ਮਹਾਂਭਾਰਤ ਵਿੱਚ ਕਰਨ ਦੇ ਰੂਪ ਵਿੱਚ ਸਾਰਿਆਂ ਦਾ ਦਿਲ ਜਿੱਤਣ ਵਾਲੇ ਪੰਕਜ ਧੀਰ ਹੁਣ ਸਾਡੇ ਵਿੱਚ ਨਹੀਂ ਰਹੇ।
ਬੀਆਰ ਚੋਪੜਾ ਦੀ “ਮਹਾਭਾਰਤ” ਕਰਨ ਦੇ ਰੂਪ ਵਿੱਚ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਦਾਕਾਰ ਪੰਕਜ ਧੀਰ ਹੁਣ ਸਾਡੇ ਵਿੱਚ ਨਹੀਂ ਰਹੇ ਹਨ। ਉਨ੍ਹਾਂ ਦਾ ਬੁੱਧਵਾਰ ਸੇਵੇਰੇ ਦੇਹਾਂਤ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ,ਉਨ੍ਹਾਂ ਨੇ ਮੰਗਲਵਾਰ, 14 ਅਕਤੂਬਰ ਨੂੰ ਦੇਰ ਰਾਤ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ।ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਹ ਅੰਤ ਵਿੱਚ ਇਹ ਲੜਾਈ ਹਾਰ ਗਏ ਅਤੇ ਬੀਤੀ ਰਾਤ ਆਖਰੀ ਸਾਹ ਲਿਆ।
ਰਿਪੋਰਟਾਂ ਅਨੁਸਾਰ, ਅਦਾਕਾਰ ਪੰਕਜ ਧੀਰ ਦਾ ਅੰਤਿਮ ਸੰਸਕਾਰ ਅੱਜ (15 ਅਕਤੂਬਰ) ਨੂੰ ਵਿਲੇ ਪਾਰਲੇ, ਮੁੰਬਈ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦਾ ਪਰਿਵਾਰ ਅਤੇ ਨਜ਼ਦੀਕੀ ਦੋਸਤ, ਕਈ ਪ੍ਰਮੁੱਖ ਫਿਲਮੀ ਸਿਤਾਰੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚ ਰਹੇ ਹਨ।
ਮਹਾਭਾਰਤ ਵਿੱਚ ‘ਕਰਨ‘ ਬਣ ਕੇ ਅਮਰ ਹੋ ਗਏ
ਪੰਕਜ ਧੀਰ ਦਾ ਦੇਹਾਂਤ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਉਨ੍ਹਾਂ ਨੂੰ ਹਮੇਸ਼ਾ ‘ਦਾਨਵੀਰ ਕਰਨ’ ਵਜੋਂ ਯਾਦ ਰੱਖਣਗੇ। ਪੰਕਜ ਧੀਰ ਆਪਣੇ ਸ਼ਾਨਦਾਰ ਅਦਾਕਾਰੀ ਹੁਨਰ ਅਤੇ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਸਨ, ਪਰ 1988 ਦੇ ਇਤਿਹਾਸਕ ਨਾਟਕ ‘ਮਹਾਭਾਰਤ‘ ਵਿੱਚ ਕਰਣ ਦੇ ਉਨ੍ਹਾਂ ਦੇ ਕਿਰਦਾਰ ਨੇ ਉਨ੍ਹਾਂ ਨੂੰ ਸੱਚਮੁੱਚ ਅਮਰ ਕਰ ਦਿੱਤਾ। ਉਨ੍ਹਾਂ ਦੇ ਇਸ ਕਿਰਦਾਰ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਉਨ੍ਹਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਣ ਲੱਗੀ। ਉਹ ‘ਸੜਕ‘, ‘ਸੋਲਜਰ‘ ਅਤੇ ‘ਬਾਦਸ਼ਾਹ‘ ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ ‘ਤੇ ਵੀ ਕਾਫੀ ਸਰਗਰਮ ਰਹੇ।
ਨੁੰਹ ਅਤੇ ਪੁੱਤਰ ਵੀ ਹਨ ਕਲਾਕਾਰ
ਦਰਅਸਲ, ਪੰਕਜ ਧੀਰ ਦੇ ਪੁੱਤਰ, ਨਿਕਿਤਿਨ ਧੀਰ, ਵੀ ਬਾਲੀਵੁੱਡ ਅਦਾਕਾਰ ਹਨ, ਜੋ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਨਿਕਿਤਿਨ ਨੇ “ਜੋਧਾ ਅਕਬਰ” ਅਤੇ “ਚੇਨਈ ਐਕਸਪ੍ਰੈਸ” ਵਿੱਚ ਦਮਦਾਰ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਨੂੰਹ, ਕ੍ਰਿਤਿਕਾ ਸੇਂਗਰ ਅਭਿਨੇਤਰੀ ਵੀ ਹੈ ਜਿਨ੍ਹਾਂ ਨੇ ਟੈਲੀਵਿਜ਼ਨ ਵਿੱਚ ਕਾਫੀ ਕੰਮ ਕਰ ਚੁੱਕੀ ਹੈ। ਹਾਲਾਂਕਿ, ਕ੍ਰਿਤਿਕਾ ਨੂੰ ਆਪਣੇ ਪੁੱਤਰ ਲਈ ਵੀ ਪੰਕਜ ਧੀਰ ਨੇ ਹੀ ਚੁਣਿਆ ਸੀ। ਇਹ ਕਹਾਣੀ ਵੀ ਵਾਇਰਲ ਹੋਈ ਸੀ।
2014 ਵਿੱਚ, ਨਿਕਿਤਿਨ ਦੇ ਪਿਤਾ, ਅਦਾਕਾਰ ਪੰਕਜ ਧੀਰ, ਆਪਣੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਦੀ ਸ਼ੁਰੂਆਤ ‘ਤੇ ਕੰਮ ਕਰ ਰਹੇ ਸਨ। ਉਸ ਸਮੇਂ, ਕ੍ਰਿਤਿਕਾ ਸੇਂਗਰ ਆਡੀਸ਼ਨ ਦੇਣ ਆਈ ਸੀ। ਉਨ੍ਹਾਂ ਨੂੰ ਫਿਲਮ ਵਿੱਚ ਭੂਮਿਕਾ ਦੀ ਪੇਸ਼ਕਸ਼ ਦੇ ਨਾਲ, ਪੰਕਜ ਧੀਰ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਲਈ ਵੀ ਚੁਣ ਲਿਆ। ਉਹ ਉਨ੍ਹਾਂ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਮੌਕੇ ਤੇ ਆਪਣੇ ਬੇਟੇ ਦੀ ਜਿੰਦਗੀ ਦਾ ਵੱਡਾ ਫੈਸਲਾ ਲੈ ਲਿਆ।