Jalandhar News : ਜਾਨ ਗਵਾਉਣ ਵਾਲਾ ਨੌਜਵਾਨ ਦੀਵਾਲੀ ਤੋਂ ਪਹਿਲਾਂ ਜਲੰਧਰ ਸਥਿਤ ਆਪਣੇ ਘਰ ਆਇਆ ਸੀ। ਦੀਵਾਲੀ ਤੋਂ ਬਾਅਦ ਉਹ ਫਿਰ ਫਿਲੀਪੀਨਜ਼ ਚਲਾ ਗਿਆ। ਹੁਣ ਕਤਲ ਦੀ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
Jalandhar News : ਜਲੰਧਰ ਜ਼ਿਲ੍ਹੇ ਦੇ ਲੋਹੀਆ ਕਸਬੇ ਦੇ ਇੱਕ ਨੌਜਵਾਨ ਦੀ ਫਿਲੀਪੀਨਜ਼ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜੋਗਾ ਸਿੰਘ ਡੋਲ ਪ੍ਰਧਾਨ ਰੋਟਰੀ ਕਲੱਬ ਲੋਹੀਆਂ ਨੇ ਦੱਸਿਆ ਕਿ ਉਸ ਦੇ ਭਰਾ ਰਣਜੀਤ ਸਿੰਘ ਉਰਫ਼ ਰਾਣਾ ਦੀ ਫਿਲੀਪੀਨਜ਼ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਦੋ ਵਿਅਕਤੀਆਂ ਨੇ ਚਲਾ ਦਿੱਤੀਆਂ ਗੋਲੀਆਂ
ਮ੍ਰਿਤਕ ਰਾਣਾ ਦੇ ਚਾਚਾ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਜਦੋਂ ਉਸ ਦਾ ਭਤੀਜਾ ਰਣਜੀਤ ਰਾਣਾ (33) ਪੁੱਤਰ ਰੇਸ਼ਮ ਸਿੰਘ ਆਪਣੇ ਕਸਬੇ ਸੰਬਲੋ ਤੋਂ ਕਸਬਾ ਚਾਓ ਵਿਖੇ ਇਕ ਦੁਕਾਨ ’ਤੇ ਕੰਮ ਕਰਨ ਲਈ ਆਇਆ ਤਾਂ ਅਚਾਨਕ ਪਿੱਛੇ ਤੋਂ ਆ ਰਹੇ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਰਣਜੀਤ ਰਾਣਾ ਦੀ ਪਿੱਠ ਵਿੱਚ ਲੱਗੀ ਅਤੇ ਇੱਕ ਉਸ ਦੀ ਛਾਤੀ ਵਿੱਚੋਂ ਦੀ ਲੰਘ ਗਈ। ਰਣਜੀਤ ਰਾਣਾ ਉਥੇ ਹੀ ਡਿੱਗ ਪਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕਾਤਲਾਂ ਨੇ ਮੌਕੇ ਤੋਂ ਨਹੀਂ ਕੀਤੀ ਕੋਈ ਲੁੱਟ-ਖੋਹ
ਹਾਲਾਂਕਿ ਕਾਤਲਾਂ ਨੇ ਮੌਕੇ ਤੋਂ ਕੋਈ ਲੁੱਟ-ਖੋਹ ਨਹੀਂ ਕੀਤੀ। ਲੱਗਦਾ ਹੈ ਕਿ ਉਸ ਦਾ ਇਰਾਦਾ ਰਣਜੀਤ ਰਾਣਾ ਨੂੰ ਮਾਰਨ ਦਾ ਸੀ। ਮ੍ਰਿਤਕ ਰਣਜੀਤ ਰਾਣਾ ਕਾਫੀ ਸਮੇਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਉਹ ਦੀਵਾਲੀ ਤੋਂ ਪਹਿਲਾਂ ਲੋਹੀਆਂ ਆਇਆ ਅਤੇ ਦੀਵਾਲੀ ਤੋਂ ਬਾਅਦ ਲੋਹੀਆਂ ਤੋਂ ਮਨੀਲਾ ਚਲਾ ਗਿਆ। ਉਸ ਦਾ ਤਿੰਨ ਮਹੀਨੇ ਬਾਅਦ ਫਰਵਰੀ 2024 ਵਿੱਚ ਵਿਆਹ ਹੋਣ ਵਾਲਾ ਸੀ।





