ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਧਰਤੀ ਬੁਰੀ ਤਰ੍ਹਾਂ ਹਿੱਲ ਗਈ।
ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਦਿੱਲੀ-ਐਨਸੀਆਰ (Delhi-NCR), ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਸਮੇਤ ਕਈ ਇਲਾਕੇ ਕੰਬ ਗਏ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਧਰਤੀ ਬੁਰੀ ਤਰ੍ਹਾਂ ਹਿੱਲ ਗਈ। ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸਥਾਨਕ ਲੋਕ ਬੁਰੀ ਤਰ੍ਹਾਂ ਸਹਿਮ ਗਏ ਅਤੇ ਦਹਿਸ਼ਤ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ।
ਅਜਿਹਾ ਹੀ ਨਜ਼ਾਰਾ ਦਿੱਲੀ-ਐਨਸੀਆਰ ਵਿੱਚ ਵੀ ਦੇਖਣ ਨੂੰ ਮਿਲਿਆ। ਨੋਇਡਾ ਦੀਆਂ ਉੱਚੀਆਂ ਇਮਾਰਤਾਂ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮ ਭੂਚਾਲ ਦੇ ਝਟਕਿਆਂ ਕਾਰਨ ਤੁਰੰਤ ਬਾਹਰ ਨਿਕਲ ਆਏ। ਰਿਹਾਇਸ਼ੀ ਇਲਾਕਿਆਂ ਵਿੱਚ ਵੀ ਲੋਕਾਂ ਵਿੱਚ ਭਾਰੀ ਅਫਰਾ-ਤਫਰੀ ਦੇਖੀ ਗਈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਰਾਜਧਾਨੀ ਸਮੇਤ ਕਿਸੇ ਵੀ ਹੋਰ ਥਾਂ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਅਫਗਾਨਿਸਤਾਨ ਵਿੱਚ 5.9 ਤੀਬਰਤਾ ਦਾ ਭੂਚਾਲ
ਮੌਸਮ ਵਿਗਿਆਨ ਕੇਂਦਰ ਅਨੁਸਾਰ, ਇਸ ਭੂਚਾਲ ਦਾ ਕੇਂਦਰ ਬਿੰਦੂ ਅਫਗਾਨਿਸਤਾਨ-ਤਾਜਿਕਿਸਤਾਨ ਸਰਹੱਦੀ ਖੇਤਰ ਵਿੱਚ ਸੀ। ਅਫਗਾਨਿਸਤਾਨ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.9 ਰਿਕਾਰਡ ਕੀਤੀ ਗਈ ਹੈ। ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਇਸ ਸਾਲ ਆਇਆ ਇਹ ਤੀਜਾ ਭੂਚਾਲ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਦੋ ਵਾਰ ਝਟਕੇ ਮਹਿਸੂਸ ਕੀਤੇ ਗਏ ਸਨ। 19 ਜਨਵਰੀ ਨੂੰ 2.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਉੱਤਰੀ ਦਿੱਲੀ ਸੀ।
ਜਨਵਰੀ ਵਿੱਚ ਵੀ ਆਇਆ ਸੀ ਭੂਚਾਲ
ਇਸ ਤੋਂ ਬਾਅਦ 30 ਜਨਵਰੀ ਦੀ ਰਾਤ ਨੂੰ ਵੀ ਦਿੱਲੀ ਵਿੱਚ 3.2 ਤੀਬਰਤਾ ਵਾਲਾ ਭੂਚਾਲ ਆਇਆ ਸੀ। ਉਸ ਸਮੇਂ ਭੂਚਾਲ ਦਾ ਕੇਂਦਰ ਦਿੱਲੀ ਦੇ ਉੱਤਰ-ਪੂਰਬ ਤੋਂ ਲਗਭਗ 60-80 ਕਿਲੋਮੀਟਰ ਦੂਰ ਸੀ। ਹਾਲਾਂਕਿ, ਉਨ੍ਹਾਂ ਦੋਵਾਂ ਝਟਕਿਆਂ ਦੌਰਾਨ ਵੀ ਕੋਈ ਨੁਕਸਾਨ ਨਹੀਂ ਹੋਇਆ ਸੀ। ਦੱਸਣਯੋਗ ਹੈ ਕਿ ਭੂਚਾਲ ਦੀਆਂ ਗਤੀਵਿਧੀਆਂ ਦੇ ਲਿਹਾਜ਼ ਨਾਲ ਇਹ ਪੂਰਾ ਖੇਤਰ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਖ਼ਾਸ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਭੂਚਾਲ ਦੀ ਉੱਚ ਸੰਭਾਵਨਾ ਵਾਲੇ ਖੇਤਰਾਂ ਵਿੱਚ ਸ਼ਾਮਲ ਹੈ।