ਮੁੱਖ ਮੰਤਰੀ ਮਾਨ ਨੇ ਅੱਜ ਸਿਹਤ ਵਿਭਾਗ ਦੇ ਵੇਰਵੇ ਲੋਕਾਂ ਅੱਗੇ ਰੱਖਣ ਲਈ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ।
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਹਾਲ ਹੀ ‘ਚ 4 ਸਾਲ ਪੂਰੇ ਹੋਏ ਹਨ। ਕਾਰਜਕਾਲ ਦੇ 4 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦਾ ਇੱਕ ਰਿਪੋਰਟ ਕਾਰਡ ਜਾਰੀ ਕੀਤਾ ਸੀ ਤੇ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਈਆਂ ਸਨ। ਹੁਣ ਇਸ ਸਿਲਸਿਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਵਿਭਾਗ ਦੀਆਂ ਉਪਲੱਬਧੀਆਂ ‘ਤੇ ਪ੍ਰੈੱਸ ਕਾਨਫਰੰਸ ਕਰ ਰਹੇ ਹਨ।
ਮੁੱਖ ਮੰਤਰੀ ਮਾਨ ਨੇ ਅੱਜ ਸਿਹਤ ਵਿਭਾਗ ਦੇ ਵੇਰਵੇ ਲੋਕਾਂ ਅੱਗੇ ਰੱਖਣ ਲਈ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੇ ਨਾਲ ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਮਾਨ ਵੱਲੋਂ ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਸਿਲਸਿਲੇ ‘ਚ ਸਿਹਤ ਵਿਭਾਗ ਦੀਆਂ ਉਪਲੱਬਧੀਆਂ ਗਿਣਵਾਈਆਂ ਗਈਆਂ।
ਮੁੱਖ ਮੰਤਰੀ ਸਿਹਤ ਯੋਜਨਾ
ਸੀਐਮ ਮਾਨ ਨੇ ਸਿਹਤ ਸੰਭਾਲ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਸਿਆਣਿਆਂ ਦਾ ਕਹਿਣਾ ਹੈ ਕਿ ਬਾਕੀ ਦਾ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ। ਇਸੇ ਤਹਿਤ ਸਿਹਤ ‘ਦੇ ਖੇਤਰ ‘ਚ ‘ਮੁੱਖ ਮੰਤਰੀ ਸਿਹਤ ਯੋਜਨਾ’ ਜੋ ਦੇਸ਼ ਦਾ ਸਭ ਤੋਂ ਵੱਡਾ ਸਿਹਤ ਸੰਭਾਲ ਪ੍ਰੋਗਰਾਮ ਹੈ, ਹਰ ਇੱਕ ਸੂਬੇ ਦਾ ਨਾਗਰਿਕ ਇਸ ਦੇ ਯੋਗ ਹੈ। ਇਸ ਦੇ ਲਈ ਆਮਦਨ ਦੀ ਕੋਈ ਵੀ ਸ਼ਰਤ ਨਹੀਂ ਰੱਖੀ ਗਈ ਹੈ। ਇਸ ਯੋਜਨਾ ਤਹਿਤ ਹਰ ਇੱਕ ਸਾਲ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਮਹੁੱਈਆ ਕਰਵਾਇਆ ਜਾਂਦਾ ਹੈ।
ਸੀਐਮ ਮਾਨ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਨੂੰ ਚੰਗਾ ਲੱਗਾ ਰਿਹਾ ਹੈ ਕਿ ਹੁਣ ਤੱਕ ਇਸ ਯੋਜਨਾ ‘ਚ ਸੂਬੇ ‘ਚ 25 ਲੱਖ ਲਾਭਪਾਤਰੀਆਂ ਦਾ ਪੰਜੀਕਰਨ ਕੀਤਾ ਜਾ ਚੁੱਕਿਆ ਹੈ। ਇਸ ਤਹਿਤ 1 ਲੱਖ 60 ਹਜ਼ਾਰ ਤੋਂ ਵੱਧ ਲੋਕਾਂ ਦਾ ਇਲਾਜ਼ ਹੋ ਚੁੱਕਿਆ ਹੈ। ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ‘ਚ 1200 ਕਰੋੜ ਰੁਪਏ ਦਾ ਬਜਟ ਰੱਖਿਆ ਤੇ 2026-27 ‘ਚ 2000 ਕਰੋੜ ਦਾ ਬਜਟ ਰੱਖਿਆ ਹੈ।
ਸੀਐਮ ਮਾਨ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਨਾਲ ਪੰਜਾਬ ਸਰਕਾਰ ਦੀ ਯੋਜਨਾ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਆਯੁਸ਼ਮਾਨ ਯੋਜਨਾ ਤਹਿਤ 140 ਕਰੋੜ ਲੋਕਾਂ ਦੇ ਲਈ 9300 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਦੂਜੇ ਪਾਸੇ, ਸਾਡੀ ਸਰਕਾਰ ਨੇ 3 ਤੋਂ 3.25 ਕਰੋੜ ਲੋਕਾਂ ਦੇ ਲਈ 2000 ਕਰੋੜ ਦਾ ਬਜਟ ਰੱਖਿਆ ਹੈ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਿਯਤ ‘ਚ ਕਿੰਨਾ ਫ਼ਰਕ ਹੈ।
ਆਮ ਆਦਮੀ ਕਲੀਨਿਕ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਬਾਰੇ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਸੂਬੇ ‘ਚ 883 ਕਲੀਨਿਕ ਚੱਲ ਰਹੇ ਹਨ ਤੇ 28 ਮਾਰਚ ਨੂੰ 100 ਹੋਰ ਕਲੀਨਿਕ ਸੂਬੇ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ 400 ਕਲੀਨਿਕ ਹੋਰ ਬਣਾਏ ਜਾ ਰਹੇ ਹਨ। ਸੀਐਮ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ‘ਚ 47 ਟੈਸਟ ਤੇ 107 