Sunday, October 18, 2026
Google search engine
Homelatest Newsਖ਼ਿਤਾਬੀ ਮੁਕਾਬਲੇ ’ਚ ਨਿਊਜ਼ੀਲੈਂਡ ਖਿਡਾਰਨਾਂ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਪਹਿਲੀ...

ਖ਼ਿਤਾਬੀ ਮੁਕਾਬਲੇ ’ਚ ਨਿਊਜ਼ੀਲੈਂਡ ਖਿਡਾਰਨਾਂ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਜੱਸ ਖੱਟਿਆ|

ਇਸ ਵਿਸ਼ਵ-ਵਿਆਪੀ ਮਹਿਲਾ ਟੂਰਨਾਮੈਂਟ ਤੋਂ ਪਹਿਲਾਂ ਕੀਵੀ ਮਹਿਲਾ ਟੀਮ ਨੂੰ ਲਗਾਤਾਰ 10 ਟੀ-20 ਮੈਚਾਂ ’ਚ ਵਿਰੋਧੀ ਦੇਸ਼ਾਂ ਦੀਆਂ ਮਹਿਲਾ ਟੀਮਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ|

ਅਰਬ ਦੇਸ਼ ਯੂਏਈ ਦੇ ਵੱਡੇ ਸ਼ਹਿਰ ਦੁੱਬਈ ’ਚ ਖੇਡੇ ਗਏ ਮਹਿਲਾ ਟੀ-20 ਕ੍ਰਿਕਟ ਵਰਲਡ ਕੱਪ ਦੇ ਖ਼ਿਤਾਬੀ ਮੁਕਾਬਲੇ ’ਚ ਨਿਊਜ਼ੀਲੈਂਡ ਦੀਆਂ ਖਿਡਾਰਨਾਂ ਨੇ ਦੱਖਣੀ ਅਫ਼ਰੀਕੀ ਟੀਮ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਜੱਸ ਖੱਟਿਆ| ਜੇਤੂ ਕੀਵੀ ਮਹਿਲਾ ਕ੍ਰਿਕਟ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਗੁਆਉਣ ਸਦਕਾ 158 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ ਗਿਆ| ਇਸ ਦੇ ਜਵਾਬ ’ਚ ਦੱਖਣੀ ਅਫ਼ਰੀਕੀ ਮਹਿਲਾ ਖਿਡਾਰਨਾਂ 9 ਵਿਕਟਾਂ ’ਤੇ 126 ਦੌੜਾਂ ’ਤੇ ਢੇਰ ਹੋ ਗਈਆਂ, ਜਿਸ ਸਦਕਾ ਅਫ਼ਰੀਕਨ ਟੀਮ ਨੂੰ ਲਗਾਤਾਰ ਦੂਜੀ ਵਾਰ ਮਹਿਲਾ ਟੀ-20 ਕ੍ਰਿਕਟ ਸੰਸਾਰ ਕੱਪ ’ਚ ਖ਼ਿਤਾਬੀ ਮੁਕਾਬਲਾ ਹਾਰਨ ਦੀ ਨਮੋਸ਼ੀ ਝੱਲਣੀ ਪਈ| ਸਾਲ-2023 ’ਚ ਖੇਡੇ ਗਏ ਟੀ-20 ਕ੍ਰਿਕਟ ਮਹਿਲਾ ਆਲਮੀ ਕੱਪ ’ਚ ਦੱਖਣੀ ਅਫ਼ਰੀਕਾ ਦੀਆਂ ਮਹਿਲਾਵਾਂ ਆਸਟਰੇਲੀਆ ਤੋਂ ਫਾਈਨਲ ਹਾਰਨ ਸਦਕਾ ਉਪ-ਜੇਤੂ ਹੀ ਬਣ ਸਕੀਆਂ ਸਨ| ਕਰੰਟ ਦੁੱਬਈ ਮਹਿਲਾ ਟੀ-20 ਕ੍ਰਿਕਟ ਸੰਸਾਰ ਕੱਪ ’ਚ ਨਿਊਜ਼ੀਲੈਂਡ ਤੋਂ ਦੱਖਣੀ ਅਫ਼ਰੀਕੀ ਟੀਮ ਨੇ 32 ਦੌੜਾਂ ਨਾਲ ਪਛੜਨ ਸਦਕਾ ਖ਼ਿਤਾਬ ਗੁਆਇਆ ਹੈ ਜਦੋਂਕਿ ਇਕ ਸਾਲ ਪਹਿਲਾਂ ਦੱਖਣੀ ਅਫ਼ਰੀਕਾ ਦੀਆਂ ਘਰੇਲੂ ਪਿੱਚਾਂ ’ਤੇ ਖੇਡੇ ਗਏ ਟੀ-20 