Friday, October 16, 2026
Google search engine
Homelatest NewsLudhiana ‘ਚ ਫਰਜੀ ਪੁਲਿਸ ਬਣ ਨਸ਼ਾ ਕਰਨ ਦਾ ਮਾਮਲਾ, ਕਾਰਵਾਈ ‘ਚ ਦੇਰੀ...

Ludhiana ‘ਚ ਫਰਜੀ ਪੁਲਿਸ ਬਣ ਨਸ਼ਾ ਕਰਨ ਦਾ ਮਾਮਲਾ, ਕਾਰਵਾਈ ‘ਚ ਦੇਰੀ ਕਾਰਨ ਥਾਣਾ ਡੇਹਲੋਂ ਦੇ SHO ਲਾਈਨ ਹਾਜ਼ਰ

ਲੁਧਿਆਣਾ ਦੇ ਪਿੰਡ ਗੋਪਾਲਪੁਰ ਚ ਪੁਲਿਸ ਵਰਗੀ ਵਰਦੀ ਪਾ ਕੇ ਨਸ਼ਾ ਕਰ ਰਹੇ ਤਿੰਨ ਨੌਜਵਾਨਾਂ ਨੂੰ ਨਿਹੰਗਾਂ ਨੇ ਕਾਬੂ ਕਰਕੇ ਕੁੱਟਿਆ।

ਲੁਧਿਆਣਾ ਵਿੱਚ ਪੰਜਾਬ ਪੁਲਿਸ ਵਰਗੀ ਵਰਦੀ ਪਹਿਨ ਕੇ ਨਸ਼ਾ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਤਿੰਨ ਨੌਜਵਾਨਾਂ ਦੇ ਮਾਮਲੇ ਵਿੱਚ ਥਾਣਾ ਡੇਹਲੋਂ ਦੇ ਮੁਖੀ (ਐੱਸ.ਐੱਚ.ਓ.) ਇੰਸਪੈਕਟਰ ਵਿਜੇ ਕੁਮਾਰ ਖ਼ਿਲਾਫ਼ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮਾਮਲੇ ਵਿੱਚ ਕਾਰਵਾਈ ਕਰਨ ਦੌਰਾਨ ਅਣਗਹਿਲੀ ਅਤੇ ਦੇਰੀ ਵਰਤਣ ਦੇ ਦੋਸ਼ਾਂ ਤਹਿਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਤੁਰੰਤ ਪ੍ਰਭਾਵ ਨਾਲ ਇੰਸਪੈਕਟਰ ਨੂੰ ਪੁਲਿਸ ਲਾਈਨਜ਼ ਤਬਦੀਲ ਕਰ ਦਿੱਤਾ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਸਪੱਸ਼ਟ ਆਦੇਸ਼ ਜਾਰੀ ਕੀਤੇ ਹਨ। ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਨੇਪਰੇ ਚਾੜ੍ਹੀ ਜਾਵੇਗੀ।
ਇਹ ਸਖ਼ਤ ਪ੍ਰਸ਼ਾਸਨਿਕ ਕਦਮ ਉਸ ਵੇਲੇ ਚੁੱਕਿਆ ਗਿਆ ਹੈ, ਜਦੋਂ ਤਿੰਨ ਨੌਜਵਾਨਾਂ ਨੂੰ ਕਥਿਤ ਤੌਰ ਤੇ ਪੁਲਿਸ ਮੁਲਾਜ਼ਮਾਂ ਦਾ ਭੇਸ ਬਣਾ ਕੇ ਚਿੱਟੇ ਵਰਗਾ ਨਸ਼ਾ ਕਰਦਿਆਂ ਰੰਗੇ ਹੱਥੀਂ ਫੜੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ ਸੀ। ਪੁਲਿਸ ਨੇ ਫੜੇ ਗਏ ਤਿੰਨਾਂ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

