Tuesday, June 2, 2026
Google search engine
HomeDesh​​Amritsar ਦੇ ਰਾਮਬਾਗ ਇਲਾਕੇ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ...

​​Amritsar ਦੇ ਰਾਮਬਾਗ ਇਲਾਕੇ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

ਅੰਮ੍ਰਿਤਸਰ ਦੇ ਰਾਮਬਾਗ ਸਥਿਤ ਬਾਂਸਾਂ ਵਾਲੇ ਬਾਜ਼ਾਰ ਵਿੱਚ ਉਸ ਵੇਲੇ ਹਾਹਾਕਾਰ ਮੱਚ ਗਈ ਜਦੋਂ ਉੱਥੇ ਸਥਿਤ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ।

ਅੰਮ੍ਰਿਤਸਰ ਦੇ ਰਾਮਬਾਗ ਸਥਿਤ ਬਾਂਸਾਂ ਵਾਲੇ ਬਾਜ਼ਾਰ ਵਿੱਚ ਉਸ ਵੇਲੇ ਹਾਹਾਕਾਰ ਮੱਚ ਗਈ ਜਦੋਂ ਉੱਥੇ ਸਥਿਤ ਦੁਕਾਨਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਇਸ ਨੇ ਕਈ ਦੁਕਾਨਾਂ ਅਤੇ ਉੱਥੇ ਪਏ ਕੀਮਤੀ ਸਮਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਅਫਰਾ-ਤਫਰੀ ਦਾ ਮਾਹੌਲ ਬਣਿਆ ਹੋਇਆ ਹੈ।

40 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਹਾਦਸਾ

ਘਟਨਾ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਥਾਨਕ ਕਾਰੋਬਾਰੀ ਰਜੀਵ ਕੁਮਾਰ ਰਾਜੂ, ਜੋ ਰਾਮਬਾਗ ਚੌਂਕ ਵਿੱਚ ਪਿਛਲੇ 40 ਸਾਲਾਂ ਤੋਂ ਬਰਫ਼ ਦਾ ਕਾਰੋਬਾਰ ਕਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇੰਨੇ ਲੰਬੇ ਸਮੇਂ ਦੇ ਕੰਮ ਦੌਰਾਨ ਅੱਜ ਤੱਕ ਅਜਿਹਾ ਭਿਆਨਕ ਮੰਜ਼ਰ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਬਾਂਸਾਂ ਵਾਲੀ ਮਾਰਕੀਟ ਵਿੱਚ ਸੁੱਕਾ ਸਾਮਾਨ ਅਤੇ ਬਾਂਸ ਵੱਡੀ ਮਾਤਰਾ ਵਿੱਚ ਹੋਣ ਕਾਰਨ ਅੱਗ ਨੇ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰ ਲਿਆ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ, ਪਰ ਅਸਲ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਦਮਕਲ ਵਿਭਾਗ ‘ਤੇ ਉੱਠੇ ਸਵਾਲ

ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਦਮਕਲ ਵਿਭਾਗ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਦੋਸ਼ ਹੈ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫ਼ੀ ਦੇਰੀ ਨਾਲ ਮੌਕੇ ‘ਤੇ ਪਹੁੰਚੀਆਂ। ਪੀੜਤਾਂ ਅਨੁਸਾਰ, ਗੱਡੀਆਂ ਇੱਕ-ਇੱਕ ਕਰਕੇ ਆ ਰਹੀਆਂ ਸਨ, ਜਿਸ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਜਦੋਂ ਸਥਾਨਕ ਲੋਕਾਂ ਨੇ ਕਮਿਸ਼ਨਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬਕਰੀਦ ਦੀ ਛੁੱਟੀ ਹੋਣ ਕਾਰਨ ਪੈਦਾ ਹੋਈਆਂ ਦਿੱਕਤਾਂ ਦਾ ਹਵਾਲਾ ਦਿੱਤਾ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।

ਵਿਧਾਇਕ ਡਾ. ਅਜੇ ਗੁਪਤਾ ਨੇ ਲਿਆ ਜਾਇਜ਼ਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਡਾ. ਅਜੇ ਗੁਪਤਾ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਉਹ ਮਹਿਜ਼ ਪੰਜ ਮਿੰਟਾਂ ਵਿੱਚ ਘਟਨਾ ਸਥਾਨ ‘ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਰਸਤੇ ਵਿੱਚ ਹੀ ਫਾਇਰ ਬ੍ਰਿਗੇਡ, ਪੁਲਿਸ ਕਮਿਸ਼ਨਰ ਅਤੇ ਬਿਜਲੀ ਵਿਭਾਗ (PSPCL) ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ। ਡਾ. ਗੁਪਤਾ ਨੇ ਦੱਸਿਆ ਕਿ ਮੌਕੇ ‘ਤੇ ਛੇ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ ਅਤੇ ਦੋ ਹੋਰ ਗੱਡੀਆਂ ਰਸਤੇ ਵਿੱਚ ਹਨ। ਉਨ੍ਹਾਂ ਨੇ ਰਾਹਤ ਜਤਾਉਂਦਿਆਂ ਕਿਹਾ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਪੁਲਿਸ ਦੀ ਕਾਰਵਾਈ

ਮੌਕੇ ‘ਤੇ ਮੌਜੂਦ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਬਾਗ ਦੇ ਬਾਂਸਾਂ ਵਾਲੇ ਚੌਂਕ ਵਿੱਚ ਲੱਗੀ ਅੱਗ ਨੇ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪੁਲਿਸ ਦੀ ਪਹਿਲੀ ਤਰਜੀਹ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਜਾਨੀ ਨੁਕਸਾਨ ਨੂੰ ਰੋਕਣਾ ਹੈ। ਫਿਲਹਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments