Chandigarh: ਪੰਜਾਬ ਦੇ ਵਿੱਚ ਹੱਡ ਚੀਰਵੀਂ ਠੰਡ ਪੈ ਰਹੀ ਹੈ। ਜਿਸ ਕਰਕੇ ਚੰਡੀਗੜ੍ਹ ਤੋਂ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਵਿਦਿਆਰਥੀਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। 8 ਤੋਂ 13 ਜਨਵਰੀ ਤੱਕ ਸਕੂਲ ਸਵੇਰੇ 9.30 ਵਜੇ ਸਵੇਰੇ ਲੱਗਣਗੇ ਅਤੇ ਛੁੱਟੀ ਦਾ ਸਮਾਂ ਰਹੇਗਾ ਦੁਪਹਿਰ 3.00 ਵਜੇ। ਬੱਚੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਗਰਮ ਕੱਪੜਿਆਂ ਦੇ ਨਾਲ ਢੱਕੇ ਹੀ ਘਰ ਤੋਂ ਨਿਕਲਣ।
ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਠੰਡ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਅਨੁਸਾਰ, ਵਿਅਕਤੀ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ। ਨਾਲ ਹੀ ਸੰਤੁਲਿਤ ਭੋਜਨ ਦਾ ਸੇਵਨ ਕਰੋ। ਸੀਤ ਲਹਿਰ ਤੋਂ ਬਚਣ ਲਈ ਤਿੰਨ ਲੇਅਰਾਂ ਵਿੱਚ ਗਰਮ ਕੱਪੜੇ ਪਾਓ। ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਸਮੇਂ-ਸਮੇਂ ‘ਤੇ ਕੋਸਾ ਪਾਣੀ ਪੀਂਦੇ ਰਹੋ। ਹਾਦਸਿਆਂ ਤੋਂ ਬਚਣ ਲਈ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਸੂਰਜ ਦੇਵਤਾ ਨਜ਼ਰ ਨਹੀਂ ਆ ਰਹੇ, ਧੁੱਪ ਨਾ ਨਿਕਲਣ ਕਾਰਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 10.3 ਡਿਗਰੀ ਹੇਠਾਂ ਪਹੁੰਚ ਗਿਆ। ਸ਼ੁੱਕਰਵਾਰ ਨੂੰ ਗੁਰਦਾਸਪੁਰ ਪੰਜਾਬ ‘ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।





