ਕਿਸਾਨ ਆਗੂ Jagjit Dallewal ਦੇ ਮਰਨ ਵਰਤ ਦਾ ਅੱਜ 30 ਵਾਂ ਦਿਨ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 30 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ। ਡੱਲੇਵਾਲ ਦੀ ਜਾਂਚ ਕਰਨ ਆ ਰਹੀ ਡਾਕਟਰਾਂ ਦੀ ਟੀਮ ਦਾ ਐਕਸੀਡੈਂਟ ਹੋਇਆ ਹੈ। ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਗਲਤ ਸਾਈਡ ਤੋਂ ਟੱਕਰ ਮਾਰ ਦਿੱਤੀ। ਹਾਲਾਂਕਿ, ਸਾਰੇ ਬਚ ਗਏ ਹਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਟੀਮ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਸੀ। ਇਹ ਹਾਦਸਾ ਪਟਿਆਲਾ ਦੇ ਪਿੰਡ ਜੋੜਾਮਾਜਰਾ ਨੇੜੇ ਬੁੱਧਵਾਰ ਸਵੇਰੇ ਵਾਪਰਿਆ ਹੈ।
ਇਸ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਸਕਾਰਪੀਓ ਦੇ ਪਿੱਛੇ ਚੱਲ ਰਹੀ ਕਾਰ ਦੇ ਡੈਸ਼ਬੋਰਡ ਕੈਮਰੇ ਤੋਂ ਰਿਕਾਰਡ ਕੀਤੀ ਗਈ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਕਾਰਪੀਓ ਇੱਕ ਬੱਸ ਦੇ ਪਿੱਛੇ ਭੱਜ ਰਹੀ ਹੈ। ਦੂਜੀ ਲੇਨ ‘ਤੇ ਸਾਹਮਣੇ ਤੋਂ ਦੋ ਵਾਹਨ ਆ ਰਹੇ ਹਨ। ਅਚਾਨਕ ਸਕਾਰਪੀਓ ਚਾਲਕ ਨੇ ਲਾਪਰਵਾਹੀ ਨਾਲ ਆਪਣੀ ਕਾਰ ਨੂੰ ਦੂਸਰੀ ਲੇਨ ਵੱਲ ਮੋੜ ਦਿੱਤਾ, ਜਿਸ ਕਾਰਨ ਉਹ ਸਾਹਮਣੇ ਤੋਂ ਆ ਰਹੀਆਂ ਦੋਵੇਂ ਗੱਡੀਆਂ ਨਾਲ ਟਕਰਾ ਗਈ।
ਵੀਡੀਓ ਦੇਖ ਕੇ ਸਕਾਰਪੀਓ ਚਾਲਕ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਕਿਉਂਕਿ ਜੇਕਰ ਉਸ ਨੇ ਬੱਸ ਨੂੰ ਓਵਰਟੇਕ ਕਰਨਾ ਹੁੰਦਾ ਤਾਂ ਉਹ ਬੱਸ ਦੇ ਅੱਗੇ ਨਿਕਲਦ ਪਰ ਉਹ ਕਾਰ ਨੂੰ ਦੂਜੀ ਲੇਨ ਦੇ ਕਿਨਾਰੇ ਲੈ ਗਿਆ।
ਦੱਸ ਦੇਈਏ ਕਿ ਡੱਲੇਵਾਲ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਹਨ।
ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਭਾਰ ਵੀ ਕਾਫੀ ਘੱਟ ਗਿਆ ਹੈ। ਉਹ ਸਿਰਫ਼ ਪਾਣੀ ਪੀ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਵੀ ਕਮਜ਼ੋਰ ਹੋ ਗਈ ਹੈ। ਇਨਫੈਕਸ਼ਨ ਦੇ ਖਤਰੇ ਕਾਰਨ ਉਨ੍ਹਾਂ ਨੂੰ ਅੰਦੋਲਨ ਦੇ ਮੰਚ ‘ਤੇ ਸ਼ੀਸ਼ੇ ਦੇ ਕਮਰੇ ‘ਚ ਰੱਖਿਆ ਜਾ ਰਿਹਾ ਹੈ।
ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਖਨੌਰੀ ਬਾਰਡਰ ਜਾ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਅੱਜ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਹਨ।
ਡੱਲੇਵਾਲ ਦੀ ਮੁੜ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਦੂਜੇ ਪਾਸੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜੀ ਵਾਰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਖੇਤੀ ਵਿਸ਼ੇ ‘ਤੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਹੀਂ ਤਾਂ ਉਨ੍ਹਾਂ ਦੀ ਸ਼ਹਾਦਤ ਦੀ ਉਡੀਕ ਕਰੋ। ਡੱਲੇਵਾਲ ਨੇ ਮਰਨ ਵਰਤ ਤੋੜਨ ਤੋਂ ਇਨਕਾਰ ਕਰ ਦਿੱਤਾ ਹੈ।