ਅੱਜ ਮੁਹਾਲੀ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਸਕਦੀ ਹੈ। ਇਸ ਲਈ ਸ਼ਾਮ ਵੇਲੇ ਘਰੋਂ ਬਾਹਰ ਨਿਕਲਣ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਸ਼ਾਮ 7 ਵਜੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਇਸ ਲਈ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਆਮ ਲੋਕਾਂ ਨੂੰ ਮੈਚ ਦੌਰਾਨ ਸਟੇਡੀਅਮ ਵੱਲ ਨਾ ਆਉਣ ਦੀ ਸਲਾਹ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਇਸ ਮੈਚ ਕਰਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕਰੀਬ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਆਲੇ-ਦੁਆਲੇ ਦੇ ਇਲਾਕੇ ਵਿੱਚ 2000 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ। ਮੈਚ ਦੌਰਾਨ ਸ਼ਾਮ 4:30 ਵਜੇ ਸਟੇਡੀਅਮ ਦੇ ਗੇਟ ਖੋਲ੍ਹੇ ਜਾਣਗੇ। ਇਸ ਦੌਰਾਨ ਕੁਝ ਰੂਟ ਡਾਈਵਰਟ ਕੀਤੇ ਜਾਣਗੇ। ਇਸ ਵਿੱਚ ਲਾਈਟ ਪੁਆਇੰਟ ਫੇਸ 10 ਤੇ 11, ਲਾਈਟ ਪੁਆਇੰਟ ਸੈਕਟਰ 49 ਤੇ 50, ਲਾਈਟ ਪੁਆਇੰਟ ਫੇਸ 8 ਤੇ 9, ਲਾਈਟ ਪੁਆਇੰਟ ਨੇੜੇ ਨਾਈਪਰ ਬ੍ਰਿਜ, ਲਾਈਟ ਪੁਆਇੰਟ ਨੇੜੇ ਗੋਗਾਮੇੜੀ ਸੈਕਟਰ 68 ਦੇ ਰੂਟਾਂ ਤੋਂ ਆਵਾਜਾਈ ਨੂੰ ਮੋੜਿਆ ਜਾਵੇਗਾ। ਇਸ ਲਈ ਪੁਲਿਸ ਵੱਲੋਂ ਬੈਰੀਕੇਡ ਲਾਏ ਜਾਣਗੇ।