ਦਵਾਈਆਂ ਬਿਲਕੁਲ ਮੁਫ਼ਤ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕ ਵੱਡੀ ਗਿਣਤੀ ‘ਚ ਇਨ੍ਹਾਂ ਕਲੀਨਿਕਾਂ ਦਾ ਫਾਇਦਾ ਲੈ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਹਸਪਤਾਲ ‘ਚ ਲੰਬੀਆਂ ਲਾਈਨਾਂ ‘ਚ ਲੱਗਣ ਦੀ ਜ਼ਰੂਰਤ ਨਹੀਂ ਹੈ।
ਸੀਐਮ ਮਾਨ ਨੇ ਦੱਸਿਆ ਕਿ 94 ਫ਼ੀਸਦੀ ਲੋਕਾਂ ਨੇ ਆਮ ਆਦਮੀ ਕਲੀਨਿਕ ਤੋਂ ਸੰਤੁਸ਼ਤੀ ਪ੍ਰਗਟ ਕੀਤੀ ਹੈ, ਜਿਸ ਦਾ ਮਤਲਬ ਹੈ ਕਿ ਇੰਨੇ ਲੋਕ ਇੱਥੇ ਇਲਾਜ਼ ਕਰਵਾ ਕੇ ਠੀਕ ਹੋਣ ਦਾ ਦਾਅਵਾ ਕਰ ਚੁੱਕੇ ਹਨ। ਇਹ ਸਭ ਲੋਕ ਕਲੀਨਿਕ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ ਕਿ ਉਨ੍ਹਾਂ ਨੂੰ ਸਹੀ ਦਵਾਈਆਂ ਤੇ ਇਲਾਜ਼ ਤੇ ਚੰਗੀ ਬੋਲ-ਚਾਲ ਨਾਲ ਦੇਖਿਆ ਜਾਂਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਦੀ ਓਪੀਡੀ 5 ਕਰੋੜ ਤੋਂ ਪਾਰ ਕਰ ਗਈ ਹੈ ਯਾਨੀ ਕਿ ਇੰਨੀ ਵਾਰ ਲੋਕ ਆਮ ਆਦਮੀ ਕਲੀਨਿਕ ‘ਚ ਹਾਜ਼ਰੀ ਲਗਵਾ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ‘ਚੋਂ 1 ਕਰੋੜ 69 ਲੱਖ ਪੰਜਾਬ ਵਾਸੀ ਵਿਸ਼ੇਸ਼ ਬਿਮਾਰੀਆਂ ਵਾਲੇ ਸਨ, ਬਾਕੀ ਸਾਰੇ ਦੋ-ਦੋ ਜਾਂ ਤਿੰਨ-ਤਿੰਨ ਵਾਰੀ ਕਲੀਨਿਕ ‘ਚ ਕੋਈ ਨਾ ਕੋਈ ਇਲਾਜ਼ ਲਈ ਆ ਚੁੱਕੇ ਹਨ।
ਸੀਐਮ ਮਾਨ ਨੇ ਦੱਸਿਆ ਕਿ 30 ਹਜ਼ਾਰ ਤੋਂ ਵੱਧ ਗਰਭਵਤੀ ਮਹਿਲਾਵਾਂ ਦੀ ਐਂਟੀਨੈਟਲ ਕੇਅਰ (Antenatal- ਗਰਭਵਤੀ ਔਰਤਾਂ ਦੀ ਦੇਖਭਾਲ) ਹੋ ਚੁੱਕੀ ਹੈ। ਇਸ ਤੋਂ ਇਲਾਵਾ 11,000 ਬੰਦਿਆਂ ਦਾ ਡਾਇਲਸਸ ਤੇ ਹਾਈਪਰਟੈਂਸ਼ਨ ਦਾ ਇਲਾਜ਼ ਹੋ ਚੁੱਕਿਆ ਹੈ।
