HomeDeshਮੁੱਖ ਮੰਤਰੀ Mann ਅੱਜ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ, ਬਾਗੀ ਰਾਜ ਸਭਾ...
ਮੁੱਖ ਮੰਤਰੀ Mann ਅੱਜ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ, ਬਾਗੀ ਰਾਜ ਸਭਾ ਸਾਂਸਦਾਂ ਦਾ ਚੁੱਕਣਗੇ ਮੁੱਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12:00 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਪਹੁੰਚ ਰਹੇ ਹਨ। ਉਹ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਆਮ ਆਦਮੀ ਪਾਰਟੀ (ਆਪ) ਦੇ 7 ਸੰਸਦ ਮੈਂਬਰਾਂ ਦੇ ਦਲ ਬਦਲਣ ਦਾ ਮੁੱਦਾ ਚੁੱਕਣਗੇ ਤੇ ਇਨ੍ਹਾਂ 7 ਸਾਂਸਦਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨਗੇ। ਦੱਸ ਦੇਈਏ ਕਿ ਇਨ੍ਹਾਂ 7 ਸੰਸਦ ਮੈਂਬਰਾਂ ‘ਚੋਂ 6 ਪੰਜਾਬ ਤੋਂ ਹਨ, ਜਦਕਿ ਇੱਕ ਦਿੱਲੀ ਤੋਂ ਹੈ। ਇਨ੍ਹਾਂ ਸਾਰਿਆਂ ਸਾਂਸਦਾਂ ਨੇ ਭਾਰਤੀ ਜਨਤਾ ਪਾਰਟੀ ‘ਚ ਰਲੇਵਾਂ ਕਰ ਲਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12:00 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਸੀਐਮ ਮਾਨ ਤੜਕਸਾਰ ਆਪਣੇ ਸਾਰੇ ਵਿਧਾਇਕਾਂ ਨਾਲ ਦਿੱਲੀ ਵੱਲ ਰਵਾਨਾ ਹੋ ਗਏ ਹਨ। ਦਿੱਲੀ ਵੱਲ ਰਵਾਨਾ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਚੰਡੀਗੜ੍ਹ ‘ਚ ਬਾਗੀ ਸਾਂਸਦਾਂ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ ‘ਚ ਪੋਸਟਰ ਫੜ੍ਹੇ ਹੋਏ ਸਨ, ਜਿਨ੍ਹਾਂ ‘ਚ ਬਾਗੀ ਸਾਂਸਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਤੇ ਇਨ੍ਹਾਂ ‘ਤੇ “Punjab’s Traitors” (ਪੰਜਾਬ ਦੇ ਗੱਦਾਰ) ਲਿਖਿਆ ਹੋਇਆ ਸੀ।
ਪੰਜਾਬ “ਆਪ” ਦੇ ਸਾਰੇ ਵਿਧਾਇਕ ਵੀ ਰਹਿਣਗੇ ਮੌਜੂਦ
ਹਾਲਾਂਕਿ, ਮੁੱਖ ਮੰਤਰੀ ਮਾਨ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਪਰ ਸਿਰਫ਼ ਮੁੱਖ ਮੰਤਰੀ ਨੂੰ ਹੀ ਮੁਲਾਕਾਤ ਲਈ ਸਮਾਂ ਮਿਲਿਆ ਹੈ। ਪਰ, ਇਸ ਦੌਰਾਨ ਪੰਜਾਬ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਵੀ ਮੁੱਖ ਭਗਵੰਤ ਮਾਨ ਨਾਲ ਦਿੱਲੀ ਲਈ ਰਵਾਨਾ ਹੋ ਹੋਏ ਹਨ। ਇਹ ਸਾਰੇ ਵਿਧਾਇਕ ਰਾਸ਼ਟਰਪਤੀ ਭਵਨ ਦੇ ਬਾਹਰ ਮੌਜੂਦ ਰਹਿਣਗੇ। ਸੀਐਮ ਮਾਨ ਨੇ ਬੀਤੀ ਦਿਨੀਂ ਟਵੀਟ ਇਸ ਬਾਬਤ ਜਾਣਕਾਰੀ ਦਿੱਤੀ ਸੀ।

ਸੀਐਮ ਮਾਨ ਨੇ ਟਵੀਟ ‘ਚ ਕੀ ਲਿਖਿਆ ਸੀ?
ਸੀਐਮ ਨੇ ਟਵੀਟ ਚ ਲਿਖਿਆ- ਪੰਜਾਬ ਦੇ ਲੋਕਾਂ ਦੇ ਫ਼ਤਵੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਮਿਲਣ ਲਈ 5 ਮਈ, ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਹੈ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ (MLAs) ਲਈ ਸਮਾਂ ਮੰਗਿਆ ਸੀ, ਪਰ ਮੈਨੂੰ ਇਕੱਲੇ ਨੂੰ ਹੀ ਮਿਲਣ ਦਾ ਸੱਦਾ ਮਿਲਿਆ ਹੈ। ਮੈਂ ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਪਹੁੰਚਾਂਗਾ। ਮੇਰੇ ਸਾਥੀ ਵਿਧਾਇਕ ਬਾਹਰ ਰਹਿਣਗੇ ਅਤੇ ਮੈਂ ਅੰਦਰ ਜਾ ਕੇ ਸਾਰਿਆਂ ਵਲੋਂ ਪੰਜਾਬ ਦੀ ਆਵਾਜ਼ ਅਤੇ ਜਨਤਾ ਦੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਮਾਨਯੋਗ ਰਾਸ਼ਟਰਪਤੀ ਜੀ ਦੇ ਸਾਹਮਣੇ ਰੱਖਾਂਗਾ। ਮੁਲਾਕਾਤ ਤੋਂ ਬਾਅਦ ਅਗਲੀ ਰਣਨੀਤੀ ਸਾਂਝੀ ਕੀਤੀ ਜਾਵੇਗੀ। ਕੀਮਤੀ ਸਮਾਂ ਦੇਣ ਲਈ ਮਾਨਯੋਗ ਰਾਸ਼ਟਰਪਤੀ ਜੀ ਦਾ ਤਹਿ ਦਿਲੋਂ ਧੰਨਵਾਦ।
ਬਾਗੀ ਸਾਂਸਦ ਵੀ ਅੱਜ ਰਾਸ਼ਟਰਪਟੀ ਨਾਲ ਕਰਨਗੇ ਮੁਲਾਕਾਤ
ਦੂਜੇ ਪਾਸੇ, ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਾਰੇ 7 ਸੰਸਦ ਮੈਂਬਰ ਵੀ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੇ। ਇਹ ਸਾਰੇ ਸਾਂਸਦ ਸਵੇਰੇ 10.40 ਵਜੇ ਰਾਸ਼ਟਰਪਤੀ ਨੂੰ ਮਿਲਣਗੇ।
ਰਾਜ ਸਭਾ ਚੇਅਰਮੈਨ ਨੇ ਰਲੇਵੇਂ ਨੂੰ ਦਿੱਤੀ ਸੀ ਮਨਜ਼ੂਰੀ
ਰਾਜ ਸਭਾ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਮ ਆਦਮੀ ਪਾਰਟੀ (ਆਪ) ਤੋਂ ਵੱਖ ਹੋਏ ਧੜੇ ਦੇ ਰਲੇਵੇਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। 7 “ਆਪ” ਸੰਸਦ ਮੈਂਬਰਾਂ ਵਾਲੇ ਧੜੇ ਨੇ ਪਿਛਲੇ ਦਿਨੀਂ ਪਾਰਟੀ ਛੱਡ ਦਿੱਤੀ ਸੀ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਸਨ। ਜਦੋਂ ਕਿ ‘ਆਪ’ ਨੇ ਇਨ੍ਹਾਂ ਬਾਗੀ ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਸੀ, ਚੇਅਰਮੈਨ ਨੇ ਇਸ ਧੜੇ ਦੇ ਭਾਜਪਾ ‘ਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਸਭਾ ਸਕੱਤਰੇਤ ਨੇ ਇਸ ਸਬੰਧ ‘ਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ।