ਪਿੰਡ ਬੱਢਲ ਦਾ ਜਸਪ੍ਰੀਤ ਸਿੰਘ ਕੈਨੇਡਾ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ।
ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਬੱਢਲ ਨਾਲ ਸਬੰਧਿਤ ਗੁਰਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਵਿਦੇਸ਼ ਵਿੱਚ ਨਾਂ ਚਮਕਾਇਆ ਹੈ। ਮਿਹਨਤ ਅਤੇ ਲਗਨ ਸਦਕਾ ਜਸਪ੍ਰੀਤ ਸਿੰਘ ਕੈਨੇਡਾ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਕਤ ਨੌਜਵਾਨ ਦਾ ਪਿੰਡ ਪਹੁੰਚਣ ਉੱਤੇ ਭਰਵਾ ਸਵਾਗਤ ਕੀਤਾ ਗਿਆ।
ਜਸਪ੍ਰੀਤ ਸਿੰਘ ਬਣਿਆ ਕੈਨੇਡੀਅਨ ਆਰਮੀ ਵਿੱਚ ਆਰਟਿਲਰੀ ਅਫਸਰ
ਦੱਸਣਯੋਗ ਹੈ ਕਿ ਨੌਜਵਾਨ ਜਸਪ੍ਰੀਤ ਸਿੰਘ ਆਪਣੇ ਸਮੇਂ ਵਿੱਚ ਪਹਿਲਵਾਨੀ ਕਰਨ ਵਾਲੇ ਕੁਲਦੀਪ ਸਿੰਘ ਅਤੇ ਮਾਤਾ ਜਸਵੀਰ ਕੌਰ ਦਾ ਪੁੱਤਰ ਹੈ। 31 ਸਾਲਾ ਜਸਪ੍ਰੀਤ ਸਿੰਘ ਬੀ. ਫਾਰਮੇਸੀ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਕੈਨੇਡਾ ਦੇ ਓਨਟਾਰੀਓ ਗਿਆ ਸੀ। ਇਸ ਤੋਂ ਬਾਅਦ ਇਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਮਾਸਟਰ ਡਿਗਰੀ ਹਾਸਲ ਕੀਤੀ ਅਤੇ 2024 ਵਿਚ ਕੈਨੇਡਾ ਵਾਪਿਸ ਆ ਕੇ ਆਰਮੀ ਦੀ ਪ੍ਰੀਖਿਆ ਦਿੱਤੀ ਅਤੇ ਕੈਨੇਡੀਅਨ ਆਰਮੀ ਵਿੱਚ ਆਰਟਿਲਰੀ ਅਫਸਰ ਦੇ ਅਹੁਦੇ ਲਈ ਚੁਣਿਆ ਗਿਆ, ਜੋ ਕਿ ਭਾਰਤੀ ਫੌਜ ਵਿੱਚ ਲੈਫਟੀਨੈਂਟ ਦੇ ਬਰਾਬਰ ਦੀ ਪੋਸਟ ਹੈ।


ਪਿੰਡ ਵਾਸੀਆਂ ਨੂੰ ਮਾਣ
ਇਸ ਸਬੰਧੀ ਲੈਫਟੀਨੈਂਟ ਬਣੇ ਜਸਪ੍ਰੀਤ ਸਿੰਘ ਨੇ ਕਿਹਾ ਕਿ “ਉਹ ਪਿੰਡ ਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਉਸ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੇ ਨੌਜਵਾਨ ਨੇ ਕੈਨੇਡਾ ਦੀ ਧਰਤੀ ’ਤੇ ਪਹੁੰਚ ਕੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਦੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੀ ਨੌਜਵਾਨ ਪੀੜ੍ਹੀ ਨੂੰ ਵੀ ਨੌਜਵਾਨ ਜਸਪ੍ਰੀਤ ਸਿੰਘ ਤੋਂ ਸਬਕ ਲੈਣਾ ਚਾਹੀਦਾ ਹੈ।