ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ ਥਾਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ।
ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ ਥਾਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ। ਸ਼ਨਿਵਾਰ ਨੂੰ ਇੱਕ ਵਾਰ ਫਿਰ ਦਿੱਲੀ-ਹਲਵਾਰਾ-ਦਿੱਲੀ ਹਵਾਈ ਉਡਾਣ ਅਚਾਨਕ ਰੱਦ ਕਰ ਦਿੱਤੀ ਗਈ। ਮਹਿਜ਼ 6 ਦਿਨਾਂ ਦੇ ਵਕਫ਼ੇ ਦੌਰਾਨ ਤੀਜੀ ਵਾਰ ਫ਼ਲਾਈਟ ਕੈਂਸਲ ਹੋਣ ਕਾਰਨ ਹਵਾਈ ਅੱਡੇ ਪੁੱਜੇ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।
ਸਭ ਤੋਂ ਵੱਧ ਮੁਸ਼ਕਲ ਉਨ੍ਹਾਂ 65 ਯਾਤਰੀਆਂ ਨੂੰ ਪੇਸ਼ ਆਈ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਉੱਥੋਂ ਅਗਲੀਆਂ ਇੰਟਰਨੈਸ਼ਨਲ ਫ਼ਲਾਈਟਸ ਫੜਨੀਆਂ ਸਨ। ਦੁੱਧ-ਪੀਂਦੇ ਤੇ ਮਾਸੂਮ ਬੱਚਿਆਂ ਸਮੇਤ ਹਵਾਈ ਅੱਡੇ ਪੁੱਜੇ ਪਰਿਵਾਰਾਂ ਨੂੰ ਭਾਰੇ ਸਾਮਾਨ ਸਮੇਤ ਬੇਰੰਗ ਘਰਾਂ ਨੂੰ ਪਰਤਣਾ ਪਿਆ। ਇਸ ਅਚਨਚੇਤ ਸੰਕਟ ਕਾਰਨ ਕਈ ਯਾਤਰੀਆਂ ਨੂੰ ਆਪਣੀਆਂ ਟਿਕਟਾਂ ਦੀਆਂ ਤਾਰੀਖ਼ਾਂ ਬਦਲਣੀਆਂ ਪਈਆਂ, ਜਦਕਿ ਕਈ ਮੁਸਾਫ਼ਰਾਂ ਨੂੰ ਮਜਬੂਰੀ ਵੱਸ ਹਜ਼ਾਰਾਂ ਰੁਪਏ ਖ਼ਰਚ ਕਰਕੇ ਮਹਿੰਗੀਆਂ ਪ੍ਰਾਈਵੇਟ ਟੈਕਸੀਆਂ ਰਾਹੀਂ ਸੜਕ ਮਾਰਗ ਰਸਤੇ ਦਿੱਲੀ ਵੱਲ ਰਵਾਨਾ ਹੋਣਾ ਪਿਆ।
ਜਾਣਕਾਰੀ ਅਨੁਸਾਰ, ਦਿੱਲੀ ਤੋਂ ਹਲਵਾਰਾ ਪੁੱਜਣ ਵਾਲੀ ਏਅਰ ਇੰਡੀਆ ਦੀ ਫ਼ਲਾਈਟ ਨੰਬਰ AI-481 ਸ਼ਨਿਵਾਰ ਸਵੇਰੇ ਹਲਵਾਰਾ ਨਹੀਂ ਪਹੁੰਚ ਸਕੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਮੁਸਾਫ਼ਰਾਂ ਨੂੰ ਲੈ ਕੇ ਫ਼ਲਾਈਟ ਨੰਬਰ AI-482 ਵਜੋਂ ਮੁੜ ਦਿੱਲੀ ਲਈ ਉਡਾਣ ਭਰਨੀ ਸੀ। ਜਹਾਜ਼ ਦੇ ਹਲਵਾਰਾ ਨਾ ਆਉਣ ਕਾਰਨ ਵਾਪਸੀ ਦੀ ਉਡਾਣ ਵੀ ਮਜਬੂਰਨ ਰੱਦ ਕਰਨੀ ਪਈ। ਸਵੇਰੇ-ਸਵੇਰੇ ਹਵਾਈ ਅੱਡੇ ਪੁੱਜੇ ਯਾਤਰੀਆਂ ਨੂੰ ਜਦੋਂ ਉਡਾਣ ਰੱਦ ਹੋਣ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਸਾਹਮਣੇ ਅਗਲੇਰੇ ਸਫ਼ਰ ਨੂੰ ਲੈ ਕੇ ਵੱਡਾ ਸੰਕਟ ਖੜ੍ਹਾ ਹੋ ਗਿਆ।
7 ਅਤੇ 9 ਸਤੰਬਰ ਨੂੰ ਵੀ ਰੱਦ ਹੋਈ ਸੀ ਉਡਾਣ
ਹਲਵਾਰਾ-ਦਿੱਲੀ ਹਵਾਈ ਸੇਵਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਡਾਵਾਂਡੋਲ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ 7 ਸਤੰਬਰ ਅਤੇ 9 ਸਤੰਬਰ ਨੂੰ ਇਹ ਉਡਾਣ ਰੱਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਤਕਨੀਕੀ ਖ਼ਰਾਬੀਆਂ ਕਾਰਨ ਉਡਾਣਾਂ ਦੇ ਲੇਟ ਹੋਣ ਕਰਕੇ ਮੁਸਾਫ਼ਰਾਂ ਨੂੰ ਘੰਟਿਆਂ ਬੱਧੀ ਏਅਰਪੋਰਟ ‘ਤੇ ਬੈਠ ਕੇ ਖੱਜਲ ਹੋਣਾ ਪਿਆ ਸੀ। ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਵਿੱਚ ਏਅਰਲਾਈਨ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।


![Halwara-Airport-Flights-1[1]](https://punjabbuzz.com/Punjabi/wp-content/uploads/2026/09/Halwara-Airport-Flights-11-696x392.jpg)