ਪੰਜਾਬ ਦੇ ਇਤਿਹਾਸ ‘ਚ ਡਾਕਟਰਾਂ ਦੀ ਭਰਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਵਿਭਾਗ ਦੀ ਇੱਕ ਹੋਰ ਉਪਲੱਬਧੀ ਗਿਣਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਇਤਿਹਾਸ ਸਭ ਤੋਂ ਵੱਡੀ ਡਾਕਟਰਾਂ ਦੀ ਭਰਤੀ ਪਿਛਲੇ ਚਾਰ ਸਾਲਾਂ ‘ਚ ਹੋਈ ਹੈ। 2022 ਤੋਂ 948 ਜਨਰਲ ਡਾਕਟਰ ਤੇ 627 ਸਪੈਸ਼ਲਿਸਟ ਡਾਕਟਰ ਨਿਯੁਕਤ ਕੀਤੇ ਗਏ ਹਨ। ਸੀਐਮ ਮਾਨ ਨੇ ਦੱਸਿਆ ਕਿ ਇਹ ਭਰਤੀ ਸਰਕਾਰੀ ਡਾਕਟਰਾਂ ਦੀ ਕੁੱਲ ਗਿਣਤੀ ਦਾ 35 ਫ਼ੀਸਦੀ ਹੈ। ਸੀਐਮ ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨੀ ਵੀ ਡਾਕਟਰਾਂ ਦੀ ਭਰਤੀ ਹੋਈ ਹੈ, ਉਸ ਦੀ 35 ਫ਼ੀਸਦੀ ਭਰਤੀ ਅਸੀਂ 4 ਸਾਲਾਂ ‘ਚ ਕਰ ਚੁੱਕੇ ਹਨ।
ਸੀਐਮ ਮਾਨ ਨੇ ਕਿਹਾ ਕਿ ਇਸ ਤੋਂ ਇਲਾਵਾ 300 ਨਰਸਿੰਗ ਸਟਾਫ਼ ਤੇ 250 ਫਾਰਮੈਸੀ ਭਰਤੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 672 ਨਰਸਾਂ ਦੀ ਭਰਤੀ ਚੱਲ ਰਹੀ ਹੈ।
ਜੱਚਾ-ਬੱਚਾ ਸੰਭਾਲ ਕੇਂਦਰ
ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਔਰਤ ਤੇ ਬੱਚੇ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕੀਤਾ ਹੈ। ਪੰਜਾਬ ‘ਚ 250 ਬੈੱਡ ਦੀ ਸਮਰੱਥਾ ਵਾਲੇ 7 ਮਦਰ ਐਂਡ ਚਾਈਲਡ ਹੈਲਥ ਕੇਅਰ ਜਲਦੀ ਹੀ ਬਣ ਰਹੇ ਹਨ। ਧੂਰੀ ਦਾ 30 ਬੈੱਡ ਵਾਲਾ ਜੱਚਾ-ਬੱਚਾ ਹਸਪਤਾਲ ਦਾ 17 ਮਾਰਚ ਨੂੰ ਉਦਘਾਟਨ ਹੋ ਚੁੱਕਿਆ ਹੈ।
ਸੀਐਮ ਮਾਨ ਨੇ ਕਿਹਾ ਪਹਿਲਾਂ ਹਸਪਤਾਲਾਂ ‘ਚ ਦਵਾਈਆਂ ਵੀ ਨਹੀਂ ਹੁੰਦੀਆਂ ਸਨ ਤੇ ਦਵਾਈਆਂ ਦੇ ਲਈ ਪੈਸੇ ਦੇਣੇ ਪੈਂਦੇ ਸਨ, ਪਰ ਹੁਣ ਸਾਰੀਆਂ ਹੀ ਦਵਾਈਆਂ ਮੁਫ਼ਤ ਮਿਲਦੀਆਂ ਹਨ। ਸਰਕਾਰੀ ਤੇ ਸਬ-ਡਿਵੀਜ਼ਨਲ ਜਿੰਨੇ ਵੀ ਹਸਪਤਾਲ ਹਨ, ਉਨ੍ਹਾਂ ਦਾ ਬੁਨਿਆਦੀ ਢਾਂਚਾ ਵ੍ਹਾਈਟ ਵਾਸ਼ ਕੀਤਾ ਗਿਆ ਹੈ। ਸਾਰੇ ਹਸਪਤਾਲਾਂ ‘ਚ ਹੌਟਲਾਈਨ ਸੇਵਾ ਦਾ ਪ੍ਰਬੰਧ ਕੀਤਾ ਹੈ, ਜਿੰਨਾ ਹਸਪਤਾਲਾਂ ‘ਚ ਇਹ ਨਹੀਂ ਹੈ ਆਉਣ ਵਾਲੇ ਕੁੱਝ ਹੀ ਦਿਨਾਂ ‘ਚ ਸੇਵਾ ਸ਼ੁਰੂ ਹੋ ਜਾਵੇਗੀ।