ਕ੍ਰਿਕਟ ਕਪ ’ਚ ਆਸਟਰੇਲੀਆ ਦੀ ਮਹਿਲਾ ਮਹਿਮਾਨ ਟੀਮ ਨੇ ਮੇਜ਼ਬਾਨ ਦੱਖਣੀ ਅਫ਼ਰੀਕਨ ਮਹਿਲਾ ਖਿਡਾਰਨਾਂ ਨੂੰ 19 ਦੌੜਾਂ ਨਾਲ ਹਰਾ ਕੇ ਉਪ-ਜੇਤੂ ਬਣਨ ਲਈ ਮਜਬੂਰ ਕੀਤਾ ਸੀ| ਸੰਯੁਕਤ ਅਰਬ ਅਮੀਰਾਤ ਦੇ ਪ੍ਰਸਿੱਧ ਸ਼ਹਿਰ ਦੁੱਬਈ ’ਚ ਖੇਡੇ 3 ਤੋਂ 20 ਅਕਤੂਬਰ ਤੱਕ ਖੇਡੇ ਗਏ 9ਵੇਂ ਮਹਿਲਾ ਟੀ-20 ਕ੍ਰਿਕਟ ਸੰਸਾਰ ਕੱਪ ਦੇ ਫਾਈਨਲ ’ਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਖੇਡਦਿਆਂ 5 ਵਿਕਟਾਂ ’ਤੇ 158 ਦੌੜਾਂ ਬਣਾਈਆਂ, ਜਿਸ ’ਚ ਹਰਫ਼ਨਮੌਲਾ ਖਿਡਾਰਨ ਕੇਰ ਅਮੇਲੀਆ 43 ਦੌੜਾਂ ਸ਼ਾਮਿਲ ਹਨ| ਕੇਰ ਤੋਂ ਇਲਾਵਾ ਕੀਵੀ ਟੀਮ ਦੇ ਸਕੋਰ ’ਚ ਸੂਜ਼ੀ ਬੇਟਸ 32 ਤੇ ਬਰੂਕ ਹਾਲੀਡੇ ਵਲੋਂ 38 ਦੌੜਾਂ ਦਾ ਯੋਗਦਾਨ ਪਾਇਆ ਗਿਆ| ਕੀਵੀ ਟੀਮ ਵਲੋਂ ਦਿੱਤੇ 159 ਦੌੜਾਂ ਬਣਾਉਣ ਦੇ ਟੀਚੇ ਦਾ ਪਿੱਛਾ ਕਰਦਿਆਂ ਅਫ਼ਰੀਕਨ ਬੱਲੇਬਾਜ਼ਾਂ ਕਪਤਾਨ ਲਾਰਾ ਵੋਲਵਾਰਟ ਤੇ ਤਜਮਿਨ ਬ੍ਰਿਟਸ ਵੱਲੋਂ ਚੰਗੀ ਸ਼ੁਰੂਆਤ ਕਰਦਿਆਂ 6.4 ਓਵਰਾਂ ’ਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ’ਤੇ 51 ਦੌੜਾਂ ਜੋੜੀਆਂ ਗਈਆਂ| ਦੱਖਣੀ ਅਫ਼ਰੀਕੀ ਟੀਮ ਨੂੰ ਪਹਿਲਾ ਝਟਕਾ ਬ੍ਰਿਟਿਸ਼ ਤਜਮਿਨ ਦੇ 17 ਦੇ ਸਕੋਰ ’ਤੇ ਆਊਟ ਹੋਣ ਤੋਂ ਲਗਿਆ| ਪਹਿਲੀ ਵਿਕਟ ਗਿਰਨ ਤੋਂ ਬਾਅਦ ਕਪਤਾਨ ਲਾਰਾ ਵੀ 10ਵੇਂ ਓਵਰ ’ਚ 33 ਦੌੜਾਂ ਬਣਾ ਕੇ ਆਊਟ ਹੋ ਗਈ| ਲਾਰਾ ਤੇ ਬ੍ਰਿਟਸ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਅਫ਼ਰੀਕਨ ਟੀਮ ਦੀ ਹੋਰ ਕੋਈ ਬੱਲੇਬਾਜ਼ ਕੀਵੀ ਗੇਂਦਬਾਜ਼ੀ ਦਾ ਡੱਟ ਕੇ ਸਾਹਮਣਾ ਨਹੀਂ ਕਰ ਸਕੀ| ਇਸ ਦਾ ਸਿੱਟਾ ਇਹ ਹੋਇਆ ਕਿ ਉਪ-ਜੇਤੂ ਨਾਮਜ਼ਦ ਹੋਈ ਦੱਖਣੀ ਅਫ਼ਰੀਕੀ ਟੀਮ 20 ਓਵਰਾਂ ’ਚ 9 ਵਿਕਟਾਂ ’ਤੇ 129 ਦੌੜਾਂ ਹੀ ਬਣਾ ਸਕੀ| ਕੀਵੀ ਟੀਮ ਦੀਆਂ ਦੋ ਗੇਂਦਬਾਜ਼ਾਂ ਕੇਰ ਅਮੇਲੀਆ ਤੇ ਮੇਰ ਰੋਜ਼ਮੈਰੀ ਨੇ ਅਫ਼ਰੀਕਨ ਟੀਮ ਦੇ 3-3 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਵਿਖਾਉਣ ’ਚ ਸਫਲਤਾ ਹਾਸਲ ਕੀਤੀ|

ਮਹਿਲਾ ਟੀ-20 ਵਿਸ਼ਵ ਕ੍ਰਿਕਟ ਕੱਪ ਦਾ ਇਤਿਹਾਸ

ਯੂਏਈ-2024 ਮਹਿਲਾ ਕ੍ਰਿਕਟ ਵਿਸ਼ਵ ਕੱਪ ’ਚ ਜਿੱਤ ਦਾ ਪਰਚਮ ਲਹਿਰਾਉਣ ਵਾਲੀ ਕੀਵੀ ਮਹਿਲਾ ਟੀਮ ਤੋਂ ਪਹਿਲਾਂ ਇਸ ਵੰਨਗੀ ’ਚ 8 ਟੀ-20 ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਸ ’ਚ ਸੱਤ ਫਾਈਨਲ ਖੇਡਣ ਵਾਲੀ ਆਸਟਰੇਲੀਆ ਦੀ ਮਹਿਲਾ ਕ੍ਰਿਕਟਰਾਂ ਨੇ ਸਭ ਤੋਂ ਵੱਧ 6 ਵਾਰ ਟਾਈਟਲ ਜਿੱਤਣ ਦਾ ਕਰਿਸ਼ਮਾ ਕੀਤਾ | ਇੰਗਲੈਂਡ ’ਚ ਖੇਡੇ ਗਏ ਪਲੇਠੇ ਮਹਿਲਾ ਟੀ-20 ਵਰਲਡ ਕਪ-2009 ’ਚ ਮੇਜ਼ਬਾਨ ਦੇਸ਼ ਦੀਆਂ ਇੰਗਲਿਸ਼ ਮਹਿਲਾਵਾਂ ਨੇ ਜਿੱਤ ਦਾ ਝੰਡਾ ਗੱਡਿਆ ਸੀ ਜਦੋਂਕਿ ਸਾਲ-2016 ’ਚ ਖੇਡੇ ਗਏ ਮਹਿਲਾ ਟੀ-20 ਆਲਮੀ ਕ੍ਰਿਕਟ ਕੱਪ ’ਚ ਜਿੱਤ ਦਾ ਦੇਵਤਾ ਵੈਸਟ ਇੰਡੀਜ਼ ਦੀਆਂ ਅਫ਼ਰੀਕਨ ਖਿਡਾਰਨਾਂ ’ਤੇ ਦਿਆਲ ਹੋਇਆ ਸੀ| ਮਹਿਲਾ ਟੀ-20 ਵਿਸ਼ਵ ਕ੍ਰਿਕਟ ਕਪ ਦੇ ਖੇਡੇ ਗਏ 9 ਟੂਰਨਾਮੈਂਟਾਂ ’ਚ ਨਿਊਜ਼ੀਲੈਂਡ ਦੀ ਮਹਿਲਾ ਬੱਲੇਬਾਜ਼ ਸੂਜ਼ੀ ਬੇਟਸ ਨੂੰ ਸਭ ਤੋਂ ਜ਼ਿਆਦਾ 1,261 ਦੌੜਾਂ ਆਪਣੇ ਖਾਤੇ ’ਚ ਜਮ੍ਹਾਂ ਕਰਨ ਦਾ ਕਮਾਲ ਕੀਤਾ ਹੋਇਆ ਹੈ| ਟੀ-20 ਸੰਸਾਰ ਕੱਪ ’ਚ ਗੇਂਦਬਾਜ਼ੀ ’ਚ ਆਸਟਰੇਲੀਅਨ ਗੇਂਦਬਾਜ਼ ਮੇਗਨ ਸ਼ੂਟ ਨੂੰ ਰਿਕਾਰਡ 48 ਵਿਕਟਾਂ ਹਾਸਿਲ ਕੀਤੀਆਂ ਹਨ|

