ਗ੍ਰਿਫ਼ਤਾਰੀ ਦੌਰਾਨ ਮੈਕਸੀ ਨੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ਉੱਤੇ ਗੋਲੀ ਚਲਾ ਦਿੱਤੀ।
ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਏਜੀਟੀਐਫ ਨੇ ਸੰਯੁਕਤ ਅਭਿਆਨ ਵਿਚ ਕੁਖ਼ਿਆਤ ਗੈਂਗਸਟਰ ਮਲਕੀਅਤ ਉਰਫ਼ ਮੈਕਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਜ਼ੀਰਕਪੁਰ-ਅੰਬਾਲਾ ਹਾਈਵੇ ਉੱਤੇ ਘੱਗਰ ਪੁਲ ਨੇੜੇ ਹੋਈ, ਜਿੱਥੇ ਪੁਲਿਸ ਅਤੇ ਮੈਕਸੀ ਵਿਚ ਮੁਕਾਬਲਾ ਹੋਇਆ। ਗ੍ਰਿਫ਼ਤਾਰੀ ਦੌਰਾਨ ਮੈਕਸੀ ਨੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ਉੱਤੇ ਗੋਲੀ ਚਲਾ ਦਿੱਤੀ।ਪੁਲਿਸ ਨੇ ਜਵਾਬੀ ਕਾਰਵਾਈ ਵਿਚ ਫਾਇਰਿੰਗ ਕੀਤੀ, ਜਿਸ ਵਿਚ ਮੈਕਸੀ ਦੇ ਖੱਬੇ ਪੈਰ ਵਿਚ ਗੋਲ਼ੀ ਲੱਗੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ, ਮੋਹਾਲੀ ਲੈ ਜਾਇਆ ਗਿਆ ਹੈ।
ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਗੈਂਗ ਦਾ ਸਰਗਰਮ ਮੈਂਬਰ
ਮੈਕਸੀ, ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੇ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ ਪੰਜਾਬ ਵਿਚ ਵਸੂਲੀ ਰੈਕਟ ਚਲਾ ਰਿਹਾ ਸੀ। ਜਨਵਰੀ 2025 ਵਿਚ, ਇਸ ਗਿਰੋਹ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਮੈਕਸੀ ਉੱਤੇ ਪਹਿਲਾਂ ਹੀ ਵਸੂਲੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਕੇਸ ਦਰਜ ਹਨ। ਪੁਲਿਸ ਨੇ ਮੌਕੇ ਤੋਂ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਮੈਕਸੀ ਅਤੇ ਸੰਦੀਪ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਜੇ ਜਾਰੀ ਹੈ।