ਇਨ੍ਹਾਂ ਨਮੂਨਿਆਂ ਨੂੰ 40 ਪ੍ਰਯੋਗਸ਼ਾਲਾਵਾਂ ਵੱਲੋਂ ਇਕੱਠਾ ਕੀਤਾ ਗਿਆ ਅਤੇ ਇਨ੍ਹਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦੀ ਸੰਭਾਵਿਤ ਮੌਜੂਦਗੀ ਦੀ ਜਾਂਚ ਕੀਤੀ ਗਈ।
ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਫਲਾਂ-ਸਬਜ਼ੀਆਂ ਦੇ ਕਈ ਨਮੂਨਿਆਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਨਿਰਧਾਰਤ ਸੀਮਾ ਤੋਂ ਵੱਧ ਪਾਏ ਗਏ ਹਨ। ਪੰਜਾਬ ਵਿੱਚ 55 ਅਤੇ ਹਰਿਆਣਾ ਵਿੱਚ 152 ਸੈਂਪਲ ਨਿਰਧਾਰਤ ਮਾਪਦੰਡਾਂ ਤੇ ਖਰੇ ਨਹੀਂ ਉਤਰੇ। ਨਿਰਧਾਰਤ ਸੀਮਾ ਤੋਂ ਵੱਧ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦਾ ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ, ਜਿਸ ਨਾਲ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਰਿਪੋਰਟ ਦੇ ਅਨੁਸਾਰ, ਸਬਜ਼ੀਆਂ, ਫਲਾਂ, ਮਸਾਲਿਆਂ, ਅਨਾਜ, ਦਾਲਾਂ ਅਤੇ ਹੋਰ ਖੁਰਾਕੀ ਵਸਤੂਆਂ ਦੇ ਨਮੂਨੇ ਖੁਦਰਾ ਦੁਕਾਨਾਂ, ਥੋਕ ਬਾਜ਼ਾਰਾਂ, ਸਹਿਕਾਰੀ ਸਭਾਵਾਂ, ਖੇਤੀਬਾੜੀ ਉਪਜ ਮੰਡੀ (APMC) ਬਾਜ਼ਾਰਾਂ, ਸਿੱਧੇ ਖੇਤਾਂ ਅਤੇ ਜੈਵਿਕ ਉਤਪਾਦ ਵੇਚਣ ਵਾਲੇ ਕੇਂਦਰਾਂ ਤੋਂ ਲਏ ਗਏ ਹਨ।ਇਨ੍ਹਾਂ ਨਮੂਨਿਆਂ ਨੂੰ 40 ਪ੍ਰਯੋਗਸ਼ਾਲਾਵਾਂ ਵੱਲੋਂ ਇਕੱਠਾ ਕੀਤਾ ਗਿਆ ਅਤੇ ਇਨ੍ਹਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ਾਂ ਦੀ ਸੰਭਾਵਿਤ ਮੌਜੂਦਗੀ ਦੀ ਜਾਂਚ ਕੀਤੀ ਗਈ।
ਸਾਲ 2023 ਤੋਂ 2026 ਤੱਕ ਪੰਜਾਬ ਵਿੱਚ ਕੁੱਲ 6,580 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 55 ਸੈਂਪਲਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਨਿਰਧਾਰਤ ਮਾਤਰਾ ਤੋਂ ਵੱਧ ਪਾਏ ਗਏ। ਇਸੇ ਤਰ੍ਹਾਂ ਹਰਿਆਣਾ ਵਿੱਚ 2,371 ਸੈਂਪਲਾਂ ਵਿੱਚੋਂ 152 ਵਿੱਚ ਨਿਰਧਾਰਤ ਸੀਮਾ ਤੋਂ ਵੱਧ ਕੀਟਨਾਸ਼ਕਾਂ ਦੇ ਅਵਸ਼ੇਸ਼ ਮਿਲੇ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ 5,765 ਵਿੱਚੋਂ 92 ਸੈਂਪਲਾਂ, ਜੰਮੂ-ਕਸ਼ਮੀਰ ਵਿੱਚ 1,489 ਵਿੱਚੋਂ 58 ਸੈਂਪਲਾਂ ਅਤੇ ਰਾਜਸਥਾਨ ਵਿੱਚ 3,564 ਵਿੱਚੋਂ 111 ਸੈਂਪਲਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਨਿਰਧਾਰਤ ਸੀਮਾ ਤੋਂ ਵੱਧ ਪਾਏ ਗਏ ਹਨ।
ਇਨ੍ਹਾਂ ਬਿਮਾਰੀਆਂ ਦਾ ਹੋ ਸਕਦਾ ਹੈ ਖ਼ਤਰਾ
ਫਲਾਂ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੇਟ ਦਰਦ, ਉਲਟੀ, ਸਿਰਦਰਦ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਲੰਬੇ ਸਮੇਂ ਤੱਕ ਸਰੀਰ ਵਿੱਚ ਕੀਟਨਾਸ਼ਕਾਂ ਦੇ ਜਾਣ ਨਾਲ ਕੈਂਸਰ, ਹਾਰਮੋਨਲ ਗੜਬੜੀ ਅਤੇ ਲਿਵਰ-ਕਿਡਨੀ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਬੱਚਿਆਂ ਅਤੇ ਗਰਭਵਤੀ ਔਰਤਾਂ ਤੇ ਇਨ੍ਹਾਂ ਦਾ ਮਾੜਾ ਪ੍ਰਭਾਵ ਜਲਦੀ ਪੈ ਸਕਦਾ ਹੈ।
ਫਲਾਂ-ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਜ਼ਿਆਦਾ ਮਾਤਰਾ ਵਿੱਚ ਸਾਹਮਣੇ ਆ ਰਹੇ ਹਨ। ਇਹ ਜਾਂਚ ਕਰਨ ਦੀ ਲੋੜ ਹੈ ਕਿ ਇਨ੍ਹਾਂ ਖੁਰਾਕੀ ਵਸਤੂਆਂ ਵਿੱਚ ਕਿਸ ਤਰ੍ਹਾਂ ਦੇ ਕੀਟਨਾਸ਼ਕ ਪਾਏ ਜਾ ਰਹੇ ਹਨ, ਤਾਂ ਜੋ ਸਿਹਤ ਤੇ ਪੈਣ ਵਾਲੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਪਤਾ ਲਗਾਇਆ ਜਾ ਸਕੇ।