ਪਾਕਿ ਨੇ ਪਾਣੀ ਦਾ ਵਹਾਅ ਭਾਰਤ ਵੱਲ ਕਰਨ ਲਈ ਰਾਵੀ ਦੇ ਕੰਢਿਆਂ ’ਤੇ ਬਣਾਏ ਸਟੱਡ,
ਭਾਰਤ ਵੱਲੋਂ ਜਿੱਥੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਮੇਂ-ਸਮੇਂ ’ਤੇ ਦੋਸਤਾਨਾ ਸਬੰਧ ਕਾਇਮ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ, ਉਥੇ ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਡ੍ਰੋਨਾਂ ਜ਼ਰੀਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਪਾਕਿਸਤਾਨ ਵੱਲੋਂ ਪਾਣੀ ਦੀ ਜੰਗ ਜਿੱਤਣ ਲਈ ਰਾਵੀ ਦਰਿਆ ਦੇ ਕੰਢਿਆਂ ’ਤੇ ਵੱਡੇ-ਵੱਡੇ ਸਟੱਡ ਤੇ ਸਪਰ ਬਣਾ ਕੇ ਰਾਵੀ ਦਰਿਆ ਦੇ ਪਾਣੀ ਦਾ ਵਹਾਅ ਭਾਰਤੀ ਖੇਤਰ ਵੱਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਹਰ ਸਾਲ ਜਿੱਥੇ ਰਾਵੀ ਦਰਿਆ ਨਾਲ ਲੱਗਦੀਆਂ ਜ਼ਮੀਨਾਂ ਦਰਿਆ ਬੁਰਦ ਹੋ ਰਹੀਆਂ ਹਨ, ਉਥੇ ਬਰਸਾਤੀ ਮੌਸਮ ਦੌਰਾਨ ਰਵੀ ਦਾ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਪੇਟ ’ਚ ਲੈ ਕੇ ਵੱਡੀ ਤਬਾਹੀ ਮਚਾਉਂਦਾ ਆ ਰਿਹਾ ਹੈ।ਜਾਣਕਾਰੀ ਅਨੁਸਾਰ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨਾਲ ਲੱਗਦਾ 153 ਕਿਲੋਮੀਟਰ ਲੰਬਾ ਰਾਵੀ ਦਰਿਆ ਜੋ ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਤੋਂ ਸ਼ੁਰੂ ਹੁੰਦਾ ਹੈ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਖੇਤਰ ਵਿੱਚੋਂ ਦਰਜਨ ਤੋਂ ਵੱਧ ਥਾਵਾਂ ਤੋਂ ਹੋ ਕੇ ਪਾਕਿਸਤਾਨ ਵਿਚ ਪ੍ਰਵੇਸ਼ ਕਰਦਾ ਹੈ। ਰਾਵੀ ਦਰਿਆ ਦਾ ਪਾਣੀ ਹਰ ਸਾਲ ਬਰਸਾਤੀ ਮੌਸਮ ਦੌਰਾਨ ਭਾਰਤੀ ਖੇਤਰ ਦੇ ਕਈ ਪਿੰਡਾਂ ਵਿਚ ਵੱਡੀ ਤਬਾਹੀ ਮਚਾਉਂਦਾ ਹੈ ਜਿਸ ਦਾ ਕਾਰਨ ਪਾਕਿਸਤਾਨ ਵੱਲੋਂ ਆਪਣੇ ਪਾਸੇ ਵੱਡੇ-ਵੱਡੇ ਸਟੱਡ ਅਤੇ ਸਪਰ ਬਣਾ ਕੇ ਰਾਵੀ ਦਰਿਆ ਦੇ ਪਾਣੀ ਦਾ ਵਹਾਅ ਭਾਰਤੀ ਖੇਤਰ ਵੱਲ ਮੋੜਨਾ ਮੰਨਿਆ ਜਾਂਦਾ ਹੈ। ਰਵੀ ਦਰਿਆ ਦੇ ਪਾਣੀ ਦਾ ਸੰਤਾਪ ਭੋਗ ਚੁੱਕੇ ਪਿੰਡ ਰੋਸਾ ਦੇ ਪ੍ਰਭਸ਼ਰਨ ਸਿੰਘ, ਜਗੀਰ ਸਿੰਘ, ਪਰਜੀਤ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ ਆਦਿ ਸਰਹੱਦੀ ਪੱਟੀ ਦੇ ਕਿਸਾਨਾਂ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਕੇ ਪਰਤੇ ਸ਼ਰਧਾਲੂ ਸਿਮਰਨਜੀਤ ਸਿੰਘ, ਤਰਨਜੀਤ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਤੋਂ ਜਾਣ ਵਾਲੇ ਮਾਰਗ ਰਾਵੀ ਦਰਿਆ ’ਤੇ ਵੱਡਾ ਪੁਲ ਦੇ ਨਾਲ-ਨਾਲ ਰਾਵੀ ਦਰਿਆ ਦਾ ਪਾਣੀ ਭਾਰਤੀ ਖੇਤਰ ਵੱਲ ਭੇਜਣ ਦੇ ਮਨੋਰਥ ਨਾਲ ਕਰੋੜਾਂ ਰੁਪਏ ਖਰਚ ਕਰ ਕੇ ਆਪਣੇ ਪਾਸੇ ਕਿਲੋਮੀਟਰ ਤੋਂ ਵੀ ਲੰਮੇ ਸਟੱਡ ਤੇ ਸਪਰ ਬਣਾਏ ਹੋਏ ਹਨ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦੇ ਰਾਵੀ ਦੇ ਕਿਨਾਰਿਆਂ ’ਤੇ ਵੀ ਪੱਥਰ ਲਗਾਏ ਹੋਏ ਹਨ।ਇੱਥੇ ਦੱਸ ਦੇਈਏ ਕਿ ਭਾਰਤੀ ਖੇਤਰ ਵੱਲ ਹੋਣ ਕਾਰਨ ਰਾਵੀ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰ ਕੇ 24 ਸਤੰਬਰ 1988 ਨੂੰ ਸਰਹੱਦੀ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਰੋਸਾ ਦੇ ਬੀਐੱਸਐੱਫ ਕੰਪਲੈਕਸ ਦੇ ਸਾਹਮਣੇ ਰਾਵੀ ਦੇ ਕਿਨਾਰੇ ਵੱਡਾ ਪਾੜ ਪੈਣ ਕਾਰਨ ਧੁੱਸੀ ਟੁੱਟਣ ਕਰ ਕੇ ਸੈਂਕੜੇ ਪਿੰਡ ਰਾਵੀ ਦਰਿਆ ਦੇ ਪਾਣੀ ਵਿਚ ਡੁੱਬ ਗਏ ਸਨ ਜਿੱਥੇ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੱਡੇ ਪੱਧਰ ’ਤੇ ਹੋਇਆ ਸੀ ਅਤੇ ਉਸ ਹੜ੍ਹ ਨੂੰ ਅਜੇ ਵੀ ਲੋਕ ਨਹੀਂ ਭੁੱਲੇ। ਰਾਵੀ ਦਰਿਆ ਦੇ ਪਾਣੀ ਤੋਂ ਪ੍ਰਭਾਵਿਤ ਪਿੰਡ ਆਦੀਆ, ਬਾਊਪੁਰ, ਪਕੀਵਾਂ, ਕਮਾਲਪੁਰ ਜੱਟਾਂ, ਲੋਪਾ, ਮੋਮਨਪੁਰ, ਮੇਤਲਾ, ਗੁਰ ਚੱਕ ਘਟੀਆ ਕੇ ਬੇਟ ਦੇ ਕਿਸਾਨਾਂ ਨੇ ਦੱਸਿਆ ਕਿ ਰਾਵੀ ਦਰਿਆ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਦੀ ਸੋਨੇ ਵਰਗੀ ਜ਼ਮੀਨ ਰਾਵੀ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਵੇਂ ਪਿੰਡ ਚੰਦੂ ਵਡਾਲਾ ਗੁਰਚੱਕ ਆਦਿ ਥਾਵਾਂ ’ਤੇ ਕਾਂਗਰਸ ਸਰਕਾਰ ਦੌਰਾਨ ਸਪਰ ਤੇ ਸਟੱਡ ਬਣਾਏ ਗਏ ਹਨ ਪ੍ਰੰਤੂ ਇਸ ਦੇ ਬਾਵਜੂਦ ਪਾਕਿ ਵਾਲੇ ਪਾਸੇ ਪਾਕਿ ਵੱਲੋਂ ਬਣਾਏ ਸਟੱਡ ਤੇ ਸਪਰਾਂ ਕਾਰਨ ਪਾਣੀ ਦਾ ਰੁਖ਼ ਭਾਰਤੀ ਖੇਤਰ ਵੱਲ ਹੋਣ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਬਰਸਾਤੀ ਮੌਸਮ ਦੌਰਾਨ ਨਸ਼ਟ ਹੋ ਜਾਂਦੀਆਂ ਹਨ।





