ਦਿਲਜੀਤ ਦੁਸਾਂਝ ਭਾਰਤ ਵਿਚ dil-luminati ਟੂਰ ਕਰ ਰਿਹਾ ਹੈ।
ਦਿਲਜੀਤ ਦੁਸਾਂਝ ਭਾਰਤ ਵਿਚ dil-luminati ਟੂਰ ਕਰ ਰਿਹਾ ਹੈ। ਦਿੱਲੀ ’ਚ ਆਪਣੇ ਕੰਸਰਟ ਤੋਂ ਬਾਅਦ ਅੱਜ ਉਹ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ( jaiveer shergill) ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲਣ ਪਹੁੰਚਿਆ। ਭਾਜਪਾ ਆਗੂ ਵੱਲੋਂ ਉਸ ਦੀ ਖ਼ੂਬ ਤਾਰੀਫ਼ ਕੀਤੀ ਗਈ।
ਪੰਜਾਬੀਆਂ ਦਾ ਮਾਣ ਹੈ ਦਿਲਜੀਤ
ਸ਼ੇਰਗਿੱਲ ਨੇ ਐਕਸ ’ਤੇ ਪੋਸਟ ਕੀਤੀ, ‘ਮੇਰੇ ਦੋਸਤ ਤੇ ਸੁਪਰਸਟਾਰ ਦਿਲਜੀਤ ਸਮਾਂ ਕੱਢ ਕੇ ਮੇਰੇ ਘਰ ਆਇਆ, ਜਿਸ ਲਈ ਮੈਂ ਕਾਫ਼ੀ ਖ਼ੁਸ਼ ਹਾਂ। ਉਸ ਦੀ ਨਿਮਰਤਾ ਤੇ ਦਿਆਲਤਾ ਆਪਣੇ ਆਪ ’ਚ ਇਕ ਸਬਕ ਹੈ। ਵਾਹਿਗੁਰੂ ਜੀ ਨੂੰ ਹਮੇਸ਼ਾ ਉਸ ਦੀ ਸਫਲਤਾ, ਚੰਗੀ ਸਿਹਤ ਲਈ ਬੇਨਤੀ ਕਰਦਾ ਹਾਂ ਤੇ ਦੇਸ਼ ਦਾ ਮਾਣ ਵਧਾਉਣ ਲਈ ਜਿੰਨਾ ਵੀ ਉਸ ਦਾ ਧੰਨਵਾਦ ਕੀਤਾ ਜਾਵੇ, ਘੱਟ ਹੈ। ਪੰਜਾਬੀ ਛਾ ਗਏ ਓਏ।’
ਸ਼ੇਰਗਿੱਲ ਨੇ ਅੱਗੇ ਕਿਹਾ ਕਿ ਦਿਲਜੀਤ ਪੰਜਾਬੀਆਂ ਦੀ ਸ਼ਾਨ ਹੈ ਤੇ ਉਸ ਨੇ ਸਾਡਾ ਸਾਰਿਆਂ ਦਾ ਮਾਣ ਵਧਾਇਆ ਹੈ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਦਿਲਜੀਤ ਤੋਂ ਸਿੱਖਣਾ ਚਾਹੀਦਾ ਹੈ ਕਿ ਸੰਘਰਸ਼ ਕਰ ਕੇ ਤੁਸੀਂ ਉਚਾਈਆਂ ਤਕ ਪਹੁੰਚ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਦਿਲਜੀਤ ਦੁਸਾਂਝ ਦੇ ਪੰਜਾਬ ਤੋਂ ਆਏ ਹਾਂ ਤੇ ਉਹ ਸਾਡਾ ਮਾਣ ਹੈ।
ਦਿਲਜੀਤ ਨੇ ਸ਼ਨਿਚਰਵਾਰ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਆਪਣੇ dil-luminati ਟੂਰ ਦੀ ਭਾਰਤੀ ਸ਼ੁਰੂਆਤ ਕੀਤੀ। ਕੰਸਰਟ ਵਿਚ ਜਦੋਂ ਉਸ ਨੇ ਆਪਣੇ ਸ਼ੁਰੂਆਤੀ ਗੀਤ ਤੋਂ ਬਾਅਦ ਮਾਣ ਨਾਲ ਭਾਰਤੀ ਝੰਡਾ ਲਹਿਰਾਇਆ, ਤਾਂ ਪ੍ਰਸ਼ੰਸਕਾਂ ਨੇ ਉੱਚੀ-ਉੱਚੀ ਤਾੜੀਆਂ ਮਾਰੀਆਂ, ਜਿਸ ਨਾਲ ਸਰੋਤਿਆਂ ਵਿੱਚ ਉਤਸ਼ਾਹ ਦਾ ਮਾਹੌਲ ਬਣ ਗਿਆ।
ਬੰਗਲਾ ਸਾਹਿਬ ਗੁਰਦੁਆਰੇ ਜਾ ਕੇ ਟੇਕਿਆ ਮੱਥਾ
ਵੱਡੇ ਕੰਸਰਟ ਤੋਂ ਪਹਿਲਾਂ ਦਿਲਜੀਤ ਸ਼ੁੱਕਰਵਾਰ ਰਾਤ ਨੂੰ ਬੰਗਲਾ ਸਾਹਿਬ ਗੁਰਦੁਆਰੇ ਵਿਚ ਅਰਦਾਸ ਕਰਨ ਅਤੇ ਆਸ਼ੀਰਵਾਦ ਲੈਣ ਲਈ ਗਿਆ। ਇਸ ਦੇ ਨਾਲ ਹੀ ਕੰਸਰਟ ਤੋਂ ਪਹਿਲਾਂ ਉਸ ਨੇ ਖਾਸ ਇੰਸਟਾਗ੍ਰਾਮ ਪੋਸਟ ਵੀ ਕੀਤੀ ਅਤੇ ਕਿਹਾ, “ਸ਼ਟ ਡਾਊਨ ਸ਼ਟ ਡਾਊਨ ਕਰਾਂ ਤਾਂ ਫੇਰ ਦਿੱਲੀ ਵਾਲੇਆ ਨੇ, ਮਿਲਦੇ ਹਾਂ ਸੇਮ ਟਾਈਮ ਸੇਮ ਸਟੇਡੀਅਮ ਵਿਚ।’
ਜ਼ਿਕਰਯੋਗ ਹੈ ਕਿ dil-luminati ਟੂਰ ਪੂਰੇ ਭਾਰਤ ਵਿਚ ਹੋ ਰਿਹਾ ਹੈ ਅਤੇ ਅਗਲੇ ਸ਼ੋਅ ਹੈਦਰਾਬਾਦ, ਅਹਿਮਦਾਬਾਦ ਤੇ ਪੁਣੇ ਵਰਗੇ ਸ਼ਹਿਰਾਂ ਵਿਚ ਹੋਣ ਵਾਲੇ ਹਨ।