ਨਿਹੰਗ ਸਿੰਘਾਂ ਨੇ 3 ਨੌਜਵਾਨਾਂ ਨੂੰ ਫੜ ਕੇ ਖੰਭੇ ਨਾਲ ਬੰਨ੍ਹਿਆ

ਸਾਰਾ ਮਾਮਲਾ ਪਿੰਡ ਗੋਪਾਲਪੁਰ ਦੀ ਦਾਣਾ ਮੰਡੀ ਨੇੜੇ ਇੱਕ ਖ਼ਾਲੀ ਪਲਾਟ ਨਾਲ ਜੁੜਿਆ ਹੋਇਆ ਹੈ। ਪੁਲਿਸ ਵੇਰਵਿਆਂ ਅਨੁਸਾਰ, ਇਸ ਥਾਂ ਤੇ ਤਿੰਨ ਨੌਜਵਾਨ ਬੈਠ ਕੇ ਕਥਿਤ ਤੌਰ ਤੇ ਨਸ਼ੇ ਦਾ ਸੇਵਨ ਕਰ ਰਹੇ ਸਨ। ਇਸੇ ਦੌਰਾਨ ਉੱਥੋਂ ਲੰਘ ਰਹੇ ਨਿਹੰਗ ਸਿੰਘਾਂ ਦੀ ਨਜ਼ਰ ਉਨ੍ਹਾਂ ਤੇ ਪੈ ਗਈ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਮੌਕੇ ਤੇ ਹੀ ਦਬੋਚ ਲਿਆ। ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਚੰਗੀ ਛਿੱਤਰ-ਪਰੇਡ ਕੀਤੀ। ਵਾਇਰਲ ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹਿਆ ਗਿਆ ਹੈ ਅਤੇ ਕੁਝ ਲੋਕ ਹੱਥਾਂ ਤੇ ਚੱਪਲਾਂ ਨਾਲ ਉਸ ਦੀ ਕੁੱਟਮਾਰ ਕਰ ਰਹੇ ਹਨ। ਵੀਡੀਓ ਵਿੱਚ ਨੌਜਵਾਨ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਦਾ ਅਤੇ ਛੱਡਣ ਦੀਆਂ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਹੈ।

ਦੋ ਨੌਜਵਾਨਾਂ ਨੇ ਪਾਈ ਹੋਈ ਸੀ ਪੁਲਿਸ ਵਰਗੀ ਟੀ-ਸ਼ਰਟ

ਪੁਲਿਸ ਪੜਤਾਲ ਮੁਤਾਬਕ ਕਾਬੂ ਕੀਤੇ ਗਏ ਨੌਜਵਾਨਾਂ ਦੀ ਸ਼ਨਾਖ਼ਤ ਅਜੈ ਸ਼ਰਮਾ, ਆਕਾਸ਼ਦੀਪ ਅਤੇ ਗੁਰਕੀਰਤ ਸਿੰਘ ਵਜੋਂ ਹੋਈ ਹੈ। ਇਹਨਾਂ ਵਿੱਚੋਂ ਦੋ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰਤ ਲੋਗੋ ਵਾਲੀ ਕਾਲੇ ਰੰਗ ਦੀ ਟੀ-ਸ਼ਰਟ ਅਤੇ ਖ਼ਾਕੀ ਰੰਗ ਦੀ ਪੈਂਟ ਪਾਈ ਹੋਈ ਸੀ। ਇਸੇ ਕਾਰਨ ਆਮ ਲੋਕਾਂ ਨੂੰ ਭਰਮ ਹੋ ਗਿਆ ਸੀ ਕਿ ਸ਼ਾਇਦ ਇਹ ਅਸਲ ਵਿੱਚ ਪੁਲਿਸ ਮੁਲਾਜ਼ਮ ਹੀ ਹਨ ਜੋ ਨਸ਼ਾ ਕਰ ਰਹੇ ਹਨ।
ਹਾਲਾਂਕਿ ਪੁਲਿਸ ਨੇ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਵਿਅਕਤੀ ਪੁਲਿਸ ਵਿਭਾਗ ਨਾਲ ਸਬੰਧਤ ਨਹੀਂ ਹੈ। ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 27, 61 ਅਤੇ 85 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਲਾਈਟਰ, ਸਿਲਵਰ ਫ਼ੋਇਲ ਪੇਪਰ ਅਤੇ 10 ਰੁਪਏ ਦਾ ਇੱਕ ਮੁੜਿਆ ਹੋਇਆ ਨੋਟ ਵੀ ਬਰਾਮਦ ਕੀਤਾ ਹੈ, ਜਿਸ ਦੀ ਵਰਤੋਂ ਨਸ਼ਾ ਖਿੱਚਣ ਲਈ ਕੀਤੀ ਜਾ ਰਹੀ ਸੀ।

ਕਾਰਵਾਈ ਚ ਦੇਰੀ ਦੀ ਸੂਚਨਾ ਮਿਲਣ ਤੇ ਕਮਿਸ਼ਨਰ ਨੇ ਲਿਆ ਐਕਸ਼ਨ

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਨਕਲੀ ਪੁਲਿਸ ਵਾਲੇ ਬਣ ਕੇ ਘੁੰਮਣ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਉਣ ਮੌਕੇ ਥਾਣਾ ਮੁਖੀ ਵੱਲੋਂ ਜਾਣਬੁੱਝ ਕੇ ਦੇਰੀ ਅਤੇ ਅਣਗਹਿਲੀ ਕੀਤੀ ਗਈ। ਇਸ ਕੁਤਾਹੀ ਦੇ ਚੱਲਦਿਆਂ ਇੰਸਪੈਕਟਰ ਵਿਜੇ ਕੁਮਾਰ ਨੂੰ ਤੁਰੰਤ ਪੁਲਿਸ ਲਾਈਨਜ਼ ਭੇਜ ਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments