ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਲਗਭਗ ਇੱਕ ਤੋਂ ਦੋ ਵਜੇ ਦੀ ਕਰੀਬ, ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਆਏ।
ਕਪੂਰਥਲਾ ਦੇ ਪਿੰਡ ਬੋਹਾਨੀ ‘ਚ ਦੇਰ ਰਾਤ ਸਰਪੰਚ ਭੁਪਿੰਦਰ ਸਿੰਘ ਦੀ ਦੁਕਾਨ ਦੇ ਅਣਪਛਾਤੇ ਬਾਈਕ ਸਵਾਰਾਂ ਨੇ ਫਾਈਰਿੰਗ ਕੀਤੀ। ਇਹ ਪੂਰੀ ਘਟਨਾ ਦੁਕਾਨ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ 6 ਕਾਰਤੂਸ ਬਰਾਮਦ ਕੀਤੇ, ਜਿਸ ‘ਚ 4 ਕਾਰਤੂਸ ਫਾਇਰ ਹੋਏ ਸਨ ਤੇ 2 ਕਾਰਤੂਸ ਮਿਸ ਫਾਇਰ ਹੋਏ ਸਨ। ਸੀਸੀਟੀਵੀ ਫੂਟੇਜ ਦੇ ਆਧਾਰ ‘ਤੇ ਫਾਈਰਿੰਗ ਕਰਨ ਵਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਲਗਭਗ ਇੱਕ ਤੋਂ ਦੋ ਵਜੇ ਦੀ ਕਰੀਬ, ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਆਏ। ਉਨ੍ਹਾਂ ਨੇ ਦੁਕਾਨ ਦੇ ਸ਼ਟਰ ‘ਤੇ ਲਗਾਤਾਰ 6 ਫਾਇਰ ਕੀਤੇ, ਜਿਨ੍ਹਾਂ ‘ਚੋਂ 4 ਗੋਲੀਆਂ ਸ਼ਟਰ ਦੇ ਲੱਗੀਆ ਤੇ 2 ਗੋਲੀਆਂ ਮਿਸ ਫਾਇਰ ਹੋਈਆਂ। ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਦੁੱਧ ਦੀ ਡੇਅਰੀ ਚਲਾਉਂਦੇ ਹਨ। ਸਵੇਰੇ ਜਦੋਂ ਉਨ੍ਹਾਂ ਦਾ ਪੁੱਤਰ ਦੁਕਾਨ ‘ਤੇ ਪਹੁੰਚਿਆ ਤਾਂ ਉਸ ਨੇ ਦੁਕਾਨ ਦੇ ਸ਼ਟਰ ‘ਚ ਛੇਦ ਦੇਖੇ ਤੇ ਇਸ ਦੇ ਨਾਲ ਹੀ ਜ਼ਮੀਨ ‘ਤੇ ਖਾਲੀ ਕਾਰਤੂਸ ਪਏ ਹੋਏ ਸਨ। ਇਸ ਤੋਂ ਬਾਅਦ ਉਸ ਨੇ ਤੁਰੰਤ ਘਰ ਫੋਨ ਕਰਕੇ ਜਾਣਕਾਰੀ ਦਿੱਤੀ। ਜਦੋਂ ਸਰਪੰਚ ਮੌਕੇ ‘ਤੇ ਪਹੁੰਚਿਆ ਦਾ ਦੇਖਿਆ ਕਿ ਸ਼ਟਰ ‘ਤੇ ਗੋਲੀ ਲੱਗੀਆਂ ਹੋਈਆਂ ਸਨ।
ਸਰਪੰਚ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਰਪੰਚੀ ਦੀ ਚੋਣ ਵੀ ਦੋਸਤਾਨਾ ਮਾਹੌਲ ‘ਚ ਲੜੀ ਸੀ ਤੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਦੇਰ ਰਾਤ ਉਨ੍ਹਾਂ ਦੀ ਦੁਕਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਤੇ ਫਾਈਰਿੰਗ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ‘ਚ ਬੋਹਾਨੀ ਪਿੰਡ ‘ਚ ਗੋਲੀਆਂ ਚੱਲਣ ਦਾ ਇਹ ਦੂਜਾ ਮਾਮਲਾ ਹੈ। ਪਿੰਡ ਵਾਸੀਆਂ ਦੇ ਲੋਕਾਂ ‘ਚ ਡਰ ਮਾਹੌਲ ਹੈ।