Saturday, June 13, 2026
Google search engine
HomeDeshBaltana ਫਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ: ਸ਼ਾਰਟ ਸਰਕਟ ਨੇ ਮਿੰਟਾਂ...

Baltana ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ: ਸ਼ਾਰਟ ਸਰਕਟ ਨੇ ਮਿੰਟਾਂ ‘ਚ ਸਾੜਿਆ ਲੱਖਾਂ ਦਾ ਫਰਨੀਚਰ

ਬਲਟਾਣਾ ਦੇ ਰਿਹਾਇਸ਼ੀ ਖੇਤਰ ਵਿੱਚ ਅੱਜ ਐਤਵਾਰ ਸਵੇਰੇ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ

 ਬਲਟਾਣਾ ਦੇ ਰਿਹਾਇਸ਼ੀ ਖੇਤਰ ਵਿੱਚ ਅੱਜ ਐਤਵਾਰ ਸਵੇਰੇ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਘਰਾਂ ਦੇ ਬਿਲਕੁਲ ਨੇੜੇ ਸਥਿਤ ਇੱਕ ਫਰਨੀਚਰ ਵਰਕਸ਼ਾਪ ਵਿੱਚ ਭਿਆਨਕ ਅੱਗ ਲੱਗ ਗਈ। ਸਵੇਰੇ ਕਰੀਬ ਸਾਢੇ 10 ਵਜੇ ਲੱਗੀ ਇਸ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਵਰਕਸ਼ਾਪ ਵਿੱਚ ਪਿਆ ਲੱਖਾਂ ਰੁਪਏ ਦਾ ਕੀਮਤੀ ਫਰਨੀਚਰ ਅਤੇ ਕੱਚਾ ਮਾਲ ਸੜ ਕੇ ਕੋਲਾ ਹੋ ਗਿਆ। ਅਸਮਾਨ ਵਿੱਚ ਉੱਠਦੇ ਕਾਲੇ ਧੂੰਏਂ ਦੇ ਗੁਬਾਰ ਕਈ ਕਿਲੋਮੀਟਰ ਦੂਰੋਂ ਦੇਖੇ ਜਾ ਸਕਦੇ ਸਨ, ਜਿਸ ਕਾਰਨ ਪੂਰੇ ਪਿੰਡ ਵਿੱਚ ਤਰਥੱਲੀ ਮਚ ਗਈ।

ਰਿਹਾਇਸ਼ੀ ਘਰਾਂ ਤੱਕ ਪਹੁੰਚਣ ਵਾਲੀ ਸੀ ਅੱਗ, ਲੋਕਾਂ ਦੇ ਸੁੱਕੇ ਸਾਹ

ਘਟਨਾ ਦੇ ਸਮੇਂ ਹਾਲਾਤ ਇੰਨੇ ਨਾਜ਼ੁਕ ਬਣ ਗਏ ਸਨ ਕਿ ਅੱਗ ਦੀਆਂ ਲਪਟਾਂ ਰਿਹਾਇਸ਼ੀ ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਅੱਗ ਦੀ ਤਪਸ਼ ਅਤੇ ਖ਼ਤਰੇ ਨੂੰ ਦੇਖਦਿਆਂ ਨੇੜਲੇ ਘਰਾਂ ਦੇ ਸੈਂਕੜੇ ਲੋਕ ਸੜਕਾਂ ‘ਤੇ ਨਿਕਲ ਆਏ। ਕਈ ਪਰਿਵਾਰ ਇੰਨੇ ਖੌਫ਼ ਵਿੱਚ ਸਨ ਕਿ ਉਨ੍ਹਾਂ ਨੇ ਤੁਰੰਤ ਆਪਣੇ ਘਰਾਂ ਵਿੱਚੋਂ ਕੀਮਤੀ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਪ੍ਰਤੱਖ ਦਰਸ਼ੀਆਂ ਅਨੁਸਾਰ, ਜੇਕਰ ਫਾਇਰ ਬ੍ਰਿਗੇਡ ਪਹੁੰਚਣ ਵਿੱਚ ਥੋੜ੍ਹੀ ਵੀ ਦੇਰੀ ਹੁੰਦੀ ਤਾਂ ਇਹ ਅੱਗ ਘਰਾਂ ਤੱਕ ਪਹੁੰਚ ਸਕਦੀ ਸੀ, ਜਿਸ ਨਾਲ ਜਾਨੀ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ।
ਫਾਇਰ ਵਿਭਾਗ ਦੀ ਇੱਕ-ਡੇਢ ਘੰਟੇ ਦੀ ਮੁਸ਼ੱਕਤ
ਜ਼ੀਰਕਪੁਰ ਫਾਇਰ ਵਿਭਾਗ ਦੇ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਸਵੇਰੇ ਸ਼ੌਕਤ ਅਲੀ ਦੀ ਵਰਕਸ਼ਾਪ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਦੋ ਫਾਇਰ ਟੈਂਡਰ ਮੌਕੇ ‘ਤੇ ਰਵਾਨਾ ਕੀਤੇ ਗਏ। ਫਾਇਰ ਫਾਈਟਰਾਂ ਨੇ ਲਗਭਗ ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਰਾਜੀਵ ਕੁਮਾਰ ਨੇ ਗੰਭੀਰ ਖੁਲਾਸਾ ਕਰਦਿਆਂ ਕਿਹਾ ਕਿ ਵਰਕਸ਼ਾਪ ਵਿੱਚ ਅੱਗ ਬੁਝਾਉਣ ਦਾ ਕੋਈ ਵੀ ਯੰਤਰ ਮੌਜੂਦ ਨਹੀਂ ਸੀ, ਜੋ ਸਿੱਧੇ ਤੌਰ ‘ਤੇ ਮਾਲਕ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਪ੍ਰਸ਼ਾਸਨਿਕ ਅਣਗਹਿਲੀ ਦੇ ਬਾਰੂਦ ‘ਤੇ ਬੈਠਾ ਬਲਟਾਣਾ
ਖੇਤਰ ਵਾਸੀਆਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਦੋਸ਼ ਲਾਇਆ ਕਿ ਕਰੀਬ ਡੇਢ ਸਾਲ ਪਹਿਲਾਂ ਵੀ ਇਸੇ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗੀ ਸੀ, ਜਿਸ ਵਿੱਚ ਦੋ ਦਰਜਨ ਦੇ ਕਰੀਬ ਦੁਕਾਨਾਂ ਸੜ ਗਈਆਂ ਸਨ। ਉਸ ਸਮੇਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ ਇਨ੍ਹਾਂ ਖ਼ਤਰਨਾਕ ਵਰਕਸ਼ਾਪਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਬਾਹਰ ਤਬਦੀਲ ਕੀਤਾ ਜਾਵੇ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਉਹ ਬਾਰੂਦ ਦੇ ਢੇਰ ‘ਤੇ ਰਹਿਣ ਲਈ ਮਜਬੂਰ ਹਨ।
ਪੁਲਿਸ ਨੇ ਸੰਭਾਲੀ ਸਥਿਤੀ
ਮੌਕੇ ‘ਤੇ ਪਹੁੰਚੇ ਬਲਟਾਣਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੁਲਿਸ ਟੀਮ ਸਮੇਤ ਸਥਿਤੀ ‘ਤੇ ਨਜ਼ਰ ਰੱਖੀ ਅਤੇ ਭੀੜ ਨੂੰ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵੱਡਾ ਸਵਾਲ: ਆਖ਼ਰ ਪ੍ਰਸ਼ਾਸਨ ਕਿਸੇ ਵੱਡੇ ਜਾਨੀ ਹਾਦਸੇ ਦਾ ਇੰਤਜ਼ਾਰ ਕਿਉਂ ਕਰ ਰਿਹਾ ਹੈ? ਰਿਹਾਇਸ਼ੀ ਇਲਾਕਿਆਂ ਵਿੱਚ ਬਿਨਾਂ ਫਾਇਰ ਐਨ.ਓ.ਸੀ ਦੇ ਚੱਲ ਰਹੀਆਂ ਇਹ ਵਰਕਸ਼ਾਪਾਂ ਲੋਕਾਂ ਦੀ ਜਾਨ ਲਈ ਲਗਾਤਾਰ ਖ਼ਤਰਾ ਬਣੀਆਂ ਹੋਈਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments