Thursday, October 15, 2026
Google search engine
HomeCrimeTarn Taran ‘ਚ ਖ਼ੂਨੀ ਵਾਰਦਾਤ, AAP ਸਰਪੰਚ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ...

Tarn Taran ‘ਚ ਖ਼ੂਨੀ ਵਾਰਦਾਤ, AAP ਸਰਪੰਚ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ; ਡਰਾਈਵਰ ਗੰਭੀਰ ਜ਼ਖ਼ਮੀ

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ।

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸੀਨੀਅਰ ਆਗੂ ਅਤੇ ਮੌਜੂਦਾ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਪਿੰਡ ਤੂਤ ਦੇ ਬੱਸ ਅੱਡੇ ਨੇੜੇ ਉਸ ਸਮੇਂ ਵਾਪਰੀ ਜਦੋਂ ਸਰਪੰਚ ਆਪਣੀ ਇਨੋਵਾ ਗੱਡੀ ਵਿੱਚ ਸਵਾਰ ਸਨ। ਹਮਲਾਵਰ ਘਟਨਾ ਨੂੰ ਅੰਜਾਮ ਦੇਣ ਉਪਰੰਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਖ਼ੂਨੀ ਕਾਂਡ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਭਾਰੀ ਸਹਿਮ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ।
ਵਾਰਦਾਤ ਦੌਰਾਨ ਸਰਪੰਚ ਦੇ ਨਾਲ ਗੱਡੀ ਵਿੱਚ ਮੌਜੂਦ ਉਨ੍ਹਾਂ ਦਾ ਡਰਾਈਵਰ ਵੀ ਗੋਲੀਆਂ ਦੇ ਛਰ੍ਹੇ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਡਰਾਈਵਰ ਮੁਤਾਬਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਹਮਲਾਵਰਾਂ ਨੇ ਗੱਡੀ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਸਰਪੰਚ ਨੂੰ ਲੱਗੀਆਂ। ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਸਰਪੰਚ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਇਸ ਸਬੰਧੀ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਕਰਿਆਨਾ ਸਟੋਰ ਤੋਂ ਆੜ੍ਹਤ ਦੀ ਦੁਕਾਨ ਵੱਲ ਜਾ ਰਹੇ ਸੀ ਸਰਪੰਚ

ਘਟਨਾ ਦੀ ਜਾਣਕਾਰੀ ਦਿੰਦਿਆਂ ਪੱਟੀ ਖੇਤਰ ਦੇ ਡੀ.ਐੱਸ.ਪੀ. ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਤੂਤ ਦੇ ਸਰਪੰਚ ਅਸ਼ਵਨੀ ਕੁਮਾਰ ਉਰਫ਼ ਅਸ਼ਵਨੀ ਦੇਵਗਨ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੇ ਨਾਲ ਗੱਡੀ ਚਲਾ ਰਹੇ ਸਾਥੀ ਚਮਕੌਰ ਸਿੰਘ ਨੂੰ ਵੀ ਗੋਲੀਆਂ ਦੇ ਛਰ੍ਹੇ ਲੱਗੇ ਹਨ, ਜਿਸ ਕਾਰਨ ਉਹ ਜ਼ਖ਼ਮੀ ਹੋਇਆ ਹੈ।
ਜ਼ਖ਼ਮੀ ਚਮਕੌਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਸਰਪੰਚ ਅਸ਼ਵਨੀ ਕੁਮਾਰ ਆਪਣੀ ਇਨੋਵਾ ਕਾਰ (ਨੰਬਰ: PB08CU-5445) ਰਾਹੀਂ ਇੱਕ ਕਰਿਆਨਾ ਸਟੋਰ ਤੋਂ ਨਿਕਲ ਕੇ ਦਾਣਾ ਮੰਡੀ ਤੂਤ ਸਥਿਤ ਆਪਣੀ ਆੜ੍ਹਤ ਦੀ ਦੁਕਾਨ ਵੱਲ ਜਾ ਰਹੇ ਸਨ। ਜਿਉਂ ਹੀ ਉਹ ਬੱਸ ਅੱਡੇ ਦੇ ਕਰੀਬ ਪਹੁੰਚੇ ਤਾਂ ਅਚਾਨਕ ਬਾਈਕ ਸਵਾਰ ਦੋ ਵਿਅਕਤੀ ਸਾਹਮਣੇ ਆਏ ਅਤੇ ਉਨ੍ਹਾਂ ਨੇ ਗੱਡੀ ਤੇ ਤਾਬੜਤੋੜ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

