ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਜਬੋਵਾਲ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ
ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਜਬੋਵਾਲ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਅਤੇ ਗਮ ਦਾ ਮਾਹੌਲ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਉਰਫ਼ ਮੰਨਾ ਵਜੋਂ ਹੋਈ ਹੈ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦਾ ਪੰਜ ਮਹੀਨੇ ਦਾ ਇੱਕ ਬੱਚਾ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਬੀਤੀ ਰਾਤ ਕਰੀਬ 10 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਦੋਸਤ ਬੋਲੇ- ਮਨਜਿੰਦਰ ਦੀ ਕਿਸੇ ਨਾਲ ਨਹੀਂ ਸੀ ਦੁਸ਼ਮਣੀ
ਮ੍ਰਿਤਕ ਦੇ ਦੋਸਤ ਸਾਹਿਬ ਸਿੰਘ ਮਾਨ ਨੇ ਦੱਸਿਆ ਕਿ ਮਨਜਿੰਦਰ ਸਿੰਘ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਅਚਾਨਕ ਹਮਲਾ ਕੀਤਾ ਅਤੇ ਮੌਕੇ ਦਾ ਫਾਇਦਾ ਚੁੱਕਦਿਆਂ ਗੋਲੀਆਂ ਚਲਾ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਮਨਜਿੰਦਰ ਸਿੰਘ ਨੂੰ ਪੰਜ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਚਾਰ ਉਸ ਦੀ ਪਿੱਠ ਅਤੇ ਇੱਕ ਛਾਤੀ ਵਿੱਚ ਵੱਜੀ। ਗੋਲੀ ਦੀ ਆਵਾਜ਼ ਸੁਣ ਕੇ ਨੇੜੇ ਮੌਜੂਦ ਲੋਕ ਮੌਕੇ ਤੇ ਪਹੁੰਚੇ ਅਤੇ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਸਾਹਿਬ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਨਾਲ ਪਿੰਡ ਦੇ ਲੋਕ ਬਹੁਤ ਦੁਖੀ ਹਨ ਅਤੇ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਦੀ ਇਸ ਤਰ੍ਹਾਂ ਹੱਤਿਆ ਹੋਣਾ ਬਹੁਤ ਹੀ ਦੁਖਦਾਈ ਹੈ ਅਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ
ਡੀਐਸਪੀ ਦਾ ਦਾਅਵਾ- ਜਲਦ ਕਾਬੂ ਆਉਣਗੇ ਹਮਲਾਵਰ
ਉਧਰ, ਮੌਕੇ ਤੇ ਪਹੁੰਚੇ ਜੰਡਿਆਲਾ ਦੇ ਡੀਐਸਪੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਕਰੀਬ 10 ਵਜੇ ਦੇ ਸਮੇਂ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਨਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਤੇ ਫਾਇਰਿੰਗ ਕੀਤੀ ਸੀ। ਪੁਲਿਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਵਿਸ਼ੇਸ਼ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਜਲਦ ਟਰੇਸ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇਗਾ।