ਮਨਜੀਤ ਸਿੰਘ ਉਰਫ਼ ਕੱਟਾ ਦਾ ਨਾਮ ਆਇਆ ਸਾਹਮਣੇ
ਇਸ ਗੋਲੀਕਾਂਡ ‘ਚ ਮਨਜੀਤ ਸਿੰਘ ਉਰਫ਼ ਕੱਟਾ ਦਾ ਨਾਮ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਮਨਜੀਤ ਸਿੰਘ ਇਲਾਕੇ ‘ਚ ਆੜ੍ਹਤੀ ਤੇ ਟਰਾਂਸਪੋਰਟਰ ਵਜੋਂ ਕੰਮ ਕਰਦਾ ਹੈ। ਘਟਨਾ ਸਮੇਂ ਉਸ ਦਾ ਭਰਾ ਸੰਦੀਪ ਸਿੰਘ ਵੀ ਉਸ ਦੇ ਨਾਲ ਮੌਜੂਦ ਸੀ ਤੇ ਉਸ ਨੇ ਵੀ ਗੋਲੀਬਾਰੀ ਕੀਤੀ ਸੀ। ਥਾਰ ‘ਚ ਮਨਜੀਤ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਸਾਹਮਣੇ ਆਈ ਜਾਣਕਾਰੀ ਮੁਤਾਬਕ, ਮਨਜੀਤ ਸਿੰਘ ਆਪਣੇ ਭਰਾ ਨਾਲ ਕਿਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੱਛੇ ਆ ਰਹੀ ਇੱਕ ਕਾਰ ‘ਚ ਸਵਾਰ ਵਿਅਕਤੀਆਂ ਨੂੰ ਗੈਂਗਸਟਰਾਂ ਵੱਲੋਂ ਭੇਜੇ ਗਏ ਸ਼ੂਟਰ ਹੋਣ ਦਾ ਸ਼ੱਕ ਹੋਣ ਕਾਰਨ ਕਥਿਤ ਤੌਰ ‘ਤੇ ਉਸ ਨੇ ਫਾਇਰਿੰਗ ਕਰ ਦਿੱਤੀ। ਹਾਲਾਂਕਿ, ਇਸ ਦਾਅਵੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਗੈਂਗਸਟਰਾਂ ਤੋਂ ਧਮਕੀਆਂ ਮਿਲਣ ਦਾ ਕੀਤਾ ਸੀ ਦਾਅਵਾ
ਮਨਜੀਤ ਸਿੰਘ ਕੱਟਾ ਦੇ ਪੱਖ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਦੂਜੇ ਪਾਸੇ, ਪੁਲਿਸ ਇਸ ਦਾਅਵੇ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਗੋਲੀਬਾਰੀ ਦਾ ਸਬੰਧ ਸੱਚਮੁੱਚ ਗੈਂਗਸਟਰਾਂ ਦੀਆਂ ਧਮਕੀਆਂ ਨਾਲ ਸੀ ਜਾਂ ਇਸ ਪਿੱਛੇ ਕੋਈ ਨਿੱਜੀ ਰੰਜਿਸ਼ ਜਾਂ ਆਪਸੀ ਵਿਵਾਦ ਕੰਮ ਕਰ ਰਿਹਾ ਸੀ।
ਪੈਸਿਆਂ ਦੇ ਲੈਣ-ਦੇਣ ਤੇ ਜਾਂਚ ਦੇ ਘੇਰੇ ‘ਚ ਪੁਰਾਣੀ ਰੰਜਿਸ਼ ਦਾ ਪਹਿਲੂ
ਇਸ ਮਾਮਲੇ ‘ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਚੱਲ ਰਹੇ ਕਿਸੇ ਆਰਥਿਕ ਵਿਵਾਦ ਜਾਂ ਨਿੱਜੀ ਰੰਜਿਸ਼ ਕਾਰਨ ਤਾਂ ਇਹ ਗੋਲੀਬਾਰੀ ਨਹੀਂ ਹੋਈ।। ਇਸ ਲਈ ਜਾਂਚ ‘ਚ ਗੈਂਗਸਟਰਾਂ ਦੀਆਂ ਧਮਕੀਆਂ, ਪੈਸਿਆਂ ਦੇ ਲੈਣ-ਦੇਣ ਅਤੇ ਆਪਸੀ ਰੰਜਿਸ਼ ਸਮੇਤ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਨਾਲ ਜੁੜੇ ਕਈ ਅਜਿਹੇ ਪਹਿਲੂ ਸਨ, ਜੋ ਕਥਿਤ ਗੈਂਗਸਟਰਾਂ ਦੀ ਧਮਕੀ ਤੇ ਸ਼ੂਟਰਾਂ ਦੇ ਭੁਲੇਖੇ ਵਾਲੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੇ। ਇਸ ਲਈ ਪੁਲਿਸ ਵੱਲੋਂ ਹਰ ਪਹਿਲੂ ਨੂੰ ਧਿਆਨ ‘ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਤੇ ਵਾਇਰਲ ਵੀਡੀਓ ਦੇ ਆਧਾਰ ‘ਤੇ ਜਾਂਚ
ਗੋਲੀਬਾਰੀ ਦੀ ਇਹ ਘਟਨਾ ਇਲਾਕੇ ‘ਚ ਲੱਗੇ ਕੈਮਰਿਆਂ ‘ਚ ਵੀ ਕੈਦ ਹੋਈ ਸੀ ਤੇ ਇਸ ਘਟਨ ਦੀ ਪਹਿਲਾਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਵੀਡੀਓ ‘ਚ ਦਿਨ-ਦਿਹਾੜੇ ਜਨਤਕ ਥਾਂ ‘ਤੇ ਵਾਹਨਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਦ੍ਰਿਸ਼ ਸਾਹਮਣੇ ਆਏ ਸਨ।