ਅੱਜ ਪੰਜਾਬ ਵਿਧਾਨ ਸਭਾ ਵਿਚ ਅਫੀਮ ਦੀ ਖੇਤੀ ਦੀ ਮੰਗ ਉਠੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਇਹ ਮੁੱਦਾ ਚੁੱਕਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪੁੱਛਿਆ ਕਿ ਕੀ ਪੰਜਾਬ ਵਿਚ ਅਫੀਮ ਦੀ ਖੇਤੀ ਮੁੜ ਸ਼ੁਰੂ ਕਰਨ ਦਾ ਕੋਈ ਪ੍ਰਸਤਾਵ ਹੈ ਜੇ ਹੈ ਤਾਂ ਦੱਸਿਆ ਜਾਵੇ ਕਿ ਕਦੋਂ ਸ਼ੁਰੂ ਕੀਤੀ ਜਾਵੇਗੀ।
ਇਸ ਦੌਰਾਨ ਜਦੋਂ ਵਿਧਾਇਕ ਨੇ ਅਫ਼ੀਮ ਦੀ ਖੇਤੀ ਬਾਰੇ ਪੁੱਛਿਆ ਤਾਂ ਸਪੀਕਰ ਕੁਲਤਾਰ ਸੰਧਵਾਂ ਵੀ ‘ਵਾਹ-ਬਈ-ਵਾਹ ਕਿਆ ਬਾਤ ਏ’ ਕਹਿ ਕੇ ਹੱਸਣ ਲੱਗ ਪਏ ਤੇ ਪੂਰੇ ਸਦਨ ਵਿਚ ਵਿਧਾਇਕਾਂ ਦੇ ਚਿਹਰਿਆਂ ‘ਤੇ ਖੁਸ਼ੀ ਆ ਗਈ। ਇਸ ਦੌਰਾਨ ਸਪੀਕਰ ਸੰਧਵਾਂ ਨੇ ਖੇਤੀਬਾੜੀ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਪਹਿਲਾਂ ਪੰਜਾਬ ਵਿਚ ਅਫੀਮ ਦੇ ਠੇਕੇ ਹੁੰਦੇ ਸਨ, ਇਹ ਬੰਦ ਕਿਉਂ ਕੀਤੇ ਗਏ, ਇਸ ਬਾਰੇਜਾਣਕਾਰੀ ਦਿੱਤੀ ਜਾਵੇ। ਕਈ ਵਿਧਾਇਕਾਂ ਨੇ ਪੰਜਾਬ ‘ਚ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਸਿੰਥੈਟਿਕ ਨਸ਼ੇ ਪੰਜਾਬ ਦੀ ਜਵਾਨੀ ਖ਼ਤਮ ਕਰ ਰਹੇ ਹਨ। ਇਸ ਲਈ ਰਵਾਇਤੀ ਨਸ਼ਿਆਂ ਰਾਹੀਂ ਸਿੰਥੈਟਿਕ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਕਿਉਂਕਿ ਸਾਡੇ ਪੁਰਾਣੇ ਬਜ਼ੁਰਗ ਵੀ ਅਫੀਮ ਖਾ ਕੇ ਕਈ ਕੰਮ ਕਰਦੇ ਸਨ ਤੇ ਇਸ ਨਾਲ ਕਦੇ ਵੀ ਕਿਸੇ ਦੀ ਮੌਤ ਨਹੀਂ ਹੋਈ ਸੀ ਇਸ ਲਈ ਇਸ ਦੀ ਖੇਤੀ ਪੰਜਾਬ ਵਿਚ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਠਾਣਮਾਜਰਾ ਦੇ ਸਵਾਲ ਦੇ ਜਵਾਬ ਵਿਚ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਇਹ ਵੀ ਇਕ ਨਸ਼ਾ ਹੀ ਹੈ ਇਸ ਲਈ ਸਰਕਾਰ ਕੋਲ ਅਜੇ ਅਫੀਮ ਦੀ ਖੇਤੀ ਸ਼ੁਰੂ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ।





