ਲੋਕ ਸਭਾ ਚੋਣਾਂ ਮੁੱਕਦੇ ਹੀ ਬੀਐਸਐਫ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਚੋਣਾਂ ਤੋਂ ਇਕ ਦਿਨ ਬਾਅਦ ਇਕ ਤਸਕਰ ਦੇ ਘਰ ਛਾਪਾ ਮਾਰ ਕੇ 2 ਕਰੋੜ ਰੁਪਏ ਦੇ ਕਰੀਬ ਜ਼ਬਤ ਕੀਤੇ ਹਨ। ਬੀਐਸਐਫ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕੱਕੜ ਪਿੰਡ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਦੋ ਕਰੋੜ ਡਰੱਗ ਮਨੀ ਬਰਾਮਦ: ਬੀਐਸਐਫ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਸ਼ੱਕੀ ਤਸਕਰ ਦੇ ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ ਸ਼ੱਕੀ ਦੇ ਘਰੋਂ ਕਰੀਬ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਤਸਕਰਾਂ ਦੀ ਪਹਿਚਾਣ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੱਕੜ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਕਿ ਬੀਐਸਐਫ ਵਲੋਂ ਹੈਰੋਇਨ ਅਤੇ ਡਰੱਗ ਮਨੀ ਦੀ ਗੁਪਤ ਸੂਚਨਾ ਮਿਲਣ ‘ਤੇ ਰੇਡ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ।
ਤਲਾਸ਼ੀ ਮੁਹਿੰਮ ਅਜੇ ਵੀ ਜਾਰੀ: ਜਾਣਕਾਰੀ ਅਨੁਸਾਰ ਅੱਗੇ ਕਰੰਸੀ ਦੀ ਗਿਣਤੀ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਕ ਕਰੋੜ 97 ਲੱਖ 65 ਹਜ਼ਾਰ 470 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖ਼ਤਮ ਕਰਨ ਲਈ ਫੋਰਸ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।





