ਕਾਂਗਰਸ ਆਗੂ ਸੁਖਵਿੰਦਰ ਕੋਟਲੀ ਨੇ ਉੱਤਰਾਖੰਡ ‘ਚ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਦਾ ਵੀ ਵਿਰੋਧ ਕੀਤਾ।
ਜਲੰਧਰ ‘ਚ ਅੱਜ ਪੰਜਾਬ ਕਾਂਗਰਸ ਵੱਲੋਂ ਉੱਤਰਾਖੰਡ ਦੇ ਹਲਦਵਾਨੀ ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕਥਿਤ ਤੌਰ ‘ਤੇ ਮੰਚ ਦੇ ‘ਸ਼ੁੱਧੀਕਰਨ’ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਐਫਆਈਆਰ ਦੇ ਵਿਰੋਧ ‘ਚ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂਆਂ ਨੇ ਦੇਸ਼ਭਗਤ ਯਾਦਗਾਰ ਹਾਲ ‘ਚ ਭਾਜਪਾ ‘ਤੇ ਜਾਤੀਵਾਦ ਦੀ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਸਿਆਸੀ ਆਗੂ ਦੇ ਅਪਮਾਨ ਤੱਕ ਸੀਮਤ ਨਹੀਂ ਹੈ।
ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਮੁਹੰਮਦ ਸਦੀਕ ਤੇ ਪਰਗਟ ਸਿੰਘ ਸਮੇਤ ਹੋਰ ਆਗੂ ਮੌਜੂਦ ਰਹੇ। ਕਾਂਗਰਸ ਆਗੂਆਂ ਨੇ ਕਿਹਾ ਕਿ ‘ਸ਼ੁੱਧੀਕਰਨ’ ਦੀ ਘਟਨਾ ਸੰਵਿਧਾਨ ‘ਚ ਦਰਜ ਬਰਾਬਰੀ ਦੇ ਅਧਿਕਾਰ ਤੇ ਸਮਾਜਿਕ ਸਮਾਨਤਾ ਦੀ ਭਾਵਨਾ ‘ਤੇ ਸਿੱਧ ਹਮਲਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਦੇਸ਼ ‘ਚ ਜਾਤੀ ਤੇ ਧਰਮ ਦੇ ਆਧਾਰ ‘ਤੇ ਲੋਕਾਂ ਨੂੰ ਵੰਡਣ ਦੀ ਸਿਆਸਤ ਕੀਤੀ ਜਾ ਰਹੀ ਹੈ।
ਹਲਦਵਾਨੀ ਦੀ ਘਟਨਾ ਨੂੰ ਲੈ ਕੇ ਕਾਂਗਰਸ ‘ਚ ਰੋਸ
ਆਦਮਪੁਰ ਤੋਂ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉੱਤਰਾਖੰਡ ਦੇ ਹਲਦਵਾਨੀ ਦੇ ਰਾਮਲੀਲਾ ਮੈਦਾਨ ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਹੋਈ ਸੀ ਰੈਲੀ ਤੋਂ ਬਾਅਦ ਭਾਜਪਾ ਵੱਲੋਂ ਮੰਚ ਦਾ ‘ਸ਼ੁੱਧੀਕਰਨ’ ਕੀਤਾ ਗਿਆ, ਜਿਸ ਕਾਰਨ ਪਾਰਟੀ ਵਰਕਰਾਂ ‘ਚ ਰੋਸ ਹੈ ਕੋਟਲੀ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ, ਜਿੱਥੇ ‘ਸੰਗਤ ਤੇ ਪੰਗਤ’ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ‘ਚ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਗਿਆ ਹੈ। ਅਜਿਹੀਆਂ ਘਟਨਾਵਾਂ ਗਰੀਬ ਤੇ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।
ਰਾਹੁਲ ਗਾਂਧੀ ਖ਼ਿਲਾਫ਼ ਐਫਆਈਆਰ ਤੇ ਵੀ ਨਿਸ਼ਾਨਾ
ਕਾਂਗਰਸ ਆਗੂ ਨੇ ਉੱਤਰਾਖੰਡ ‘ਚ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਦਾ ਵੀ ਵਿਰੋਧ ਕੀਤਾ। ਸੁਖਵਿੰਦਰ ਕੋਟਲੀ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜਾਤੀਵਾਦ ਅਤੇ ਭੇਦਭਾਵ ਦੇ ਮੁੱਦੇ ‘ਤੇ ਆਵਾਜ਼ ਚੁੱਕਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ।
ਕੋਟਲੀ ਨੇ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਇਸ ਮੁੱਦੇ ‘ਤੇ ਪਿੱਛੇ ਨਹੀਂ ਹਟੇਗੀ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਕੋਲ ਹਿੰਮਤ ਹੈ ਤਾਂ ਰਾਹੁਲ ਗਾਂਧੀ ਨੂੰ ਗ੍ਰਿਫ਼ਤਾਰ ਕਰਕੇ ਦਿਖਾਏ।
ਕਾਂਗਰਸ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਮੁਸ਼ਕਲਾਂ ਤੇ ਹੋਰ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਜਾਤੀ ਤੇ ਧਰਮ ਦੀ ਰਾਜਨੀਤੀ ਕਰ ਰਹੀ ਹੈ।