ਵਿਸ਼ਵ ਮੁਕਾਬਲਿਆਂ ਦਾ ਸੰਖੇਪ ਵੇਰਵਾ

ਇੰਗਲੈਂਡ-2009: ਇੰਗਲੈਂਡ ’ਚ ਖੇਡੇ ਗਏ ਪਹਿਲੇ ਮਹਿਲਾ ਟੀ-20 ਵਿਸ਼ਵ ਕੱਪ ’ਚ ਮੇਜ਼ਬਾਨ ਦੇ ਖਿਡਾਰਨਾਂ ਨੇ ਮਹਿਮਾਨ ਨਿਊਜ਼ੀਲੈਂਡ ਦੀਆਂ ਕ੍ਰਿਕਟਰਾਂ ਨੂੰ ਉਪ-ਜੇਤੂ ਬਣਨ ਲਈ ਮਜਬੂਰ ਕਰਦਿਆਂ ਪਲੇਠੇ ਟੀ-20 ਕੱਪ ਦੇ ਟਾਈਟਲ ’ਤੇ ਕਬਜ਼ਾ ਜਮਾਇਆ| 2010 ’ਚ ਦੂਜੇ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕਪ ਦੇ ਫਾਈਨਲ ’ਚ ਆਸਟਰੇਲੀਆ ਦੀਆਂ ਕ੍ਰਿਕਟ ਖਿਡਾਰਨਾਂ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ

ਵੈਸਟ ਇੰਡੀਜ਼-2010: ਦੂਜੇ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਆਸਟਰੇਲੀਆ ਦੀਆਂ ਕ੍ਰਿਕਟ ਖਿਡਾਰਨਾਂ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਮਾਤ ਦੇਂਦਿਆਂ ਦੂਜਾ ਟੀ-20 ਵਿਸ਼ਵ ਕ੍ਰਿਕਟ ਕੱਪ ਦੇਸ਼ ਦੀ ਝੋਲੀ ਪਾਇਆ|

ਸ੍ਰੀਲੰਕਾ-2012: ਮਹਿਲਾ ਟੀ-20 ਵਿਸ਼ਵ ਕ੍ਰਿਕਟ ਕੱਪ ਦਾ ਤੀਜਾ ਕ੍ਰਿਕਟ ਟੂਰਨਾਮੈਂਟ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਦੇ ਮੈਦਾਨ ’ਚ 26 ਸਤੰਬਰ ਤੋਂ 7 ਅਕਤੂਬਰ ਤੱਕ 8 ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਖੇਡਿਆ ਗਿਆ| ਤੀਜੇ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਆਸਟਰੇਲੀਅਨ ਕ੍ਰਿਕਟਰਾਂ ਨੇ ਇੰਗਲੈਂਡ ਦੀਆਂ ਖਿਡਾਰਨਾਂ ਨੂੰ ਮਾਮੂਲੀ 4 ਦੌੜਾਂ ਨਾਲ ਮਾਤ ਦੇਂਦਿਆਂ ਦੂਜੀ ਵਾਰ ਟੀ-20 ਮਹਿਲਾ ਵਿਸ਼ਵ ਕ੍ਰਿਕਟ ਕੱਪ ਦੇਸ਼ ਦੀ ਝੋਲੀ ਪਾਇਆ|

