ਜਲਵਾਯੂ ਤਬਦੀਲੀ ਦੀ ਮਾਰ ਹੇਠ ਆਏ ਪੰਜਾਬ ਦੇ 9 ਜ਼ਿਲ੍ਹਆਂ ’ਚ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਡੂੰਘੀ ਚਿੰਤਾ ਪ੍ਰਗਟਾਈ ਗਈ।
ਜਲਵਾਯੂ ਤਬਦੀਲੀ ਦੀ ਮਾਰ ਹੇਠ ਆਏ ਪੰਜਾਬ ਦੇ 9 ਜ਼ਿਲ੍ਹਆਂ ’ਚ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਡੂੰਘੀ ਚਿੰਤਾ ਪ੍ਰਗਟਾਈ ਗਈ। ਨਿਰਮਲਾ ਸੰਤ ਮੰਡਲ ਪੰਜਾਬ ਦੀ ਪਿੰਡ ਸੀਚੇਵਾਲ ’ਚ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ’ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇ।
ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੱਥੇਬੰਦੀ ਦੇ ਸਰਪ੍ਰਸਤ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਿਰਮਲਾ ਸੰਪ੍ਰਦਾਇ ਨਾਲ ਜੁੜੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਲਈ ਹੁਣ ਡੇਰਿਆਂ ’ਚ ਬੈਠਣ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਰਮਲਾ ਸੰਪ੍ਰਦਾਇ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਦੇਸ਼ ਜਾਂ ਸਮਾਜ ’ਤੇ ਸੰਕਟ ਆਉਂਦਾ ਹੈ ਤਾਂ ਨਿਰਮਲ ਭੇਖ ਵਾਲਾ ਸਾਧੂ ਸਮਾਜ ਨਿਸ਼ਕਾਮ ਸੇਵਾ ਲਈ ਕਮਰ ਕੱਸ ਲੈਂਦਾ ਹੈ। ਜਲਵਾਯੂ ਤਬਦੀਲੀ ਨੇ ਇਹ ਸੰਕਟ ਆਉਣ ਦੀ ਖਤਰੇ ਦੀ ਘੰਟੀ ਖੜਕਾ ਦਿੱਤੀ ਹੈ।
ਸੰਤ ਸੀਚੇਵਾਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਾਲ 2023 ਦੇ ਆਖੀਰ ’ਚ ਪਾਰਲੀਮੈਂਟ ਵੱਲੋਂ ਬਣਾਈ ਗਈ ਖੇਤੀਬਾੜੀ ਦੀ ਸਟੈਂਡਿੰਗ ਕਮੇਟੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਸ ’ਚ ਦੱਸਿਆ ਗਿਆ ਸੀ ਕਿ ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ ਹਨ। ਇਨ੍ਹਾਂ ’ਚ ਪੰਜਾਬ ਦੇ 9, ਹਿਮਾਚਲ ਪ੍ਰਦੇਸ਼ ਦੇ 8 ਅਤੇ ਹਰਿਆਣਾ ਦੇ 11 ਜ਼ਿਲ੍ਹੇ ਸ਼ਾਮਲ ਹਨ। ਜਲਵਾਯੂ ਤਬਦੀਲੀ ਦੀ ਸਭ ਤੋਂ ਵੱਧ ਮਾਰ ਖੇਤੀ ਖੇਤਰ ਨੂੰ ਪੈਣੀ ਹੈ। ਇਸ ਮਾਰ ਨਾਲ ਦੇਸ਼ ਦੀ ਸਾਰੀ ਅਰਥ ਵਿਵਸਥਾ ਡੋਲ ਜਾਵੇਗੀ।
ਸੰਤ ਸੀਚੇਵਾਲ ਨੇ ਦੱਸਿਆ ਕਿ ਜਲਵਾਯੂ ਦੀ ਤਬਦੀਲੀ ਆਲਮੀ ਤਪਸ਼ ਵੱਧਣ ਕਾਰਨ ਆ ਰਹੀ ਹੈ। ਇਹ ਵਰਤਾਰਾ ਪਿਛਲੇ ਢਾਈ ਦਹਾਕਿਆ ਤੋਂ ਚੱਲ ਰਿਹਾ ਹੈ, ਪਰ ਹੁਣ ਇਸ ਦਾ ਅਸਰ ਬਹੁਤ ਹੀ ਸਪੱਸ਼ਟ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਕਈ ਸ਼ਹਿਰਾਂ ’ਚ ਤਾਂ ਤਾਪਮਾਨ 50 ਡਿਗਰੀ ਤੋਂ ਵੀ ਉਪਰ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਤੇ ਆਲਮੀ ਤਪਸ਼ ਨੂੰ ਠੱਲ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਨੂੰ ਸੰਭਾਲਣ ਦੀ ਸਖਤ ਲੋੜ ਹੈ। ਉਨ੍ਹਾਂ ਮੀਟਿੰਗ ’ਚ ਨਿਰਮਲ ਸੰਤ ਮੰਡਲ ਦੇ ਆਏ ਸਾਧੂ ਸੰਤਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾ ਕੇ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਦੇ ਉਪਰਾਲੇ ਕਰਨ।
ਇਸ ਮੌਕੇ ਨਿਰਮਲਾ ਸੰਤ ਮੰਡਲ ਪੰਜਾਬ ਦੇ ਜਨਰਲ ਸੱਕਤਰ ਸੰਤ ਜੀਤ ਸਿੰਘ ਨੇ ਸਮੁੱਚੀ ਜੱਥੇਬੰਦੀ ਵੱਲੋਂ ਭਰੋਸਾ ਦਿੱਤਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੁੱਚੇ ਪੰਜਾਬ ਭਰ ’ਚ ਬੂਟੇ ਲਾਉਣ ਦੀ ਮੁਹਿੰਮ ਸਾਰਾ ਸਾਲ ਚਲਾਉਣਗੇ। ਇਸ ਮੌਕੇ ਪ੍ਰਧਾਨ ਸੰਤ ਹਰਕਿਸ਼ਨ ਸਿੰਘ ਸੋਢੀ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ,ਸੰਤ ਅਵਤਾਰ ਸਿੰਘ ਭੀਖੋਵਾਲ ਸੰਤ ਰਾਮ ਸਿੰਘ, ਸੰਤ ਬਲਰਾਜ ਸਿੰਘ ਜਿਆਣ ਸਾਹਿਬ, ਸੰਤ ਅਮਰੀਕ ਸਿੰਘ, ਸੰਤ ਹਰਮੀਤ ਸਿੰਘ, ਸੰਤ ਸੁਖਜੀਤ ਸਿੰਘ ਅਤੇ ਸੁਰਜੀਤ ਸਿੰਘ ਸ਼ੰਟੀ, ਜਰਨੈਲ ਸਿੰਘ ਗੜ੍ਹਦੀਵਾਲਾ ਸਮੇਤ ਹੋਰ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ।
ਨਿਰਮਲਾ ਸੰਤ ਮੰਡਲ ਦੀ ਪੁਰਾਣੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਨਵੀਂ ਚੋਣ 13 ਜੁਲਾਈ ਨੂੰ ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਵੇਗੀ। ਜਥੇਬੰਦੀ ਦੇ ਜਨਰਲ ਸਕੱਤਰ ਸੰਤ ਜੀਤ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਜੱਥੇਬੰਦੀ ਦੀ ਚੋਣ ਨਹੀਂ ਸੀ ਹੋਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੰਤ ਸਮਾਜ ’ਚੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਨਿਰਮਲ ਸੰਤ ਮੰਡਲ ’ਚ ਨਵੇਂ ਮੈਂਬਰਾਂ ਨੂੰ ਵੀ ਸ਼ਾਮਿਲ ਹੋਣ ਦੀ ਅਪੀਲ ਕੀਤੀ।