ਇਸ ਦੇ ਨਾਲ ਹੀ ਹਸਪਤਾਲਾਂ ‘ਚ ਅਤਿ-ਆਧੁਨਿਕ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ ਹਨ। ਹੁਣ ਤੱਕ 400 ਕਰੋੜ ਤੋਂ ਵੱਧ ਦੀ ਮੈਡਿਕਲ ਮਸ਼ੀਨਰੀ ਖ਼ਰੀਦ ਕੇ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 22 ਕ੍ਰਿਟੀਕਲ ਕੇਅਰ ਬਲਾਕ ਨਿਰਮਾਣ ਅਧੀਨ ਹੈ। ਹਰ ਬਲਾਕ ਦੀ ਸਮਰੱਥਾ 50 ਬੈੱਡ ਦੀ ਹੋਵੇਗੀ।
ਕੈਂਸਰ ਨੂੰ ਚੈੱਕ ਕਰਨ ਦੇ ਲਈ ਮਸ਼ੀਨਾਂ
ਪੰਜਾਬ ਸਰਕਾਰ ਵੱਲੋਂ 2026 ਤੱਕ ਅੰਮ੍ਰਿਤਸਰ, ਫਰੀਦਕੋਟ, ਮੁਹਾਲੀ ਦੇ ਪਟਿਆਲਾ ਵਿਸ਼ੇਸ਼ ਮਸ਼ੀਨ ਰਾਹੀਂ ਸਕੈਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੈਂਸਰ ਨੂੰ ਚੈੱਕ ਕਰਨ ਲਈ ਇੱਕ ਯੂਨਿਕ ਤੇ ਨਵੀਂ ਮਸ਼ੀਨ ਹੈ। ਇਸ ਤੋਂ ਇਲਾਵਾ ਸੀਟੀ ਸਕੈਨ, ਐਕਸ-ਰੇ ਤੇ ਅਲਟਰਾ ਸਾਉਂਡ ਵਰਗੀਆਂ ਸੇਵਾਵਾਂ ਦਿੱਤੀਆ ਜਾਂਦੀਆਂ ਹਨ।
ਸਿਹਤ ਵਿਭਾਗ ਦੇ ਹੋਰ ਕਾਰਜਾਂ ਤਹਿਤ ਫਰਿਸ਼ਤੇ ਤੇ ਸੜਕ ਸੁਰੱਖਿਆ ਫੋਰਸ ਦੁਆਰਾ ਲਿਆਂਦੇ ਜਾਣ ਵਾਲੇ ਪੀੜਤਾਂ ਦਾ ਇਲਾਜ਼ ਕੀਤਾ ਜਾ ਜਾਂਦਾ ਹੈ ਤੇ ਜਿਹੜੇ ਵੀ ਗੰਭੀਰ ਜ਼ਖ਼ਮੀ ਹੁੰਦੇ ਹਨ, ਉਨ੍ਹਾਂ ਨੂੰ ਅੱਗੇ ਰੈਫ਼ਰ ਕਰ ਦਿੱਤਾ ਜਾਂਦਾ ਹੈ।
AI ਤਕਨੀਕ ਨਾਲ ਕੈਂਸਰ ਸਕ੍ਰੀਨਿੰਗ
ਸੀਐਮ ਮਾਨ ਨੇ ਦੱਸਿਆ ਕਿ ਡਾਇਲਸਸ ਦੀਆਂ ਮਸ਼ੀਨਾਂ ‘ਚ ਏਆਈ ਇਨਬਲਡ ਕੈਂਸਰ ਦੇ ਰਿਫਰੈਕਟਿਵ ਐਰਰ ਸਕ੍ਰੀਨਿੰਗ 1 ਸਤੰਬਰ, 2025 ਤੋਂ ਚੱਲ ਪਈ ਹੈ। ਪੰਜਾਬ ਦੇ 5 ਜ਼ਿਲ੍ਹਿਆਂ ਏਆਈ ਇਨਬਲਡ ਬ੍ਰੈਸਟ ਕੈਂਸਰ ਤੇ ਸਰਵੀਕਲ ਕੈਂਸਰ ਦੀ ਸਕ੍ਰਿਨਿੰਗ ਕੀਤੀ ਜਾ ਰਹੀ ਹੈ। ਹੁਣ ਤੱਕ 9294 ਔਰਤਾਂ ਦੀ ਸਕ੍ਰਿਨਿੰਗ ਕੀਤੀ ਜਾ ਚੁੱਕੀ ਹੈ ਤੇ 8 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਦਾ ਇਲਾਜ਼ ਕੀਤਾ ਜਾ ਚੁੱਕਿਆ ਹੈ।
ਮਿਸ਼ਨ ਅੰਮ੍ਰਿਤ ਤੇ ਲਿਵਰ ਹਸਪਤਾਲ
ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਮਿਸ਼ਨ ਅੰਮ੍ਰਿਤ ਸ਼ੁਰੂ ਕੀਤਾ ਗਿਆ ਹੈ। ਛਾਤੀ ਦੇ ਦਰਦ ਤੋਂ ਪੀੜਤ 29000 ਮਰੀਜ਼ਾਂ ਨੂੰ ਦਰਜ ਕੀਤਾ ਗਿਆ। ਇਸ ਦੌਰਾਨ ਗੰਭੀਰ ਹਾਲਤ ਦੇ ਮਰੀਜ਼ਾਂ ਦੇ ਲਈ ਵੀ ਵਿਸ਼ੇਸ਼ ਡਾਕਟਰਾਂ ਦੀ ਟੀਮ ਵਟਸਐਪ ‘ਤੇ ਕੁਨੈਕਟ ਰਹਿੰਦੀ ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਪਹਿਲੀ ਵਾਰ ਪੰਜਾਬ ਇੰਸਟੀਟਿਊਟ ਆਫ਼ ਲਿਵਰ ਐਂਡ ਬਿਲੀਰੀ ਹਸਪਤਾਲ ਚੱਲ ਰਿਹਾ ਹੈ। ਸੀਐਮ ਮਾਨ ਨੇ ਦੱਸਿਆ ਕਿ 2 ਹਸਪਤਾਲ-ਕਪੂਰਥਲਾ ਤੇ ਹੁਸ਼ਿਆਰਪੁਰ ਮੈਡੀਕਲ ਕਾਲਜਾਂ ਦਾ ਟੈਂਡਰ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਮਲੇਰਕੋਟਲਾ, ਲਹਿਰਾਗਾਗਾ, ਸੰਗਰੂਰ ਮੈਡੀਕਲ ਕਾਲਜ ਦਾ ਪੇਪਰ ਵਰਕ ਜਲਦੀ ਹੀ ਪੂਰਾ ਹੋ ਜਾਵੇਗਾ। ਸੀਐਮ ਮਾਨ ਨੇ ਦੱਸਿਆ ਕਿ ਕੱਲ੍ਹ ਈਦ ਦੇ ਮੌਕੇ ਮਲੇਰਕੋਟਲਾ ਦੇ ਮੈਡੀਕਲ ਕਾਲਜ ਦਾ ਪੇਪਰ ਵਰਕ ਪੂਰਾ ਹੋਣ ਦੀ ਉਮੀਦ ਹੈ ਤੇ ਉਹ ਇਸ ਮੌਕੇ ਮਲੇਰਕੋਟਲਾ ਪਹੁੰਚ ਸਕਦੇ ਹਨ।
ਯੋਗਾ ਕਲਾਸ, ਐਮਬੀਬੀਐਸ ਸੀਟਾਂ ‘ਚ ਵਾਧਾ
ਸੀਐਮ ਮਾਨ ਨੇ ਦੱਸਿਆ ਕਿ ਹਰ ਰੋਜ਼ 8,181 ਯੋਗਾ ਕਲਾਸਾਂ ਲੱਗਦੀਆਂ ਹਨ ਤੇ ਹਰ ਰੋਜ਼ 2 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਹਨ। ਜੇਕਰ ਕੋਈ ਜਗ੍ਹਾ ਦੇ 20 ਤੋਂ ਵੱਧ ਲੋਕ ਇਹ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਸਰਕਾਰ ਮੁਫ਼ਤ ਯੋਗਾ ਦਾ ਮਾਹਿਰ ਉਪਲੱਬਧ ਕਰਵਾਉਂਦੀ ਹੈ। ਸੀਐਮ ਮਾਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਐਮਬੀਬੀਐਸ ਦੀਆਂ ਯੂਜੀ ਤੇ ਪੀਜੀ ਕਾਲਜਾਂ ਦੀਆਂ ਸੀਟਾਂ ਵੀ ਵਧਾਈਆਂ ਜਾ ਰਹੀਆਂ ਹਨ।