ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਾਲੜਾ ਦੀ ਇਕ ਹਵੇਲੀ ਅੰਦਰ ਪਾਕਿਸਤਾਨੀ ਡ੍ਰੋਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਾਲੜਾ ਦੀ ਇਕ ਹਵੇਲੀ ਅੰਦਰ ਪਾਕਿਸਤਾਨੀ ਡ੍ਰੋਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਦੇ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਉਕਤ ਡ੍ਰੋਨ ਨੂੰ ਕਬਜੇ ਵਿਚ ਲੈ ਲਿਆ। ਜਦੋਂਕਿ ਇਸ ਬਰਾਮਦਗੀ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਵਾਯੂਯਾਨ ਅਧਨੀਯਿਮ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਬੀਐੱਸਐੱਫ ਦੀ ਸਰਹੱਦੀ ਚੌਂਕੀ ਵਾਂ ’ਤੇ ਤਾਇਨਾਤ ਕੰਪਨੀ ਕਮਾਂਡਰ ਰਾਜ ਕੁਮਾਰ ਨੇ ਸੂਚਨਾ ਦਿੱਤੀ ਸੀ ਕਿ ਗੁਰਸਾਹਿਬ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਡੱਲ ਦੀ ਹਵੇਲੀ ’ਚ ਖੜੀ ਕੰਬਾਇਨ ਦੇ ਕਟਰ ਵਿਚ ਡ੍ਰੋਨ ਡਿੱਗਾ ਹੈ। ਜਿਸ ਤੋਂ ਬਾਅਦ ਏਐੱਸਆਈ ਸਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਕੰਬਾਇਨ ਦੇ ਕਟਰ ਵਿੱਚੋਂ ਟੁੱਟੀ ਹਾਲਤ ਵਿਚ ਡ੍ਰੋਨ ਨੂੰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਡ੍ਰੋਨ ਦੀ ਜਾਂਚ ਕੀਤੀ ਜਾ ਰਹੀ ਹੈ।