ਕਰਕੇ ਆਤਮਿਕ ਸ਼ਾਂਤੀ ਮਿਲਣ ਦੀ ਗੱਲ ਕਹੀ ਤੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਭਵਿੱਖ ‘ਚ ਸਿੱਖ ਜਗਤ ਨਾਲ ਜੁੜਾਅ ਤੇ ਪ੍ਰੋਜੈਕਟਾਂ ਨੂੰ ਲੈ ਕੇ ਸੰਵਾਦ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ।

ਧਾਮੀ ਨੇ ਕਿਹਾ- ਅਮਰੀਕੀ ਵਫ਼ਦ ਦੀ ਯਾਤਰਾ ਰਹੀ ਸਕਾਰਾਤਮਕ

ਉਥੇ ਹੀ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਮਰੀਕੀ ਵਫ਼ਦ ਦੀ ਇਹ ਯਾਤਰਾ ਬੇਹੱਦ ਸਕਾਰਾਤਮਕ ਰਹੀ। ਉਨ੍ਹਾਂ ਕਿਹਾ ਕਿ ਅਮਰੀਕੀ ਡਿਪਲੋਮੈਟ ਨੇ ਲਗਭਗ 15 ਸਾਲ ਪਹਿਲਾਂ ਆਪਣੇ ਮਾਤਾ-ਪਿਤਾ ਨਾਲ ਦਰਬਾਰ ਸਾਹਿਬ ਆਉਣ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਧਾਮੀ ਨੇ ਸਪੱਸ਼ਟ ਕੀਤਾ ਕਿ ਮੀਟਿੰਗ ਦੌਰਾਨ ਕੋਈ ਰਸਮੀ ਮੰਗ ਪੱਤਰ ਤਾਂ ਨਹੀਂ ਦਿੱਤਾ ਗਿਆ, ਪਰ ਸਿੱਖ ਕੌਮ ਨਾਲ ਜੁੜੇ ਵੱਖ-ਵੱਖ ਮੁੱਦਿਆਂ, ਵਿਦੇਸ਼ਾਂ ‘ਚ ਸਿੱਖਾਂ ਦੀ ਪਛਾਣ ਤੇ ਭਾਈਚਾਰੇ ਨਾਲ ਜੁੜੇ ਮਾਮਲਿਆਂ ਤੇ ਆਪਸੀ ਸੰਵਾਦ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਿੱਖਾਂ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਤੇ ਹਾਲ ਹੀ ‘ਚ ਸਾਹਮਣੇ ਆਈਆਂ ਵਿਵਾਦਿਤ ਤਸਵੀਰਾਂ ਨੂੰ ਤੁਰੰਤ ਹਟਾਏ ਜਾਣ ਦੇ ਮਾਮਲੇ vਚ ਅਮਰੀਕੀ ਨੁਮਾਇੰਦਿਆਂ ਦਾ ਧੰਨਵਾਦ ਵੀ ਕੀਤਾ।

LPU ਤੇ ਚਿਤਕਾਰਾ ਯੂਨੀਵਰਸਿਟੀ ਦੀਆਂ ਘਟਨਾਵਾਂ ਤੇ ਜਤਾਈ ਚਿੰਤਾ

ਹਾਲ ਹੀ ‘ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਅਤੇ ਚਿਤਕਾਰਾ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ, ਭੰਨਤੋੜ ਅਤੇ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੂੰਘੀ ਚਿੰਤਾ ਪ੍ਰਗਟਾਈ।
ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਹਿੰਸਾ, ਭੰਨਤੋੜ ਅਤੇ ਅੱਗਜ਼ਨੀ ਪੰਜਾਬ ਦਾ ਸੁਭਾਅ ਕਦੇ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਇਤਿਹਾਸ ‘ਚ ਵੱਡੇ-ਵੱਡੇ ਲੋਕਤੰਤਰੀ ਤੇ ਸ਼ਾਂਤਮਈ ਸੰਘਰਸ਼ ਕੀਤੇ ਹਨ, ਪਰ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹੈ।
ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਅਸ਼ਾਂਤੀ ਫੈਲਾਉਣ ਵਾਲੇ ਕੌਣ ਲੋਕ ਹਨ ਅਤੇ ਇਸ ਪਿੱਛੇ ਕੀ ਮਕਸਦ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੈਂਪਸ ‘ਚ ਜਲਦ ਤੋਂ ਜਲਦ ਸ਼ਾਂਤੀ ਬਹਾਲ ਕਰਨ ਲਈ ਠੋਸ ਯਤਨ ਕਰਨ ਦੀ ਨਸੀਹਤ ਦਿੱਤੀ। ਉਥੇ ਹੀ SGPC ਪ੍ਰਧਾਨ ਧਾਮੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਜਦੋਂ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਰੋਸ ਪੈਦਾ ਹੁੰਦਾ ਹੈ, ਪਰ ਕਾਨੂੰਨ-ਵਿਵਸਥਾ ਤੇ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਵੀ ਬੇਹੱਦ ਜ਼ਰੂਰੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments