ਚੋਣ ਮੈਦਾਨ ’ਚ ਨਿੱਤਰੇ ਸਾਰੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਹਨ ਵੱਖ-ਵੱਖ ਤੱਥ
ਲੋਕ ਸਭਾ ਚੋਣਾਂ ਦੌਰਾਨ ਅਤਿ ਮਹੱਤਵਪੂਰਨ (ਵੀਆਈਪੀ) ਬਣ ਚੁੱਕੀ ਜਲੰਧਰ ਸੀਟ ਤੋਂ ਚੋਣ ਲੜ ਰਹੇ ਵੱਖ-ਵੱਖ ਪਾਰਟੀਆ ਦੇ ਉਮੀਦਵਾਰਾਂ ਲਈ ਇੱਥੋਂ ਦਰਜ ਕਰਨੀ ਆਸਾਨ ਨਹੀਂ ਹੋਵੇਗੀ। ਮੁੱਖ ਪੰਜ ਉਮੀਦਵਾਰਾਂ ’ਚ ਜਿੱਥੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲ-ਬਦਲ ਕੇ ਦੂਜੀਆਂ ਪਾਰਟੀਆ ’ਚ ਆਏ ਹਨ, ਉਥੇ ਹੀ ਕਾਂਗਰਸੀ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ। ਸਿਰਫ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੀ ਅਜਿਹੇ ਹਨ, ਜੋ ਇੱਥੋਂ ਪਹਿਲਾਂ ਵੀ ਬਸਪਾ ਦੀ ਟਿਕਟ ’ਤੇ ਹੀ ਚੋਣ ਲੜ ਚੁੱਕੇ ਹਨ। ਚੋਣ ਮੈਦਾਨ ’ਚ ਨਿੱਤਰੇ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਵੱਖ-ਵੱਖ ਤਰ੍ਹਾਂ ਦੇ ਤੱਥ ਹਨ। ਅਨੁਸੂਚਿਤ ਜਾਤੀ ਲਈ ਰਾਖਵੇਂ ਇਸ ਹਲਕੇ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂੰ, ਭਾਰਤੀ ਜਨਤਾ ਪਾਰਟੀ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਸ਼੍ਰੋੋਮਣੀ ਅਕਾਲੀ ਦਲ ਵੱਲੋਂ ਮੋਹਿੰਦਰ ਸਿੰਘ ਕੇਪੀ, ਬਹੁਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਪ੍ਰਮੁੱਖ ਉਮੀਦਵਾਰ ਹਨ। ਹਾਲਾਂਕਿ ਹਲਕੇ ਤੋਂ ਕੁੱਲ 20 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚ ਸੀਪੀਆਈ (ਐੱਮ) ਦੇ ਪੁਰਸ਼ੋਤਮ ਲਾਲ ਬਿਲਗਾ, ਅਪਨਾ ਸਮਾਜ ਪਾਰਟੀ ਦੇ ਰਾਜਵੰਤ ਕੌਰ ਖਾਲਸਾ, ਰਿਪਬਲਿਕਨ ਪਾਰਟੀ ਆਫ ਇੰਡੀਆ (ਆਠਵਲੇ) ਦੀ ਸੋਨੀਆ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਰਾਜ ਕੁਮਾਰ ਸਾਕੀ, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਗੁਲਸ਼ਨ ਕੁਮਾਰ, ਸ਼੍ਰੋੋਮਣੀ ਆਕਾਲੀ ਦਲ ਅੰਮ੍ਰਿਤਸਰ ਦੇ ਸਰਬਜੀਤ ਸਿੰਘ ਖਾਲਸਾ ਤੋਂ ਇਲਾਵਾ 7 ਆਜ਼ਾਦ ਉਮੀਦਵਾਰ ਸ਼ਾਮਲ ਹਨ। ਪਿਛਲੀਆ ਲੋਕ ਸਭਾ ਚੋਣਾਂ ਤੋਂ ਲਗਾਤਾਰ ਘੱਟ ਰਹੀ ਵੋਟ ਫੀਸਦੀ ਉਮੀਦਵਾਰਾਂ ਦੀ ਹਾਰ-ਜਿੱਤ ’ਤੇ ਅਸਰ ਪਾ ਸਕਦੀ ਹੈ।ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ’ਚ ਹਨ। ਚੰਨੀ ਜਿੱਥੇ ਆਪਣੇ ਵੱਖਰੇ ਅੰਦਾਜ਼ ਕਾਰਨ ਚਰਚਾ ’ਚ ਰਹਿੰਦੇ ਹਨ, ਉਥੇ ਹੀ ਵਿਵਾਦਾਂ ’ਚ ਵੀ ਆ ਜਾਂਦੇ ਹਨ। ਉਹ ਹਲਕੇ ਤੋਂ ਬਾਹਰਲੇ ਉਮੀਦਵਾਰ ਹਨ ਹਾਲਾਂਕਿ ਤਿੰਨ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਜਲੰਧਰ ਹਲਕੇ ਅੰਦਰ ਹਰਮਨ-ਪਿਆਰਤਾ ਵਧੀ ਸੀ ਤੇ ਪਾਰਟੀ ਦੇ ਬਹੁਤੇ ਆਗੂ ਤੇ ਵਰਕਰ ਉਨ੍ਹਾਂ ਨੂੰ ਇੱਥੋਂ ਟਿਕਟ ਦਿੱਤੇ ਜਾਣ ਦੇ ਹੱਕ ’ਚ ਸਨ। ਇਕ ਤੱਥ ਇਹ ਵੀ ਉਨ੍ਹਾਂ ਦੇ ਹੱਕ ’ਚ ਜਾਂਦਾ ਹੈ ਕਿ ਹਲਕੇ ਦੇ ਜਲੰਧਰ ਕੈਂਟ, ਸ਼ਾਹਕੋਟ ਤੇ ਆਦਮਪੁਰ ਹਲਕਿਆ ’ਚ ਕਾਂਗਰਸ ਦੇ ਵਿਧਾਇਕ ਹਨ, ਜੋ ਕਿ ਆਪਣੀ ਸਾਖ ਬਚਾਉਣ ਲਈ ਚੰਨੀ ਦੇ ਹੱਕ ’ਚ ਡਟੇ ਹੋਏ ਹਨ। ਹਾਲਾਂਕਿ ਉਨ੍ਹਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਹੀ ਹਲਕੇ ਦੇ ਪ੍ਰਮੁੱਖ ਕਾਂਗਰਸੀ ਚੌਧਰੀ ਤੇ ਕੇਪੀ ਪਰਿਵਾਰ ਉਨ੍ਹਾਂ ਨੂੰ ਟਿਕਟ ਦੇਣ ਦਾ ਵਿਰੋਧ ਕਰਨ ਲੱਗ ਪਏ ਸਨ ਅਤੇ ਟਿਕਟ ਦਿੱਤੇ ਜਾਣ ਕਾਰਨ ਪਾਰਟੀ ਛੱਡ ਗਏ ਹਨ। ਇਨ੍ਹਾਂ ਦੋਵਾਂ ਪਰਿਵਾਰਾਂ ਦਾ ਹਲਕੇ ਅੰਦਰ ਪਿਛਲੇ ਕਈ ਦਹਾਕਿਆ ਤੋਂ ਦਬਦਬਾ ਰਿਹਾ ਹੈ ਅਤੇ ਉਹ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜਦੇ ਰਹੇ ਹਨ। ਮਰਹੂਮ ਐੱਮਪੀ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਇਸ ਵੇਲੇ ਵੀ ਫਿਲੌਰ ਤੋਂ ਵਿਧਾਇਕ ਹਨ। ਚੰਨੀ ਦੀ ਜਿੱਥੇ ਹਲਕੇ ਅੰਦਰ ਹਰਮਨ-ਪਿਆਰਤਾ ਉਨ੍ਹਾਂ ਦੇ ਹੱਕ ’ਚ ਹੈ ਤਾਂ ਉਥੇ ਹੀ ਚੌਧਰੀ ਤੇ ਕੇਪੀ ਪਰਿਵਾਰ ਦਾ ਪਾਰਟੀ ਛੱਡ ਕੇ ਵਿਰੋਧੀਆ ਨਾਲ ਰਲਣਾ ਵੀ ਨੁਕਸਾਨਦੇਹ ਹੋ ਸਕਦਾ ਹੈ।ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜ਼ਿਮਨੀ ਚੋਣ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੜੀ ਸੀ ਤੇ ਉਹ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸਨ। ‘ਆਪ’ ਨੇ ਉਨ੍ਹਾਂ ਟਿਕਟ ਵੀ ਦੇ ਦਿੱਤੀ ਸੀ ਪਰ ਉਹ ਭਾਜਪਾ ’ਚ ਸ਼ਾਮਲ ਹੋ ਗਏ ਅਤੇ ਪਾਰਟੀ ਨੇ ਮੈਦਾਨ ’ਚ ਉਤਾਰ ਦਿੱਤਾ। ਰਿੰਕੂ ਦੇ ਕਾਂਗਰਸ ਤੋਂ ‘ਆਪ’ ਤੇ ਫਿਰ ਭਾਜਪਾ ’ਚ ਆਉਣ ਨਾਲ ਉਨ੍ਹਾਂ ਦੇ ਕਈ ਹਮਾਇਤੀ ਵੀ ਜੋ ਕਾਂਗਰਸ ਛੱਡ ਕੇ ‘ਆਪ’ ਵਿਚ ਨਾਲ ਆਏ ਸਨ, ਮੁੜ ਕਾਂਗਰਸ ’ਚ ਚਲੇ ਗਏ ਹਨ। ਜੇਕਰ ਭਾਜਪਾ ਉਮੀਦਵਾਰ ਦੇ ਹੱਕ ’ਚ ਜਾਣ ਵਾਲੇ ਤੱਥਾਂ ਦੀ ਗੱਲ ਕਰੀਏ ਤਾਂ ਮੁੱਖ ਤੱਥ ਇਹ ਹੈ ਕਿ ਜ਼ਿਮਨੀ ਚੋਣ ਦੌਰਾਨ ਭਾਜਪਾ ਦਾ ਹਲਕੇ ਅੰਦਰ ਵੋਟ ਬੈਂਕ ਵਧਿਆ ਹੈ ਤੇ ਉਸ ਨੂੰ ਸ਼ਹਿਰਾਂ ਤੇ ਕਸਬਿਆ ’ਚ ਵਧੇਰੇ ਵੋਟ ਮਿਲੇ ਸਨ। ਜਲੰਧਰ ਸੈਂਟਰਲ ਤੇ ਜਲੰਧਰ ਨਾਰਥ ਹਲਕੇ ਤੋਂ ਜ਼ਿਮਨੀ ਚੋਣ ਦੌਰਾਨ ਭਾਜਪਾ ਦੀ ਵੋਟ ਵਧੀ ਸੀ। ਇਹ ਵੋਟ ਫੀਸਦੀ ਇਸ ਵਾਰ ਹੋਰ ਵੱਧਣ ਦੇ ਆਸਾਰ ਹਨ। ਇਸ ਹਫਤੇ ਪ੍ਰਧਾਨ ਮੰਤਰੀ ਮੋਦੀ ਦੀ ਹੋਣ ਵਾਲੀ ਚੋਣ ਰੈਲੀ ਨਾਲ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਭਾਜਪਾ ਦਾ ਪਿੰਡਾਂ ਅੰਦਰ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨਾਲ ਉਸ ਨੂੰ ਪਿੰਡਾਂ ’ਚੋਂ ਵੋਟਾਂ ਘੱਟ ਪੈਣ ਦੇ ਆਸਾਰ ਹਨ।ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਆਦਮਪੁਰ ਹਲਕੇ ਤੋਂ ਦੋ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਅਕਾਲੀ ਦਲ ਛੱਡ ਕੇ ਪਾਰਟੀ ਬਦਲਣ ਉਪਰੰਤ ‘ਆਪ’ ਵੱਲੋਂ ਚੋਣ ਲੜ ਰਹੇ ਹਨ। ਟੀਨੂੰ ਦੇ ਹੱਕ ’ਚ ਇਹ ਤੱਥ ਹਨ ਕਿ ‘ਆਪ’ ਦੀ ਪੰਜਾਬ ਅੰਦਰ ਮੌਜੂਦਾ ਸਰਕਾਰ ਹੈ ਅਤੇ ਹਲਕੇ ਅੰਦਰ ਉਸ ਦੇ ਤਿੰਨ ਹਲਕਿਆਂ ਨਕੋਦਰ, ਕਰਤਾਰਪੁਰ ਤੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਹਨ, ਇਹ ਵਿਧਾਇਕ ਵੀ ਆਪਣੀ ਸ਼ਾਖ ਬਚਾਉਣ ਲਈ ਟੀਨੂੰ ਨੂੰ ਜਿਤਾਉਣ ਲਈ ਪੂਰਾ ਤਾਣ ਲਾ ਰਹੇ ਹਨ। ਉਨ੍ਹਾਂ ਦੇ ਹੱਕ ’ਚ ਇਹ ਤੱਥ ਵੀ ਹੈ ਕਿ ਜ਼ਿਮਨੀ ਚੋਣ ਦੌਰਾਨ ਹਲਕਾ ਵਾਸੀਆਂ ਨੇ ‘ਆਪ’ ਦੇ ਉਮੀਦਵਾਰ ਨੂੰ ਜਿੱਤ ਦਿਵਾਈ ਸੀ ਹਾਲਾਂਕਿ ਇਸ ਵਾਰ ਉਹ ਪਾਰਟੀ ਛੱਡ ਗਿਆ। ਮੁੱਖ ਮੰੰਤਰੀ ਭਗਵੰਤ ਮਾਨ ਵੀ ਇਸ ਵੀਆਈਪੀ ਸੀਟ ’ਤੇ ਲਗਾਤਾਰ ਚੋਣ ਪ੍ਰਚਾਰ ਲਈ ਆ ਰਹੇ ਹਨ। ਸੱਤਾਧਾਰੀ ਪਾਰਟੀ ਆਪਣੀਆ ਪਿਛਲੇ ਦੋ ਸਾਲਾਂ ਦੀਆ ਉਪਲਬਧੀਆਂ ਨੂੰ ਆਧਾਰ ਬਣਾ ਕੇ ਵੋਟਾਂ ਮੰਗ ਰਹੀ ਹੈ। ਹਾਲਾਂਕਿ ਜ਼ਿਮਨੀ ਚੋਣ ਦੌਰਾਨ ਭਾਜਪਾ ਦਾ ਸ਼ਹਿਰੀ ਵੋਟ ਬੈਂਕ ਵੱਧਣ ਕਾਰਨ ‘ਆਪ’ ਨੂੰ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ ਅਤੇ ਬਸਪਾ ਉਮੀਦਵਾਰ ਜੇਕਰ 2019 ਦੀਆ ਚੋਣਾਂ ਵਾਂਗ ਹੀ ਵਧੇਰੇ ਵੋਟਾਂ ਲੈਂਦਾ ਹੈ ਤਾਂ ਇਸ ਨਾਲ ਵੀ ਸੱਤਾਧਾਰੀ ਪਾਰਟੀ ਨੂੰ ਸੱਟ ਵੱਜ ਸਕਦੀ ਹੈ।ਟਕਸਾਲੀ ਕਾਂਗਰਸੀ ਕੇਪੀ ਪਰਿਵਾਰ ਦੇ ਮੋਹਿੰਦਰ ਸਿੰਘ ਕੇਪੀ ਜੋ ਕਿ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਤੇ ਇਕ ਵਾਰ ਇਥੋਂ ਐੱਮਪੀ ਰਹੇ ਹਨ, ਪਿਛਲੇ ਸਮੇਂ ਤੋਂ ਪਾਰਟੀ ਵੱਲੋਂ ਲਗਾਤਾਰ ਵਿਸਾਰੇ ਜਾਣ ਕਾਰਨ ਇਸ ਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਕੇ ਉਸ ਵੱਲੋਂ ਚੋਣ ਮੈਦਾਨ ’ਚ ਨਿੱਤਰੇ ਹਨ। ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਆਪਣੀ ਸਾਖ ਬਹਾਲ ਕਰਨ ਲਈ ਲੜ ਰਹੇ ਹਨ। ਪਿਛਲੇ ਸਮੇਂ ਦੌਰਾਨ ਅਕਾਲੀ-ਭਾਜਪਾ ਗਠਜੋੜ ਹੋਣ ਕਾਰਨ ਅਕਾਲੀ ਦਲ ਪੇਂਡੂ ਖੇਤਰ ’ਚ ਆਪਣੇ ਆਧਾਰ ਤੇ ਭਾਜਪਾ ਸ਼ਹਿਰੀ ਖੇਤਰ ਵਿਚਲੇ ਆਧਾਰ ਕਾਰਨ ਜਿੱਤਦੇ ਰਹੇ ਹਨ ਪਰ ਗਠਜੋੜ ਟੁੱਟਣ ਕਾਰਨ ਦੋਵੇਂ ਵੱਖ-ਵੱਖ ਚੋਣ ਲੜ ਰਹੇ ਹਨ। ਇਸ ਲਈ ਸ਼ਹਿਰੀ ਖੇਤਰ ’ਚ ਅਕਾਲੀ ਦਲ ਲਈ ਵੋਟ ਲੈਣੀ ਚੁਣੌਤੀ ਹੈ ਹਾਲਾਂਕਿ ਅਕਾਲੀ ਦਲ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਵਾਂਗ ਉਸ ਦਾ ਕਿਸਾਨਾਂ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਨੂੰ ਪੇਂਡੂ ਖੇਤਰ ’ਚ ਆਪਣਾ ਆਧਾਰ ਮਜ਼ਬੂਤ ਹੋਣ ਦੀ ਆਸ ਬੱਝ ਰਹੀ ਹੈ।ਬਹੁਜਨ ਸਮਾਜ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ’ਚ ਖੜ੍ਹੇ ਕੀਤੇ ਗਏ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਹੀ ਮੁੜ ਮੈਦਾਨ ’ਚ ਉਤਾਰਿਆ ਗਿਆ ਹੈ। ਪਿਛਲੀਆ ਚੋਣਾਂ ’ਚ ਬਲਵਿੰਦਰ ਕੁਮਾਰ ਨੇ 2,04,783 ਵੋਟਾਂ ਲੈ ਕੇ ਦੂਜੀਆ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ। ਉਹ 2019 ਤੋਂ ਲਗਾਤਾਰ ਹੀ ਸਰਗਰਮ ਤੌਰ ’ਤੇ ਹਲਕੇ ਅੰਦਰ ਵਿਚਰ ਰਹੇ ਹਨ। 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਕਰਤਾਰਪੁਰ ਹਲਕੇ ਤੋਂ ਚੋਣ ਲੜੀ ਸੀ ਅਤੇ ਤੀਸਰੇ ਨੰਬਰ ’ਤੇ ਰਹੇ ਸਨ। ਬਲਵਿੰਦਰ ਕੁਮਾਰ ਨੇ ਆਪਣੇ ਪ੍ਰਭਾਵ ਸਦਕਾ ਪਾਰਟੀ ਦੇ ਪੁਰਾਣੇ ਕੇਡਰ ਨੂੰ ਨਾਲ ਜੋੜਨ ਤੋਂ ਇਲਾਵਾ ਨੌਜਵਾਨਾਂ ਨਾਲ ਸੰਪਰਕ ਬਣਾਇਆ ਹੈ ਅਤੇ ਹਲਕੇ ਅੰਦਰ ਬਸਪਾ ਦੇ ਆਧਾਰ ਨੂੰ ਵਧਾਉਣ ’ਚ ਅਹਿਮ ਯੋਗਦਾਨ ਪਾਇਆ ਹੈ। ਪਾਰਟੀ ਨਾਲੋਂ ਟੁੱਟ ਚੁੱਕੇ ਕਈ ਪੁਰਾਣੇ ਵਰਕਰ ਤੇ ਹਮਾਇਤੀ ਮੁੜ ਬਸਪਾ ਨਾਲ ਜੁੜਨੇ ਸ਼ੁਰੂ ਹੋਏ ਹਨ। ਵਿਦੇਸ਼ਾਂ ’ਚ ਬੈਠੇ ਹਲਕੇ ਬਸਪਾ ਹਮਾਇਤੀ ਵੀ ਉਨ੍ਹਾਂ ਲਈ ਸੋਸ਼ਲ ਮੀਡੀਆ ’ਤੇ ਲਗਾਤਾਰ ਹਮਾਇਤ ਜੁਟਾਉਣ ਲਈ ਕੰਮ ਕਰ ਰਹੇ ਹਨ। ਬਸਪਾ ਦਾ ਪੇਂਡੂ ਖੇਤਰਾਂ ’ਚ ਵਧੇਰੇ ਆਧਾਰ ਹੋਣ ਕਰਕੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵਧੇਰੇ ਨੁਕਸਾਨ ਪਹੁੰਚਾ ਸਕਦੇ ਹਨ। ਪੇਂਡੂ ਖੇਤਰ ਦੀਆ ਵੋਟਾਂ ਵਧੇਰੇ ਉਮੀਦਵਾਰਾਂ ਵੰਡੀਆਂ ਜਾਣਗੀਆ, ਜਿਸ ਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ।





