ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਵੱਖਰੇ ਅੰਦਾਜ਼ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਦੇ ਗੀਤ ‘Softly’ ਨੂੰ ਜੂਨੋ ਅਵਾਰਡਸ 2024 ਲਈ ਨਾਮੀਨੇਟ ਕੀਤਾ ਗਿਆ ਹੈ। ਜੂਨੋ ਅਵਾਰਡਸ 2024 ਲਈ ਨਾਮੀਨੇਟ ਹੋਣ ਤੋਂ ਬਾਅਦ ਕਰਨ ਦੇ ਨਾਂਅ ਨਾਲ ਇੱਕ ਹੋਰ ਵੱਡੀ ਉਪਲੱਬਧੀ ਜੁੜ ਚੁੱਕੀ ਹੈ। ਪੰਜਾਬੀ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਉਨ੍ਹਾਂ ਆਪਣੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਗੀਤ ‘Softly’ ਜੂਨੋ ਅਵਾਰਡਸ ਲਈ ਨਾਮੀਨੇਟ ਕੀਤਾ ਗਿਆ ਹੈ। ਦੱਸ ਦੇਈਏ ਕਿ ਕਰਨ ਔਜਲਾ ਦੀ ਇਹ ਉਪਲੱਬਧੀ ਵਿਸ਼ਾਲ ਗਲੋਬਲ ਤੇ ਰਿਜ਼ਨਲ ਖੇਤਰ ਆਕਰਸ਼ਨ ਅਤੇ ਪੰਜਾਬੀ ਸੰਗੀਤ ਜਗਤ ਦੇ ਵਿਸ਼ਵਵਿਆਪੀ ਸੰਗਮ ਨੂੰ ਦਰਸਾਉਂਦੀ ਹੈ। ਜੋ ਕਿ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ।
ਕਰਨ ਔਜਲਾ ਦਾ ਗੀਤ ‘Softly’ ਉਨ੍ਹਾਂ ਦੀ ਈਪੀ ‘ਮੇਕਿੰਗ ਮੈਮੋਰੀਜ਼’ ਦੇ ਗਾਣਿਆਂ ਵਿੱਚੋਂ ਇੱਕ ਹੈ। ਇਸ ਗੀਤ ਨੂੰ ਕਰਨ ਔਜਲਾ ਨੇ ਹੀ ਲਿਖਿਆ ਹੈ ਤੇ ਗਾਇਆ ਹੈ। ਇਸ ਗੀਤ ਵਿੱਚ ਉਨ੍ਹਾਂ ਦਾ ਸਾਥ Ikky ਨੇ ਦਿੱਤਾ ਹੈ। ਇਸ ਗੀਤ ਦਾ ਕ੍ਰੇਜ਼ ਸਿਰਫ ਪੰਜਾਬੀ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰਿਆਂ ਵਿੱਚ ਵੀ ਵੇਖਣ ਨੂੰ ਮਿਲਿਆ ਹੈ।





