ਟਿਕਟਾਂ ਦੀ ਵੰਡ ਨੂੰ ਲੈ ਕੇ ਸੋਮਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਪੰਜਾਬ ਨੂੰ ਲੈ ਕੇ ਵੀ ਚਰਚਾ ਹੋਣੀ ਹੈ। ਸੀਈਸੀ ’ਚ ਜੇ ਸਹਿਮਤੀ ਬਣੀ ਤਾਂ ਕਾਂਗਰਸ ਦੋ-ਤਿੰਨ ਦਿਨਾਂ ਵਿਚ ਟਿਕਟਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵੇਗੀ।
ਟਿਕਟਾਂ ਦੀ ਵੰਡ ਨੂੰ ਲੈ ਕੇ ਸੋਮਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਪੰਜਾਬ ਨੂੰ ਲੈ ਕੇ ਵੀ ਚਰਚਾ ਹੋਣੀ ਹੈ। ਸੀਈਸੀ ’ਚ ਜੇ ਸਹਿਮਤੀ ਬਣੀ ਤਾਂ ਕਾਂਗਰਸ ਦੋ-ਤਿੰਨ ਦਿਨਾਂ ਵਿਚ ਟਿਕਟਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵੇਗੀ। ਕਾਂਗਰਸ ’ਤੇ ਟਿਕਟਾਂ ਦੀ ਵੰਡ ਜਲਦ ਤੋਂ ਜਲਦ ਕਰਨ ਦਾ ਦਬਾਅ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ 9 ਅਤੇ ਭਾਜਪਾ ਨੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਕਾਂਗਰਸ ਦੀ ਸੋਮਵਾਰ ਨੂੰ ਹੋਣ ਵਾਲੀ ਸੀਈਸੀ ਦੀ ਮੀਟਿੰਗ ਵਿਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਸੀਟਾਂ ’ਤੇ ਵੱਧ ਖਿੱਚੋਤਾਣ ਹੈ, ਉਨ੍ਹਾਂ ’ਤੇ ਸੋਮਵਾਰ ਨੂੰ ਮੋਹਰ ਲੱਗ ਸਕਦੀ ਹੈ ਜਦਕਿ ਅੰਮ੍ਰਿਤਸਰ, ਜਲੰਧਰ, ਸ੍ਰੀ ਅਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਵਰਗੀਆਂ ਸੀਟਾਂ ਵਿਵਾਦਿਤ ਹਨ ਕਿਉਂਕਿ ਅੰਮ੍ਰਿਤਸਰ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਓਪੀ ਸੋਨੀ ਟਿਕਟ ਮੰਗ ਰਹੇ ਹਨ ਜਦਕਿ ਜਲੰਧਰ ਅਤੇ ਫਤਹਿਗੜ੍ਹ ਸਾਹਿਬ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਟਿਕਟ ਦੀ ਮੰਗ ਕਰ ਰਹੇ ਹਨ। ਪਾਰਟੀ ਜੇ ਚੰਨੀ ਨੂੰ ਫਤਹਿਗੜ੍ਹ ਸਾਹਿਬ ਤੋਂ ਲੜਾਉਂਦੀ ਹੈ ਤਾਂ ਇੱਥੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨਾਰਾਜ਼ ਹੋ ਜਾਣਗੇ ਅਤੇ ਜੇ ਚੰਨੀ ਜਲੰਧਰ ਤੋਂ ਲੜਦੇ ਹਨ ਤਾਂ ਚੌਧਰੀ ਪਰਿਵਾਰ ਦੀ ਨਾਰਾਜ਼ਗੀ ਸਾਹਮਣੇ ਆਉਣੀ ਤੈਅ ਹੈ।
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਮਨ ਚੰਡੀਗੜ੍ਹ ਤੋਂ ਚੋਣ ਲੜਨ ਦਾ ਹੈ। ਦੇਖਣਾ ਹੋਵੇਗਾ ਕਿ ਕੀ ਤਿਵਾੜੀ ਦੀ ਇੱਛਾ ਪੂਰੀ ਹੋਵੇਗੀ ਜਾਂ ਨਹੀਂ।
ਉਥੇ ਟਿਕਟਾਂ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਅਤੇ ਸਿਟਿੰਗ ਸੰਸਦ ਮੈਂਬਰਾਂ ਵਿਚ ਵੀ ਖਿੱਚੋਤਾਣ ਚੱਲ ਰਹੀ ਹੈ। ਪ੍ਰਦੇਸ਼ ਕਾਂਗਰਸ ਇਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਨੂੰ ਦੇਖਦੇ ਹੋਏ ਥੋੜ੍ਹਾ ਹੋਰ ਸਮਾਂ ਲੈਣਾ ਚਾਹੁੰਦੀ ਹੈ ਪਰ ਪਾਰਟੀ ਦੇ ਸੰਸਦ ਮੈਂਬਰ ਜਲਦ ਤੋਂ ਜਲਦ ਟਿਕਟਾਂ ਦੀ ਵੰਡ ਦੀ ਮੰਗ ਕਰ ਰਹੇ ਹਨ। ਇਸੇ ਤਹਿਤ 3 ਅਪ੍ਰੈਲ ਨੂੰ ਕਾਂਗਰਸ ਦੇ ਪੰਜੇ ਸੰਸਦ ਮੈਂਬਰਾਂ ਨੇ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਕਾਂਗਰਸ ਗੈਰ ਵਿਵਾਦਿਤ ਸੀਟਾਂ ’ਤੇ ਫੈਸਲਾ ਲੈ ਸਕਦੀ ਹੈ। ਉਥੇ ਸਭ ਦੀਆਂ ਨਜ਼ਰਾਂ ਬਠਿੰਡਾ ਸੀਟ ’ਤੇ ਵੀ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਸੀਟ ’ਤੇ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੀ ਚੋਣ ਲੜਨ ਦੀ ਸੰਭਾਵਨਾ ਹੈ। ਕਾਂਗਰਸ ਦਾ ਇਕ ਵਰਗ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੈਦਾ ਹੋਈ ਹਮਦਰਦੀ ਨੂੰ ਕੈਸ਼ ਕਰਨ ਲਈ ਬਲਕੌਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦਾ ਹੈ ਜਦਕਿ ਇਸ ਸੀਟ ’ਤੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਜ਼ੋਰ ਲਗਾ ਰਹੀ ਹੈ।