ਮੂੰਹ ਢੱਕ ਕੇ ਆਏ ਸਨ ਹਮਲਾਵਰ, ਤੋੜੇ ਗੱਡੀ ਦੇ ਸ਼ੀਸ਼ੇ

ਚਮਕੌਰ ਸਿੰਘ ਨੇ ਦੱਸਿਆ ਕਿ ਦੋਵੇਂ ਹਮਲਾਵਰਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਕੱਪੜੇ ਨਾਲ ਢੱਕੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਹਮਲਾਵਰਾਂ ਨੇ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਲਗਾਤਾਰ ਫਾਇਰਿੰਗ ਕੀਤੀ, ਜਿਸ ਨਾਲ ਇਨੋਵਾ ਕਾਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਗੋਲੀਬਾਰੀ ਦੌਰਾਨ ਤਿੰਨ ਗੋਲੀਆਂ ਸਰਪੰਚ ਅਸ਼ਵਨੀ ਕੁਮਾਰ ਨੂੰ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਹਮਲਾਵਰ ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਰਫ਼ੂ-ਚੱਕਰ ਹੋ ਗਏ।
ਚਮਕੌਰ ਨੇ ਅੱਗੇ ਦੱਸਿਆ ਕਿ ਸਰਪੰਚ ਦੇ ਬਿਲਕੁਲ ਕੋਲ ਬੈਠੇ ਹੋਣ ਕਾਰਨ ਗੋਲੀਆਂ ਦੇ ਛਰ੍ਹੇ ਉਸ ਦੇ ਸਰੀਰ ਤੇ ਵੀ ਲੱਗੇ, ਜਿਸ ਕਾਰਨ ਉਹ ਵੀ ਲਹੂ-ਲੁਹਾਣ ਹੋ ਗਿਆ। ਫਾਇਰਿੰਗ ਦੀਆਂ ਆਵਾਜ਼ਾਂ ਸੁਣ ਕੇ ਮੌਕੇ ਤੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਆਪਣੀ ਨਿੱਜੀ ਗੱਡੀ ਰਾਹੀਂ ਸਰਪੰਚ ਅਤੇ ਡਰਾਈਵਰ ਚਮਕੌਰ ਸਿੰਘ ਨੂੰ ਹਸਪਤਾਲ ਪਹੁੰਚਾਇਆ।

ਗੈਂਗ ਵੱਲੋਂ ਮਿਲ ਰਹੀਆਂ ਸੀ ਫਿਰੌਤੀ ਦੀਆਂ ਧਮਕੀਆਂ

ਦੂਜੇ ਪਾਸੇ, ਮ੍ਰਿਤਕ ਸਰਪੰਚ ਦੀ ਪਤਨੀ ਪਰਵੀਨ ਕੁਮਾਰੀ ਨੇ ਗੰਭੀਰ ਦੋਸ਼ ਲਾਉਂਦਿਆਂ ਖ਼ੁਲਾਸਾ ਕੀਤਾ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਸਰਪੰਚ ਅਸ਼ਵਨੀ ਕੁਮਾਰ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਸਮੁੱਚੇ ਪਰਿਵਾਰ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਪਰਵੀਨ ਕੁਮਾਰੀ ਮੁਤਾਬਕ ਇਹ ਧਮਕੀਆਂ ਕਿਸੇ ਗੈਂਗ ਵੱਲੋਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਇਸ ਬਾਰੇ ਆਪਣੇ ਪਤੀ ਨਾਲ ਗੱਲਬਾਤ ਵੀ ਕੀਤੀ ਸੀ, ਪਰ ਪਰਿਵਾਰ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਰਪੰਚ ਨੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ। ਹਾਲਾਂਕਿ, ਸਰਪੰਚ ਅਸ਼ਵਨੀ ਕੁਮਾਰ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਧਮਕੀਆਂ ਦੇਣ ਵਾਲੇ ਕੌਣ ਹਨ।

ਦਿਲ ਵਿੱਚ ਲੱਗੀ ਗੋਲੀ ਬਣੀ ਮੌਤ ਦਾ ਕਾਰਨ

ਡੀ.ਐੱਸ.ਪੀ. ਰਵੀ ਸ਼ੇਰ ਸਿੰਘ ਅਨੁਸਾਰ ਸਰਪੰਚ ਦੇ ਸਰੀਰ ਤੇ ਵੱਖ-ਵੱਖ ਥਾਵਾਂ ਤੇ ਗੋਲੀਆਂ ਲੱਗੀਆਂ ਸਨ, ਪਰ ਇੱਕ ਗੋਲੀ ਸਿੱਧੀ ਉਨ੍ਹਾਂ ਦੇ ਦਿਲ ਵਿੱਚ ਜਾ ਧੱਸੀ। ਦਿਲ ਵਿੱਚ ਗੋਲੀ ਲੱਗਣ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿ ਗਿਆ, ਜਿਸ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਪੁਸ਼ਟੀ ਕੀਤੀ ਕਿ ਅਸ਼ਵਨੀ ਕੁਮਾਰ ਆਮ ਆਦਮੀ ਪਾਰਟੀ ਦੇ ਸਰਗਰਮ ਅਤੇ ਸੀਨੀਅਰ ਆਗੂ ਸਨ।
ਡੀ.ਐੱਸ.ਪੀ. ਨੇ ਅੱਗੇ ਦੱਸਿਆ ਕਿ ਜ਼ਖ਼ਮੀ ਚਮਕੌਰ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਟੀਮਾਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਤਕਨੀਕੀ ਪਹਿਲੂਆਂ ਦੇ ਆਧਾਰ ਤੇ ਜਾਂਚ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਕਾਤਲਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments