HomeDeshAmritsar Airport ‘ਤੇ ਕਰੀਬ 1 ਕਰੋੜ ਦਾ ਸੋਨਾ ਜ਼ਬਤ, ਕਾਰਗੋ ਪੈਂਟ ਦੀ...
Amritsar Airport ‘ਤੇ ਕਰੀਬ 1 ਕਰੋੜ ਦਾ ਸੋਨਾ ਜ਼ਬਤ, ਕਾਰਗੋ ਪੈਂਟ ਦੀ ਜ਼ੇਬ ‘ਚ ਲੁਕਾਏ ਸਨ ਕੜੇ-ਚੇਨ ਤੇ ਅੰਗੂਠੀਆਂ
ਤਲਾਸ਼ੀ ਦੌਰਾਨ, ਡੀਆਰਆਈ ਅਧਿਕਾਰੀਆਂ ਨੇ ਯਾਤਰੀਆਂ ਕੋਲੋਂ ਸੋਨੇ ਦੇ ਗਹਿਣੇ ਬਰਾਮਦ ਕੀਤੇ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਡਾਇਰੈਕਟੋਰੇਟ ਆਫ ਰੇਵਨਿਊ ਇੰਟੈਲੀਜੈਂਸ (DRI) ਦੀ ਅੰਮ੍ਰਿਤਸਰ ਰੀਜਨਲ ਯੂਨਿਟ ਦੀ ਟੀਮ ਵੱਲੋਂ ਦੋ ਵੱਖ-ਵੱਖ ਮਾਮਲਿਆਂ ‘ਚ ਦੋ ਯਾਤਰੀਆਂ ਤੋਂ ਭਾਰੀ ਮਾਤਰਾ ‘ਚ ਸੋਨਾ ਬਰਾਮਦ ਕੀਤਾ ਹੈ। ਇਹ ਯਾਤਰੀ ਦੁਬਈ ਤੋਂ ਅੰਮ੍ਰਿਤਸਰ ਆ ਰਹੇ ਸਨ। ਇਹ ਦੋਵੇਂ ਯਾਤਰੀ ਸੋਨੇ ਦੇ ਗਹਿਣੇ ਤਸਕਰੀ ਰਾਹੀਂ ਭਾਰਤ ‘ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਇਹ ਗਹਿਣੇ ਆਪਣੀਆਂ ਕਾਰਗੋ ਪੈਂਟਾਂ ਦੀਆਂ ਜੇਬਾਂ ‘ਚ ਛੁਪਾਏ ਹੋਏ ਸਨ।
ਤਲਾਸ਼ੀ ਦੌਰਾਨ, ਡੀਆਰਆਈ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਬਰਾਮਦ ਕੀਤੇ, ਜਿਨ੍ਹਾਂ ਦਾ ਕੁੱਲ ਵਜ਼ਨ ਕ੍ਰਮਵਾਰ 430.440 ਗ੍ਰਾਮ ਤੇ 396.440 ਗ੍ਰਾਮ ਸੀ। ਬਰਾਮਦ ਕੀਤੇ ਗਹਿਣਿਆਂ ਦੀ ਬਾਜ਼ਾਰ ‘ਚ ਕੀਮਤ ਤਕਰੀਬਨ 48 ਲੱਖ 95 ਹਜ਼ਾਰ 601 ਤੇ 45 ਲੱਖ 817 ਰੁਪਏ ਆਂਕੀ ਗਈ ਹੈ। ਇਹ ਗਹਿਣੇ ਜਿਨ੍ਹਾਂ ਵ‘ਚ ਚੇਨ, ਕੜੇ, ਅੰਗੂਠੀਆਂ ਆਦਿ ਸ਼ਾਮਲ ਸਨ, ਡੀਆਰਆਈ ਵੱਲੋਂ ਕਸਟਮ ਐਕਟ ਦੇ ਤਹਿਤ ਜ਼ਬਤ ਕਰ ਲਏ ਗਏ ਹਨ। 
ਪਹਿਲੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਦੋਵੇਂ ਯਾਤਰੀ ਸੋਨੇ ਦੇ ਇਹ ਗਹਿਣੇ ਤਿਉਹਾਰੀ ਮੌਸਮ ‘ਚ ਭਾਰਤ ‘ਚ ਵੇਚਣ ਲਈ ਤਸਕਰੀ ਰਾਹੀਂ ਲਿਆਉਣ ਦੀ ਯੋਜਨਾ ਬਣਾ ਰਹੇ ਸਨ। ਡੀਆਰਆਈ. ਵਰਗੀਆਂ ਏਜੰਸੀਆਂ ਇਸ ਸਮੇਂ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਮੂਲ ਦੇ ਸੋਨੇ ਜਾਂ ਸੋਨੇ ਦੇ ਗਹਿਣਿਆਂ ਦੀ ਤਸਕਰੀ ਰੋਕਣ ਲਈ ਚੌਕਸੀ ‘ਤੇ ਹਨ।
ਤਸਕਰ ਆਰਥਿਕ ਲਾਭ ਲਈ ਅਜਿਹਾ ਕਰਦੇ ਹਨ, ਕਿਉਂਕਿ ਦੁਬਈ ਤੇ ਭਾਰਤ ‘ਚ ਸੋਨੇ ਦੀ ਕੀਮਤ ‘ਚ ਵੱਡਾ ਫਰਕ ਹੈ। ਡੀਆਰਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਕਾਰਵਾਈਆਂ ਤਸਕਰਾਂ ਲਈ ਸਖ਼ਤ ਚੇਤਾਵਨੀ ਹੈ।