ਬੰਗਲਾਦੇਸ਼-2014: ਮਹਿਲਾ ਟੀ-20 ਵਿਸ਼ਵ ਕ੍ਰਿਕਟ ਕੱਪ ਦਾ ਚੌਥਾ ਟੂਰਨਾਮੈਂਟ ਬੰਗਲਾਦੇਸ਼ ’ਚ ਸ਼ੇਰੇ ਬੰਗਲਾ ਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਪਿੱਚ ’ਤੇ 23 ਮਾਰਚ ਤੋਂ 6 ਅਪ੍ਰੈਲ ਤਕ 10 ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਖੇਡਿਆ ਗਿਆ| ਚੌਥੇ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਮਹਿਮਾਨ ਆਸਟਰੇਲੀਆ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਨੇ ਇੰਗਲੈਂਡ ਦੀਆਂ ਖਿਡਾਰਨਾਂ ਨੂੰ 6 ਦੌੜਾਂ ਨਾਲ ਮਾਤ ਦੇਂਦਿਆਂ ਦੂਜਾ ਟੀ-20 ਵਿਸ਼ਵ ਕ੍ਰਿਕਟ ਕੱਪ ਦੀਆਂ ਜਿੱਤਾਂ ਦੀ ਹੈਟਰਿਕ ਪੂਰੀ ਕੀਤੀ|

ਇੰਡੀਆ-2016: ਮਹਿਲਾ ਟੀ-20 ਵਿਸ਼ਵ ਕ੍ਰਿਕਟ ਕੱਪ ਦਾ 5ਵਾਂ ਟੂਰਨਾਮੈਂਟ ਭਾਰਤ ’ਚ 15 ਮਾਰਚ ਤੋਂ 3 ਅਪਰੈਲ ਤੱਕ 10 ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਖੇਡਿਆ ਗਿਆ| 5ਵੇਂ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਆਸਟਰੇਲੀਆ ਦੀਆਂ ਖਿਡਾਰਨਾਂ ਨੂੰ ਵੈਸਟ ਇੰਡੀਜ਼ ਦੀਆਂ ਖਿਡਾਰਨਾਂ ਨੇ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕ੍ਰਿਕਟ ਕੱਪ ਜਿੱਤਿਆ।

ਵੈਸਟ ਇੰਡੀਜ਼-2018: ਮਹਿਲਾ ਟੀ-20 ਵਿਸ਼ਵ ਕ੍ਰਿਕਟ ਕੱਪ ਦਾ 6ਵਾਂ ਟੂਰਨਾਮੈਂਟ ਵੈਸਟ ਇੰਡੀਜ਼ ਦੇ ਕ੍ਰਿਕਟ ਮੈਦਾਨਾਂ ਦੀਆਂ ਪਿੱਚਾਂ ’ਤੇ 9 ਤੋਂ 24 ਨਵੰਬਰ ਤੱਕ 10 ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਖੇਡਿਆ| ਨਵੰਬਰ-24 ਨੂੰ ਖੇਡੇ ਗਏ 6ਵੇਂ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਆਸਟਰੇਲੀਅਨ ਟੀਮ ਨੇ ਇੰਗਲੈਂਡ ਦੀਆਂ ਖਿਡਾਰਨਾਂ ਨੂੰ 8 ਵਿਕਟਾਂ ਨਾਲ ਹਰਾ ਕੇ ਦੂਜਾ ਟੀ-20 ਵਿਸ਼ਵ ਕ੍ਰਿਕਟ ਕੱਪ ਦੀ ਟਰਾਫ਼ੀ ਚੌਥੀ ਵਾਰ ਜਿੱਤੀ।

ਆਸਟਰੇਲੀਆ-2020: ਮਾਰਚ-8 ਨੂੰ ਮੈਲਬਰਨ ਕ੍ਰਿਕਟ ਮੈਦਾਨ ਦੀ ਪਿੱਚ ’ਤੇ ਖੇਡੇ 7ਵੇਂ ਟੀ-20 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਆਸਟਰੇਲੀਆ ਨੇ ਭਾਰਤੀ ਖਿਡਾਰਨਾਂ ਨੂੰ 8 ਵਿਕਟਾਂ ਨਾਲ ਹਰਾ ਕੇ ਟੀ-20 ਕੱਪ ਦਾ 5ਵਾਂ ਟਾਈਟਲ ਜਿੱਤਿਆ|

