ਟੀਮ ਨੇ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ।
ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਐੱਸਆਈਟੀ ਨੇ ਪੂਰੀ ਕਰ ਲਈ ਹੈ। ਟੀਮ ਨੇ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ। ਲਗਭਗ ਇਕ ਸਾਲ ਪਹਿਲਾਂ, ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ, ਪਟਿਆਲਾ ਪੁਲਿਸ ਨੇ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਕੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਵਿਸ਼ੇਸ਼ ਜਾਂਚ ਟੀਮ ਵਿੱਚ ਐਸਪੀ ਪੀਬੀਆਈ ਸਵਰਨਜੀਤ ਕੌਰ, ਥਾਣਾ ਪਸਿਆਣਾ ਇੰਚਾਰਜ ਅਜੇ ਪਰੋਚਾ ਅਤੇ ਡੀਐਸਪੀ ਸਮਾਣਾ ਜੀਐਸ ਸਿਕੰਦ ਸ਼ਾਮਲ ਸਨ। ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਜਾਂਚ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ।
ਇਹ ਮਾਮਲਾ 2012 ਦਾ ਹੈ, ਅਤੇ ਕਰਨਾਲ ਦੀ ਇੱਕ 22 ਸਾਲਾ ਲੜਕੀ ਦੀ ਮੌਤ ਤੋਂ ਬਾਅਦ, ਪਰਿਵਾਰ ਨੇ ਦੋਸ਼ ਲਗਾਏ ਸਨ। ਪਰਿਵਾਰ ਦਾ ਦੋਸ਼ ਸੀ ਕਿ ਇਹ ਲੜਕੀ ਆਪਣੇ ਪਰਿਵਾਰ ਨਾਲ ਪਰਮੇਸ਼ਵਰ ਦੁਆਰ ਗਈ ਸੀ ਤੇ 22 ਅਪ੍ਰੈਲ 2012 ਨੂੰ ਮ੍ਰਿਤਕ ਪਾਈ ਗਈ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਪਰਮੇਸ਼ਵਰ ਦੁਆਰ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਲੜਕੀ ਦੀ ਮੌਤ ਇਮਾਰਤ ਦੇ ਬਾਹਰ ਹੋਈ ਸੀ ਅਤੇ ਰਣਜੀਤ ਸਿੰਘ ਢੱਡਰੀਆਂਵਾਲੇ ਉਸ ਸਮੇਂ ਦੇਸ਼ ਤੋਂ ਬਾਹਰ ਸਨ। ਬਾਅਦ ਵਿੱਚ, ਪੀੜਤ ਪਰਿਵਾਰ ਦੇ ਮੈਂਬਰਾਂ ਦੁਆਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਰਣਜੀਤ ਸਿੰਘ ਢੱਡਰੀਆਂਵਾਲੇ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਸਨ। ਪੰਜਾਬ ਹਰਿਆਣਾ ਹਾਈ ਕੋਰਟ ਨੇ 24 ਮਈ 2012 ਨੂੰ ਸ਼ਿਕਾਇਤਕਰਤਾ ਦੁਆਰਾ ਦਿੱਤੀ ਗਈ ਪਹਿਲੀ ਜਾਣਕਾਰੀ ਦੇ ਆਧਾਰ ‘ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਸਾਲ 2024 ਵਿੱਚ ਧਰਾਵਾਂ ਵਿਚ ਵਾਧਾ ਕੀਤਾ ਗਿਆ ਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ।