Thursday, October 15, 2026
Google search engine
HomeDeshGoldy Brar FBI ਦੀ ਟੌਪ 10 ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ, 10...

Goldy Brar FBI ਦੀ ਟੌਪ 10 ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ, 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ

ਅਮਰੀਕੀ ਜਾਂਚ ਏਜੰਸੀ FBI ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਟੌਪ 10 ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਕੀਤਾ ਹੈ।

ਇਸ ਦੇ ਨਾਲ ਹੀ ਗੋਲਡੀ ਬਰਾੜ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਮਿਲੀਅਨ ਡਾਲਰ (ਕਰੀਬ 9.5 ਕਰੋੜ ਰੁਪਏ) ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਗੋਲਡੀ ਬਰਾੜ ਤੇ ਸੰਗਠਿਤ ਅਪਰਾਧ, ਟਾਰਗੇਟਡ ਮਰਡਰ, ਜਬਰੀ ਵਸੂਲੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਹੋਣ ਦੇ ਦੋਸ਼ਾਂ ਦੇ ਮੱਦੇਨਜ਼ਰ FBI ਨੇ ਇਹ ਕਾਰਵਾਈ ਕੀਤੀ ਹੈ।
FBI ਨੇ ਸੋਮਵਾਰ ਨੂੰ ਗੋਲਡੀ ਬਰਾੜ ਦੇ ਟੌਪ 10 ਵਾਂਟੇਡ ਲਿਸਟ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਹ 1950 ‘ਚ ਸ਼ੁਰੂ ਹੋਈ ਇਸ ਟੌਪ 10 ਵਾਂਟੇਡ ਲਿਸਟ ‘ਚ ਜਗ੍ਹਾ ਬਣਾਉਣ ਵਾਲਾ 543ਵਾਂ ਭਗੌੜਾ ਬਣ ਗਿਆ ਹੈ। ਏਜੰਸੀ ਨੇ ਉਸ ਦੀ ਗ੍ਰਿਫ਼ਤਾਰੀ ‘ਚ ਮਦਦ ਕਰਨ ਵਾਲੀ ਜਾਣਕਾਰੀ ਲਈ 1 ਮਿਲੀਅਨ ਅਮਰੀਕੀ ਡਾਲਰ ਤੱਕ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

FBI ਨੇ ਬਰਾੜ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ

FBI ਦੇ ਅਨੁਸਾਰ, ਗੋਲਡੀ ਬਰਾੜ ਉੱਤਰੀ ਅਮਰੀਕਾ ‘ਚ ਲਾਰੈਂਸ ਬਿਸ਼ਨੋਈ ਦੇ ਸੰਗਠਿਤ ਅਪਰਾਧ ਗਿਰੋਹ ਦਾ ਇੱਕ ਲੀਡਰ ਹੈ। ਇਸ ਗਿਰੋਹ ਤੇ ਅਮਰੀਕਾ, ਕੈਨੇਡਾ ਤੇ ਹੋਰ ਥਾਵਾਂ ਤੇ ਟਾਰਗੇਟਡ ਕਿਲਿੰਗ, ਗੋਲੀਬਾਰੀ, ਹੱਤਿਆ, ਅਗਵਾ, ਜਬਰੀ ਵਸੂਲੀ ਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ‘ਚ ਸ਼ਾਮਲ ਹੋਣ ਦੇ ਦੋਸ਼ ਹਨ।
ਬਰਾੜ ਉਨ੍ਹਾਂ ਭਗੌੜਿਆਂ ‘ਚ ਸ਼ਾਮਲ ਸੀ, ਜਿਨ੍ਹਾਂ ਦੀ ਪਛਾਣ ਆਪਰੇਸ਼ਨ ਹਾਰਡਬਾਲ ਦੌਰਾਨ ਕੀਤੀ ਗਈ ਸੀ। ਇਹ ਭਾਰਤ-ਅਧਾਰਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਗਿਰੋਹਾਂ ਖ਼ਿਲਾਫ਼ ਕਈ ਸਾਲਾਂ ਤੱਕ ਚੱਲੀ ਇੱਕ ਸੰਘੀ ਜਾਂਚ ਸੀ। ਜੁਲਾਈ ‘ਚ ਅਮਰੀਕੀ ਅਧਿਕਾਰੀਆਂ ਨੇ ਅਜਿਹੇ ਤਿੰਨ ਗਿਰੋਹਾਂ ਨਾਲ ਜੁੜੇ 37 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰਨ ਦਾ ਐਲਾਨ ਕੀਤਾ ਸੀ।
FBI ਦੇ ਅਨੁਸਾਰ, ਇੱਕ ਦੋਸ਼-ਪੱਤਰ ਬਿਸ਼ਨੋਈ ਗਿਰੋਹ ਤੇ ਕੇਂਦਰਿਤ ਸੀ, ਜਿਸ ‘ਚ ਬਰਾੜ ਨੂੰ ਕਥਿਤ ਤੌਰ ਤੇ ਇਸ ਦੇ ਲੀਡਰਾਂ ‘ਚੋਂ ਇੱਕ ਦੱਸਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਉਹ ਦੁਨੀਆ ਭਰ ‘ਚ ਸੰਗਠਨ ਦੇ ਮੈਂਬਰਾਂ ਤੇ ਸਹਿਯੋਗੀਆਂ ਨੂੰ ਨਿਰਦੇਸ਼ ਦੇਣ ‘ਚ ਮਦਦ ਕਰਦਾ ਸੀ।