ਦੱਖਣੀ ਅਫ਼ਰੀਕਾ-2023: ਦੱਖਣੀ ਅਫ਼ਰੀਕਾ ਦੀਆਂ ਪਿੱਚਾਂ ’ਤੇ 8ਵੇਂ ਟੀ-20 ਮਹਿਲਾ ਵਿਸ਼ਵ ਕ੍ਰਿਕਟ ਕੱਪ-2023 ’ਚ ਆਸਟਰੇਲੀਅਨ ਕ੍ਰਿਕਟ ਖਿਡਾਰਨਾਂ ਨੇ ਮੇਜ਼ਬਾਨ ਅਫ਼ਰੀਕਨ ਕ੍ਰਿਕਟਰਾਂ ਨੂੰ ਘਰੇਲੂ ਮੈਦਾਨ ’ਤੇ 19 ਦੌੜਾਂ ਨਾਲ ਹਰਾਇਆ|

ਚੈਂਪੀਅਨ ਟੀਮ ਦੇ ਰੌਚਕ ਤੱਥ

• ਇਸ ਵਿਸ਼ਵ-ਵਿਆਪੀ ਮਹਿਲਾ ਟੂਰਨਾਮੈਂਟ ਤੋਂ ਪਹਿਲਾਂ ਕੀਵੀ ਮਹਿਲਾ ਟੀਮ ਨੂੰ ਲਗਾਤਾਰ 10 ਟੀ-20 ਮੈਚਾਂ ’ਚ ਵਿਰੋਧੀ ਦੇਸ਼ਾਂ ਦੀਆਂ ਮਹਿਲਾ ਟੀਮਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ| ਕ੍ਰਿਕਟ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਲਗਾਤਾਰ 10 ਮੈਚ ਹਾਰਨ ਵਾਲੀ ਕਿਸੇ ਮਹਿਲਾ ਤੇ ਪੁਰਸ਼ ਕ੍ਰਿਕਟ ਟੀਮ ਨੇ ਵਰਲਡ ਚੈਂਪੀਅਨ ਬਣਨ ਦਾ ਕਮਾਲ ਕਰ ਵਿਖਾਇਆ ਹੈ|

• ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੁਨੀਆ ਦੀ ਚੌਥੀ ਟੀਮ ਹੈ, ਜਿਸ ਨੂੰ ਆਸਟਰੇਲੀਆ, ਇੰਗਲੈਂਡ ਤੇ ਵੈਸਟ ਇੰਡੀਜ਼ ਤੋਂ ਬਾਅਦ ਮਹਿਲਾ ਟੀ-20 ਕ੍ਰਿਕਟ ਸੰਸਾਰ ਕੱਪ ਜਿੱਤਣ ਦਾ ਐਜਾਜ਼ ਹਾਸਿਲ ਹੋਇਆ ਹੈ|

• ਆਸਟਰੇਲੀਆ ਤੇ ਇੰਗਲੈਂਡ ਤੋਂ ਬਾਅਦ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਕੁਲ ਆਲਮ ਦੀ ਤੀਜੀ ਕ੍ਰਿਕਟ ਟੀਮ , ਜਿਸ ਨੂੰ ਮਹਿਲਾਵਾਂ ਦੀ ਸ਼੍ਰੇਣੀ ’ਚ ਇੱਕ ਰੋਜ਼ਾ ਤੇ ਟੀ-20 ਦੋਵੇਂ ਕ੍ਰਿਕਟ ਦੀਆਂ ਵੰਨਗੀਆਂ ’ਚ ਵਿਸ਼ਵ ਕੱਪ ਜਿੱਤਣ ਦਾ ਹੱਕ ਹਾਸਿਲ ਹੋਇਆ ਹੈ|

• ਦੁੱਬਈ ਮਹਿਲਾ ਟੀ-20 ਕ੍ਰਿਕਟ ਸੰਸਾਰ ਕਪ ’ਚ ਕੀਵੀ ਗੇਂਦਬਾਜ਼ਾਂ ਨੇ ਇਕ ਟੂਰਨਾਮੈਂਟ ’ਚ ਵਿਰੋਧੀ ਟੀਮਾਂ ਦੀਆਂ 48 ਵਿਕਟਾਂ ਝਟਕਾਉਣ ਦਾ ਕਰਿਸ਼ਮਾ ਕਰਕੇ ਨਵੇਂ ਆਲਮੀ ਰਿਕਾਰਡ ਆਪਣੇ ਦੇਸ਼ ਦਾ ਨਾਮ ਲਿਖਵਾਇਆ ਹੈ|

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments