ਮੁੱਢਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਵੱਲੋਂ ਆਪਣੀ ਸਕੀ ਚਾਚੀ ਤੇ ਨਾਬਾਲਗ ਚਚੇਰੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਬਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ‘ਚ ਜਜ਼ਮੀਨੀ ਵਿਵਾਦ ਦੇ ਚਲਦਿਆਂ ਦੇਰ ਰਾਤ ਇੱਕ ਭਿਆਨਕ ਘਟਨਾ ਵਾਪਰੀ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ‘ਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਵੱਲੋਂ ਆਪਣੀ ਸਕੀ ਚਾਚੀ ਤੇ ਨਾਬਾਲਗ ਚਚੇਰੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਉਸ ਦਾ ਦੋਸਤ (ਜੋ ਫੌਜੀ ਦੱਸਿਆ ਜਾ ਰਿਹਾ ਹੈ) ਉਸ ਨੂੰ ਰੋਕਣ ਲਈ ਅੱਗੇ ਆਇਆ ਤਾਂ ਉਸ ਨੂੰ ਵੀ ਗੋਲੀ ਲੱਗੀ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਉਕਤ ਨੌਜਵਾਨ ਨੇ ਆਪਣੇ ਘਰ ਵਾਪਸ ਜਾ ਕੇ ਰਸੋਈ ‘ਚ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਤਰ੍ਹਾਂ ਕੁੱਲ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਸ ‘ਚ ਇੱਕੋ ਪਰਿਵਾਰ ਦੇ 3 ਮੈਂਬਰ ਤੇ ਇੱਕ ਬਾਹਰੀ ਵਿਅਕਤੀ ਵੀ ਸ਼ਾਮਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੇਖਵਾਂ ਦੀ ਪੁਲਿਸ ਤੇ ਬਟਾਲਾ ਦੇ ਡੀਐਸਪੀ ਸਿਟੀ ਸੁਖਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੇ ਤੱਥਾਂ ਦੀ ਪੁਸ਼ਟੀ ਜਾਰੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਨੌਜਵਾਨ ਨੇ ਪਿਸਤੌਲ ਨਾਲ ਪਹਿਲਾਂ ਤਿੰਨ ਕਤਲ ਕੀਤੇ ਤੇ ਇਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਨੌਜਵਾਨ ਨੇ ਜਿਸ ਪਿਸਤੌਲ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ, ਉਹ ਪਿਸਤੌਲ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਪਿਸਤੌਲ ਦੇ ਲਾਇਸੈਂਸੀ ਜਾਂ ਗੈਰ-ਲਾਇਸੈਂਸੀ ਹੋਣ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਚਾਰੋਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਹੈ। ਪੁਲਿਸ ਗੁਆਂਢੀਆਂ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਪੂਰੀ ਘਟਨਾ ਬਾਰੇ ਪੁੱਛਗਿੱਛ ਕਰ ਰਹੀ ਹੈ।