ਦੇਵੀ ਨੇ ਕਿਹਾ ਕਿ ਭਗਵਾਨ ਸਾਡੇ ਸਾਰਿਆਂ ਦੇ ਹਨ ਅਤੇ ਉਨ੍ਹਾਂ ਦਾ ਉਦੇਸ਼ ਕੇਵਲ ਰਾਮ ਨੂੰ ਯਾਦ ਕਰਨਾ ਸੀ।
ਪਟਨਾ ਸਥਿਤ ਬਾਪੂ ਯਾਦਗਾਰ ਹਾਲ ’ਚ ਬੁੱਧਵਾਰ ਨੂੰ ਬਾਪੂ ਦੇ ਭਜਨ ‘ਈਸ਼ਵਰ-ਅੱਲ੍ਹਾ ਤੇਰੋ ਨਾਮ’ (Ishwar Alla Tero Naam) ਗਾਉਣ ’ਤੇ ਲੋਕ ਗਾਇਕਾ ਦੇਵੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਭਾਰਤ ਰਤਨ ਮਦਨ ਮੋਹਨ ਮਾਲਵੀਆ ਦੀ ਜੈਅੰਤੀ ਅਤੇ ਸਾਬਕਾ ਪੀਐੱਮ ਅਟਲ ਬਿਹਾਰੀ ਵਾਜਪਾਈ ਦੇ ਜਨਮ ਸ਼ਤਾਬਦੀ ਸਾਲ ਮੌਕੇ ‘ਮੈਂ ਅਟਲ ਰਹੂੰਗਾ’ ਪ੍ਰੋਗਰਾਮ ’ਚ ਦੇਵੀ ਨੂੰ ਇਸ ਭਜਨ ਨੂੰ ਗਾਉਣ ’ਤੇ ਮਾਫੀ ਮੰਗਣੀ ਪਈ। ਸਮਾਗਮ ਦਾ ਆਯੋਜਨ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਨਿਆਸ ਵੱਲੋਂ ਕੀਤਾ ਗਿਆ ਸੀ। ਮਾਮਲੇ ਦਾ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨੇ ਵਿਰੋਧ ਕੀਤਾ ਹੈ।
ਲੋਕ ਗਾਇਕਾ ਦੇਵੀ ਨੇ ਬਾਪੂ ਦੇ ਪਸੰਦੀਦਾ ਭਜਨ ਈਸ਼ਵਰ ਅੱਲਾ ਤੇਰੋ ਨਾਮ ਗਾਉਣਾ ਸ਼ੁਰੂ ਕੀਤਾ ਤਾਂ ਹਾਲ ’ਚ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਹ ਕਹਿੰਦੇ ਹੋਏ ਕਿ ਗਾਣੇ ਦੀਆਂ ਇਹ ਸਹੀ ਲਾਈਨਾਂ ਨਹੀਂ ਹਨ।
ਇਸ ਨੂੰ ਲੈ ਕੇ ਗਾਇਕਾ ਆਪਣਾ ਪੱਖ ਰੱਖ ਰਹੀ ਸੀ ਪਰ ਰੌਲੇ-ਰੱਪੇ ’ਚ ਉਨ੍ਹਾਂ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਆਯੋਜਕਾਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਦੇਵੀ ਨੇ ਭਾਰਤ ਮਾਤਾ ਦੀ ਜੈ ਅਤੇ ਅਟਲ ਬਿਹਾਰੀ ਵਾਜਪਾਈ ਅਮਰ ਰਹੇ ਦੇ ਨਾਅਰੇ ਲਗਾਏ।
ਲੋਕਾਂ ਨੇ ਹਾਲ ’ਚ ਖੜ੍ਹੇ ਹੋ ਕੇ ਜੈ ਸ੍ਰੀਰਾਮ ਦੇ ਨਾਅਰੇ ਲਗਾਏ। ਦੇਵੀ ਨੇ ਕਿਹਾ ਕਿ ਭਗਵਾਨ ਸਾਡੇ ਸਾਰਿਆਂ ਦੇ ਹਨ ਅਤੇ ਉਨ੍ਹਾਂ ਦਾ ਉਦੇਸ਼ ਕੇਵਲ ਰਾਮ ਨੂੰ ਯਾਦ ਕਰਨਾ ਸੀ। ਉਨ੍ਹਾਂ ਭਾਰਤੀ ਸੱਭਿਆਚਾਰ ’ਚ ਵਸੁਧੈਵ ਕੁਟੁੰਬਕਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਿੰਦੂ ਹੀ ਹਨ ਜੋ ਸਾਰਿਆਂ ਨੂੰ ਆਪਣੇ ’ਚ ਸ਼ਾਮਲ ਕਰਦੇ ਹਨ।
ਭਜਨ ਨਾਲ ਕਿਸੇ ਦੀ ਭਾਵਨਾ ਨੂੰ ਸੱਟ ਵੱਜੀ ਹੈ ਤਾਂ ਉਹ ਮਾਫੀ ਮੰਗਦੀ ਹੈ। ਕਈ ਲੋਕ ਅਸੰਤੁਸ਼ਟ ਹੋ ਕੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਹਾਲ ’ਚੋਂ ਬਾਹਰ ਨਿਕਲ ਗਏ। ਇਸ ਤੋਂ ਬਾਅਦ ਦੇਵੀ ਨੇ ਸ਼ਾਰਦਾ ਸਿਨ੍ਹਾ ਨੂੰ ਯਾਦ ਕਰਦੇ ਹੋਏ ਛਠ ਗੀਤ ਗਾਇਆ, ਫਿਰ ਉਥੋਂ ਚਲੀ ਗਈ।
ਸੰਘ ਨੂੰ ਜੈ ਸੀਆਰਾਮ ਕਦੇ ਪਸੰਦ ਨਹੀਂ ਆਇਆ : ਲਾਲੂ
ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਨੇ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨ ਈਸ਼ਵਰ ਅੱਲ੍ਹਾ ਤੇਰੋ ਨਾਮ ’ਤੇ ਇਤਰਾਜ਼ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਆਪਣੇ ਐਕਸ ਹੈਂਡਲ ’ਤੇ ਲਿਖਿਆ, ਸੰਘੀਆਂ ਅਤੇ ਭਾਜਪਾਈਆਂ ਨੂੰ ਜੈ ਸੀਆਰਾਮ ਦੇ ਨਾਂ ਤੇ ਨਾਅਰੇ ਤੋਂ ਸ਼ੁਰੂ ਤੋਂ ਹੀ ਨਫ਼ਰਤ ਹੈ ਕਿਉਂਕਿ ਉਸ ’ਚ ਮਾਤਾ ਸੀਤਾ ਦਾ ਜੈਕਾਰਾ ਹੈ।
ਇਹ ਲੋਕ ਸ਼ੁਰੂ ਤੋਂ ਹੀ ਔਰਤ ਵਿਰੋਧੀ ਹਨ ਅਤੇ ਜੈ ਸ੍ਰੀਰਾਮ ਦੇ ਨਾਅਰੇ ਦੇ ਨਾਲ ਅੱਧੀ ਆਬਾਦੀ ਦਾ ਵੀ ਅਪਮਾਨ ਕਰਦੇ ਹਨ। ਉਨ੍ਹਾਂ ਲਿਖਿਆ, ਗਾਇਕਾ ਦੇਵੀ ਨੇ ਸਮਾਗਮ ’ਚ ਬਾਪੂ ਦੇ ਨਾਂ ’ਤੇ ਬਣਾਏ ਹਾਲ ’ਚ ਬਾਪੂ ਦਾ ਭਜਨ ਗਾ ਕੇ ਸੀਤਾਰਾਮ ਬੋਲ ਦਿੱਤਾ ਤਾਂ ਭਾਜਪਾਈਆਂਨੇ ਮਾਈਕ ’ਤੇ ਉਸ ਤੋਂ ਮਾਫੀ ਮੰਗਵਾਈ।
ਜੈ ਸੀਤਾਰਾਮ ਦੀ ਬਜਾਏ ਜੈ ਸ੍ਰੀਰਾਮ ਦੇ ਨਾਅਰੇ ਲਗਵਾਏ। ਸੂਬਾ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਡਾ. ਅਖਿਲੇਸ਼ ਪ੍ਰਸਾਦ ਸਿੰਘ ਨੇ ਕਿਹਾ ਹੈ ਕਿ ਭਾਜਪਾ ਆਪਣੀਆਂ ਹਰਕਤਾਂ ਨਾਲ ਇਹ ਸਾਬਤ ਕਰਨ ’ਚ ਜੁਟੀ ਹੈ ਕਿ ਉਹ ਨਾ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਸਨਮਾਨ ਕਰਦੀ ਹੈ ਤੇ ਨਾ ਹੀ ਰਾਸ਼ਟਰਪਿਤਾ ਬਾਪੂ ਦਾ।