ਬਿਸ਼ਨੋਈ ਤੇ ਬਰਾੜ ਤੇ ਦੋਸ਼

ਅਮਰੀਕੀ ਦੋਸ਼-ਪੱਤਰ ‘ਚ ਸਭ ਤੋਂ ਗੰਭੀਰ ਦੋਸ਼ਾਂ ‘ਚੋਂ ਇੱਕ ਕੈਨੇਡਾ ‘ਚ ਜੂਨ 2023 ਦੌਰਾਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੁੜਿਆ ਹੈ। FBI ਦਾ ਦੋਸ਼ ਹੈ ਕਿ ਲਾਰੈਂਸ ਬਿਸ਼ਨੋਈ ਤੇ ਬਰਾੜ ਨੇ ਕੈਨੇਡਾ ‘ਚ ਰਹਿ ਰਹੇ ਪੰਜਾਬ ਦੇ ਇੱਕ ਪ੍ਰਮੁੱਖ ਆਗੂ ਦੀ ਹੱਤਿਆ ਦਾ ਹੁਕਮ ਦਿੱਤਾ ਸੀ। ਕੋਰਟ ਦਸਤਾਵੇਜ਼ਾਂ ‘ਚ H.S.N. ਵਜੋਂ ਪਛਾਣੇ ਗਏ ਇਸ ਵਿਅਕਤੀ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
FBI ਦਾ ਵੇਰਵਾ ਹਰਦੀਪ ਸਿੰਘ ਨਿੱਝਰ ਵੱਲ ਇਸ਼ਾਰਾ ਕਰਦਾ ਹੈ, ਜਿਨ੍ਹਾਂ ਦੀ ਬ੍ਰਿਟਿਸ਼ ਕੋਲੰਬੀਆ ‘ਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਭਾਰਤ ਨੇ ਨਿੱਝਰ ਨੂੰ ਅੱਤਵਾਦੀ ਐਲਾਨਿਆ ਹੋਇਆ ਸੀ। ਬਰਾੜ ਨੇ ਪਹਿਲਾਂ ਹੀ ਨਿੱਝਰ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ ਤੇ ਕਿਹਾ ਸੀ ਕਿ ਇਸ ਹੱਤਿਆ ਦੇ ਪਿੱਛੇ ਉਹ ਤੇ ਉਸ ਦਾ ਗੈਂਗ ਸੀ।

ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ-ਕੈਨੇਡਾ ਵਿਚਾਲੇ ਵਿਵਾਦ

ਨਿੱਝਰ ਦੀ ਹੱਤਿਆ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਾ ਇੱਕ ਵੱਡਾ ਕਾਰਨ ਬਣ ਗਈ ਸੀ, ਜਦੋਂ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ‘ਚ ਦੋਸ਼ ਲਗਾਇਆ ਸੀ ਕਿ ਕੈਨੇਡਾਈ ਖੁਫੀਆ ਏਜੰਸੀਆਂ ਭਾਰਤੀ ਸਰਕਾਰੀ ਏਜੰਟਾਂ ਤੇ ਹੱਤਿਆ ਵਿਚਾਲੇ ਸੰਭਾਵਿਤ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ।
ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਦੱਸ ਕੇ ਖਾਰਜ ਕਰ ਦਿੱਤਾ ਸੀ ਤੇ ਨਿੱਝਰ ਦੀ ਹੱਤਿਆ ‘ਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਲਗਾਤਾਰ ਇਨਕਾਰ ਕੀਤਾ ਹੈ। ਬਰਾੜ ਤੇ ਬਿਸ਼ਨੋਈ ਖ਼ਿਲਾਫ਼ FBI ਦੇ ਮੌਜੂਦਾ ਦੋਸ਼ ਇੱਕ ਅਮਰੀਕੀ ਸੰਘੀ ਮਾਮਲੇ ਦਾ ਹਿੱਸਾ ਹਨ।

ਡਰੱਗ ਤਸਕਰੀ ਤੇ ਜਬਰੀ ਵਸੂਲੀ ਦੇ ਦੋਸ਼

ਸੰਘੀ ਦੋਸ਼-ਪੱਤਰ ‘ਚ ਇਹ ਵੀ ਕਿਹਾ ਗਿਆ ਹੈ ਕਿ ਬਿਸ਼ਨੋਈ ਦਾ ਨੈੱਟਵਰਕ ਕਈ ਹਿੰਸਕ ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਸੀ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਸ ਨੈੱਟਵਰਕ ਨੇ ਮਾਰਚ 2024 ਤੇ ਜੁਲਾਈ 2025 ਵਿਚਾਲੇ ਗ੍ਰੇਟਰ ਲਾਸ ਏਂਜਲਸ ਇਲਾਕੇ ‘ਚ ਡਰੱਗ ਤਸਕਰੀ ਕਰਨ ਵਾਲੇ ਵਿਰੋਧੀ ਗਰੁੱਪਾਂ ਤੋਂ ਲਗਭਗ 520 ਕਿਲੋਗ੍ਰਾਮ ਕੋਕੀਨ ਚੋਰੀ ਕੀਤੀ ਸੀ।
FBI ਲਾਸ ਏਂਜਲਸ ਦੇ ਅਸਿਸਟੈਂਟ ਡਾਇਰੈਕਟਰ ਇਨ ਚਾਰਜ ਪੈਟ੍ਰਿਕ ਗ੍ਰਾਂਡੀ ਨੇ ਬਰਾੜ ਨੂੰ ਇੱਕ ਖ਼ਤਰਨਾਕ ਵਿਅਕਤੀ ਦੱਸਿਆ ਤੇ ਕਿਹਾ ਕਿ ਏਜੰਸੀ ਨੇ ਉਸ ਨੂੰ ਫੜਨਾ ਤਰਜੀਹ ਬਣਾਇਆ ਹੈ। ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ FBI ਦੀ ਟੌਪ 10 ਵਾਂਟੇਡ ਲਿਸਟ ‘ਚ ਬਰਾੜ ਦਾ ਨਾਮ ਸ਼ਾਮਲ ਹੋਣਾ ਅਮਰੀਕਾ ਤੇ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਸਹਿਯੋਗ ਨੂੰ ਦਰਸਾਉਂਦਾ ਹੈ।

ਲੋਕਾਂ ਨੂੰ ਬਰਾੜ ਦੇ ਨੇੜੇ ਨਾ ਜਾਣ ਦੀ ਚੇਤਾਵਨੀ

FBI ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਰਾੜ ਦੇ ਨੇੜੇ ਨਾ ਜਾਣ। ਜਿਸ ਕਿਸੇ ਕੋਲ ਵੀ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਹੋਵੇ, ਉਸ ਨੂੰ FBI, ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਜਾਂ ਨੇੜਲੇ ਅਮਰੀਕੀ ਦੂਤਾਵਾਸ/ਕੌਂਸਲੇਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਬਰਾੜ ਖ਼ਿਲਾਫ਼ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੀ ਅਮਰੀਕੀ ਜ਼ਿਲ੍ਹਾ ਅਦਾਲਤ ‘ਚ ਮੁਕੱਦਮਾ ਚੱਲ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments