Sunday, November 1, 2026
Google search engine
HomeDeshPunjab ‘ਚ ਮੁੜ ਕਮਾਲ ਕਰੇਗੀ ਅਕਾਲੀ-ਭਾਜਪਾ ਦੀ ਜੋੜੀ! ਗਠਜੋੜ ਨੂੰ ਲੈ...

Punjab ‘ਚ ਮੁੜ ਕਮਾਲ ਕਰੇਗੀ ਅਕਾਲੀ-ਭਾਜਪਾ ਦੀ ਜੋੜੀ! ਗਠਜੋੜ ਨੂੰ ਲੈ ਕੇ ਨੇ AAP ਨੇ ਬੋਲਿਆ ਤਿੱਖਾ ਹਮਲਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਲਗਭਗ ਤੈਅ ਹੋ ਚੁੱਕਾ ਹੈ।

ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚੋਂ ਇੱਕ ਬੇਹੱਦ ਅਹਿਮ ਅਤੇ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਸਮੁੱਚੇ ਸਿਆਸੀ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਸਕਦੀ ਹੈ। ਉੱਚ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਦੋ ਦਹਾਕੇ ਪੁਰਾਣਾ ਰਵਾਇਤੀ ਗਠਜੋੜ ਮੁੜ ਬਹਾਲ ਹੋਣਾ ਲਗਭਗ ਤੈਅ ਹੋ ਚੁੱਕਾ ਹੈ। ਦੋਵੇਂ ਧਿਰਾਂ ਆਗਾਮੀ ਵਿਧਾਨ ਸਭਾ ਚੋਣਾਂ ਇਕੱਠੇ ਮਿਲ ਕੇ ਲੜਨ ਦੀ ਰਣਨੀਤੀ ‘ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਚੁੱਕੀਆਂ ਹਨ।

ਸੂਤਰਾਂ ਅਨੁਸਾਰ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਟੁੱਟੇ ਗਠਜੋੜ ਮਗਰੋਂ, ਹੁਣ ਪੰਜਾਬ ਦੇ ਬਦਲੇ ਹੋਏ ਮੌਜੂਦਾ ਸਿਆਸੀ ਹਾਲਾਤ—ਖ਼ਾਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਜ਼ਮੀਨੀ ਮੌਜੂਦਗੀ ਵਿਚਾਲੇ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਦੋਹਾਂ ਧਿਰਾਂ ਨੂੰ ਇੱਕ-ਦੂਜੇ ਦੇ ਸਾਥ ਦੀ ਸਖ਼ਤ ਲੋੜ ਮਹਿਸੂਸ ਹੋ ਰਹੀ ਹੈ।

ਸੀਟਾਂ ਦੀ ਵੰਡ ਦੇ ਬਦਲੇ ਫਾਰਮੂਲੇ ‘ਤੇ ਅੰਦਰੂਨੀ ਮੰਥਨ

ਇਸੇ ਸਿਆਸੀ ਲੋੜ ਦੇ ਮੱਦੇਨਜ਼ਰ ਪਰਦੇ ਦੇ ਪਿੱਛੇ ਸੀਟਾਂ ਦੀ ਵੰਡ ਦੇ ਇੱਕ ਬਿਲਕੁਲ ਨਵੇਂ ਅਤੇ ਬਦਲੇ ਹੋਏ ਫਾਰਮੂਲੇ ‘ਤੇ ਗੰਭੀਰ ਚਰਚਾ ਚੱਲ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਸ ਵਾਰ ਭਾਜਪਾ ‘ਛੋਟੇ ਭਰਾ’ ਦੀ ਭੂਮਿਕਾ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ ਭਾਜਪਾ ਕਰੀਬ 47 ਤੋਂ 48 ਸੀਟਾਂ ‘ਤੇ ਚੋਣ ਲੜ ਸਕਦੀ ਹੈ, ਜੋ ਕਿ ਅਕਾਲੀ ਦਲ ਨਾਲ ਸਾਂਝ ਦੇ ਇਤਿਹਾਸ ਵਿੱਚ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੋਵੇਗੀ। ਬਾਕੀ ਬਚੀਆਂ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗਾ।

ਜ਼ਿਕਰਯੋਗ ਹੈ ਕਿ ਪਹਿਲਾਂ ਗਠਜੋੜ ਦੌਰਾਨ ਭਾਜਪਾ ਸਿਰਫ਼ 23 ਸੀਟਾਂ ‘ਤੇ ਹੀ ਚੋਣ ਲੜਦੀ ਆਈ ਸੀ। ਹੁਣ ਭਾਜਪਾ ਜਿਨ੍ਹਾਂ 45 ਤੋਂ 48 ਸੀਟਾਂ ‘ਤੇ ਦਾਅਵਾ ਠੋਕ ਰਹੀ ਹੈ, ਉਨ੍ਹਾਂ ਵਿੱਚੋਂ ਬਹੁਤੀਆਂ ਉਹ ਵਿਧਾਨ ਸਭਾ ਸੀਟਾਂ ਹਨ ਜਿੱਥੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਚੰਗੀ ਲੀਡ ਹਾਸਲ ਹੋਈ ਸੀ। ਇਸ ਪੁਰਾਣੀ ਸਿਆਸੀ ਸਾਂਝ ਨੂੰ ਮੁੜ ਧਰਾਤਲ ‘ਤੇ ਉਤਾਰਨ ਲਈ ਇੱਕ ਵਿਸ਼ਾਲ ਮਾਸਟਰ ਪਲਾਨ ਉਲੀਕਿਆ ਗਿਆ ਹੈ। ਸੂਤਰਾਂ ਮੁਤਾਬਕ ਦੀਵਾਲੀ ਦੇ ਤਿਉਹਾਰ ਤੋਂ ਤੁਰੰਤ ਬਾਅਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਦੇ ਆਸ-ਪਾਸ ਇਸ ਗਠਜੋੜ ਦਾ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ।

ਬਠਿੰਡਾ ਰੈਲੀ ‘ਚ ਪੀਐੱਮ ਨਰਿੰਦਰ ਮੋਦੀ ਵੱਲੋਂ ਐਲਾਨ ਦੀ ਤਿਆਰੀ

ਇਸ ਸਿਆਸੀ ਐਲਾਨ ਨੂੰ ਇਤਿਹਾਸਕ ਅਤੇ ਵਿਸ਼ਾਲ ਰੂਪ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ ਵਿਖੇ ਇੱਕ ਮੈਗਾ ਰੈਲੀ ਕਰਵਾਉਣ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮੰਚ ਤੋਂ ਗਠਜੋੜ ਦਾ ਰਸਮੀ ਸ਼ੰਖਨਾਦ ਕੀਤਾ ਜਾਵੇਗਾ।

ਸੂਤਰਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਸਿਰਫ਼ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਵਿੱਚ ਮੁੜ ਵਾਪਸੀ ਵੀ ਹੋਵੇਗੀ। ਇਸ ਦੇ ਨਾਲ ਹੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਮੁੜ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਪ੍ਰਬਲ ਸੰਭਾਵਨਾ ਜਤਾਈ ਜਾ ਰਹੀ ਹੈ।

ਬਠਿੰਡਾ ਰਵਾਇਤੀ ਤੌਰ ‘ਤੇ ਬਾਦਲ ਪਰਿਵਾਰ ਦਾ ਸਭ ਤੋਂ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਅਕਾਲੀ ਦਲ ਦੇ ਮੁੱਖ ਕਿਲ੍ਹੇ ਵਿੱਚੋਂ ਪ੍ਰਧਾਨ ਮੰਤਰੀ ਦੀ ਰੈਲੀ ਰਾਹੀਂ ਨਵੇਂ ਗਠਜੋੜ ਦਾ ਐਲਾਨ ਕਰਨਾ ਨਾ ਸਿਰਫ਼ ਨਾਰਾਜ਼ ਸਿੱਖ ਵੋਟਰਾਂ ਨੂੰ ਸਾਧਣ ਦੀ ਕੋਸ਼ਿਸ਼ ਹੈ, ਸਗੋਂ ਦੋਵਾਂ ਪਾਰਟੀਆਂ ਦੇ ਕੇਡਰ ਵਿੱਚ ਨਵੀਂ ਰੂਹ ਫੂਕਣ ਦਾ ਇੱਕ ਵੱਡਾ ਸਿਆਸੀ ਦਾਅ ਵੀ ਸਾਬਤ ਹੋ ਸਕਦਾ ਹੈ।

ਰੈਲੀ ਦੀ ਤਾਰੀਖ਼ ਅਤੇ ਸੀਟ ਵੰਡ ‘ਤੇ ਆਖ਼ਰੀ ਮੋਹਰ ਲੱਗਣੀ ਬਾਕੀ

ਹਾਲਾਂਕਿ ਇਸ ਸਮੁੱਚੇ ਮੈਗਾ ਪਲਾਨ, ਰੈਲੀ ਦੀ ਪੱਕੀ ਤਾਰੀਖ਼ ਅਤੇ ਸੀਟਾਂ ਦੇ ਅੰਤਿਮ ਅੰਕੜਿਆਂ ‘ਤੇ ਦੋਹਾਂ ਪਾਰਟੀਆਂ ਦੇ ਸਿਖ਼ਰਲੇ ਪੱਧਰ ਵੱਲੋਂ ਰਸਮੀ ਮੋਹਰ ਲੱਗਣੀ ਅਜੇ ਬਾਕੀ ਹੈ। ਪਰ ਪਰਦੇ ਪਿੱਛੇ ਚੱਲ ਰਹੀਆਂ ਗਤੀਵਿਧੀਆਂ ਇਹ ਸਾਫ਼ ਸੰਕੇਤ ਦਿੰਦੀਆਂ ਹਨ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਇਹ ਗਠਜੋੜ ਸੂਬੇ ਦੇ ਚੋਣ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਦਿਸ਼ਾ ਵਿੱਚ ਅੱਗੇ ਵਧ ਚੁੱਕਾ ਹੈ।

ਗਠਜੋੜ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਦੋਵੇਂ ਧਿਰਾਂ ਬੇਹੱਦ ਸੰਕੋਚਵਾਨ ਪ੍ਰਤੀਕਰਮ ਦੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਗਠਜੋੜ ਸਬੰਧੀ ਪੁੱਛੇ ਗਏ ਸਵਾਲਾਂ ‘ਤੇ ਇਹੀ ਕਹਿ ਰਹੇ ਹਨ ਕਿ ਜੋ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਅਤੇ ਜਿਸ ਦੀ ਵਿਚਾਰਧਾਰਾ ਅਕਾਲੀ ਦਲ ਨਾਲ ਮੇਲ ਖਾਂਦੀ ਹੈ, ਉਸ ਨਾਲ ਗਠਜੋੜ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉਹ ਖੁੱਲ੍ਹ ਕੇ ਐੱਨ.ਡੀ.ਏ. ਵਿੱਚ ਜਾਣ ਦੀ ਗੱਲ ਕਹਿਣ ਤੋਂ ਅਜੇ ਗੁਰੇਜ਼ ਕਰ ਰਹੇ ਹਨ।

ਸਰਕਾਰ ਨਹੀਂ ਬਣਾ ਸਕਣਗੇ ਅਕਾਲੀ-ਭਾਜਪਾ: ਆਮ ਆਦਮੀ ਪਾਰਟੀ

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਫ਼ਿਲਹਾਲ ਖੁੱਲ੍ਹ ਕੇ ਬਿਆਨਬਾਜ਼ੀ ਕਰਨ ਤੋਂ ਬਚ ਰਹੇ ਹਨ, ਕਿਉਂਕਿ ਸਮੁੱਚਾ ਮਾਮਲਾ ਪਾਰਟੀ ਹਾਈਕਮਾਂਡ ਦੇ ਵਿਚਾਰ ਅਧੀਨ ਹੈ। ਪੰਜਾਬ ਭਾਜਪਾ ਵੱਲੋਂ ਫ਼ਿਲਹਾਲ ਇਹੀ ਬਿਆਨ ਦਿੱਤਾ ਜਾ ਰਿਹਾ ਹੈ ਕਿ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਅਤੇ ਹਾਈਕਮਾਂਡ ਦੇ ਹਰ ਹੁਕਮ ਨੂੰ ਲਾਗੂ ਕਰਨ ਲਈ ਜਥੇਬੰਦਕ ਤੌਰ ‘ਤੇ ਪੂਰੀ ਤਰ੍ਹਾਂ ਤਿਆਰ ਹੈ।

ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਸੰਭਾਵੀ ਗਠਜੋੜ ‘ਤੇ ਤੰਜ਼ ਕੱਸਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਚਾਹੇ ਇਕੱਠੇ ਹੋ ਕੇ ਚੋਣ ਲੜ ਲੈਣ ਜਾਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਪੰਜਾਬ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਗਿਣਤੀ ਓਨੀ ਹੀ ਰਹੇਗੀ ਜਿੰਨੀ ਹੁਣ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਵੀ ਕਦੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਆ ਸਕਦੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments