ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਦੇ ਇਸ ਦਾਅਵੇ ‘ਤੇ ਪਲਟਵਾਰ ਕੀਤਾ ਗਿਆ ਹੈ।
ਪੰਜਾਬ ‘ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹੋ ਗਏ ਹਨ। ਪੰਜਾਬ ‘ਚ ਚੋਣ ਕਮਿਸ਼ਨ ਵੱਲੋਂ ਚਲਾਈ SIR ਮੁਹਿੰਮ ਤਹਿਤ 13 ਅਗਸਤ 2026 ਨੂੰ ਜਾਰੀ ਕੀਤੀ ਗਈ ਡ੍ਰਾਫਟ ਵੋਟਰ ਲਿਸਟ ‘ਚੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਮ ਦੇ ਅੱਗੇ ਸਥਾਈ ਤੌਰ ਤੇ ਸਥਾਨਾਂਤਰਿਤ (Permanently Shifted) ਦਰਜ ਕੀਤਾ ਗਿਆ ਹੈ। ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਇਹ ਕੋਈ ਆਮ ਕਲਰਕ ਦੀ ਗਲਤੀ ਨਹੀਂ ਲੱਗਦੀ, ਸਗੋਂ ਇਹ ਸਪੱਸ਼ਟ ਤੌਰ ਤੇ ਸਿਆਸੀ ਬਦਲੇ ਦੀ ਭਾਵਨਾ ਦਾ ਮਾਮਲਾ ਹੈ।
ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਦੇ ਇਸ ਦਾਅਵੇ ‘ਤੇ ਪਲਟਵਾਰ ਕੀਤਾ ਗਿਆ ਹੈ। ਰਾਘਵ ਚੱਢਾ ਦੀ ਵੋਟਰ ਰਜਿਸਟ੍ਰੇਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇੱਕ ਰਾਸ਼ਟਰੀ ਅੰਗਰੇਜ਼ੀ ਅਖ਼ਬਾਰ ਵੱਲੋਂ ਰਾਘਵ ਚੱਢਾ ਨੂੰ ਦਿੱਲੀ ‘ਚ ਬੈਕਡੇਟਿਡ ਪ੍ਰਕਿਰਿਆ ਰਾਹੀਂ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦਿਆਂ ਸਾਹਮਣੇ ਲਿਆਂਦਾ ਗਿਆ ਹੈ। ਹੁਣ ਇਸ ਪੂਰੇ ਮਾਮਲੇ ਦਾ ਇਲਜ਼ਾਮ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ‘ਤੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
‘ਆਪ’ ਵੱਲੋਂ ਕਿਹਾ ਗਿਆ ਕਿ SIR ਦੀ ਪ੍ਰਕਿਰਿਆ ਚੋਣ ਕਮਿਸ਼ਨ ਵੱਲੋਂ ਕਰਵਾਈ ਜਾਂਦੀ ਹੈ, ਨਾ ਕਿ ਪੰਜਾਬ ਸਰਕਾਰ ਵੱਲੋਂ। ਇਸ ਲਈ ਪੰਜਾਬ ਸਰਕਾਰ ਦੀ ਕਿਸੇ ਵਿਅਕਤੀ ਦਾ ਨਾਮ ਵੋਟਰ ਲਿਸਟ ‘ਚ ਸ਼ਾਮਲ ਕਰਨ ਜਾਂ ਹਟਾਉਣ ਬਾਰੇ ਫੈਸਲਾ ਕਰਨ ‘ਚ ਕੋਈ ਭੂਮਿਕਾ ਨਹੀਂ ਹੈ।
“ਵੋਟਰ ਰਜਿਸਟ੍ਰੇਸ਼ਨ ਨੂੰ ਕਾਇਮ ਰੱਖਣਾ ਜਾਂ ਤਬਦੀਲ ਕਰਵਾਉਣਾ ਆਪਣੀ ਜ਼ਿੰਮੇਵਾਰੀ”
ਪਾਰਟੀ ਨੇ ਕਿਹਾ ਕਿ ਇਹ ਪਬਲਿਕ ਰਿਕਾਰਡ ਦਾ ਮਾਮਲਾ ਹੈ ਕਿ ਰਾਘਵ ਚੱਢਾ ਦਿੱਲੀ ‘ਚ ਰਹਿ ਰਹੇ ਹਨ ਤੇ ਪੰਜਾਬ ‘ਚ ਨਹੀਂ। ਜੇਕਰ ਉਹ ਹੁਣ ਪੰਜਾਬ ‘ਚ ਨਹੀਂ ਰਹਿੰਦੇ ਤਾਂ ਆਪਣੀ ਵੋਟਰ ਰਜਿਸਟ੍ਰੇਸ਼ਨ ਨੂੰ ਕਾਇਮ ਰੱਖਣਾ ਜਾਂ ਕਿਸੇ ਹੋਰ ਥਾਂ ਤਬਦੀਲ ਕਰਵਾਉਣਾ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੈ।
‘ਆਪ’ ਨੇ ਕਿਹਾ ਕਿ ਵੋਟਰ ਲਿਸਟ ‘ਚੋਂ ਨਾਮ ਹਟਾਏ ਜਾਣ ਦੇ ਮਾਮਲੇ ਲਈ ਹੁਣ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਰਾਜਿੰਦਰ ਨਗਰ ‘ਚ ਬੈਕਡੇਟਿਡ ਰਜਿਸਟ੍ਰੇਸ਼ਨ ਦੀ ਕੋਸ਼ਿਸ਼ ਦਾ ਦਾਅਵਾ
ਪਾਰਟੀ ਨੇ ਅੱਗੇ ਦਾਅਵਾ ਕੀਤਾ ਕਿ ਪਾਰਟੀ ਨੂੰ ਚੋਣ ਕਮਿਸ਼ਨ ਨਾਲ ਜੁੜੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਘਵ ਚੱਢਾ ਦਿੱਲੀ ਦੇ ਰਾਜਿੰਦਰ ਨਗਰ ‘ਚ ਬੈਕਡੇਟਿਡ ਪ੍ਰਕਿਰਿਆ ਰਾਹੀਂ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਨੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਬੈਕਡੇਟਿਡ ਜਾਂ ਗੈਰ-ਕਾਨੂੰਨੀ ਪ੍ਰਕਿਰਿਆ ਅਪਣਾਈ ਗਈ ਹੈ ਤਾਂ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਮਾਮਲੇ ਦੀ ਸੱਚਾਈ ਜਨਤਾ ਦੇ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ।
‘ਆਪ’ ਨੇ ਇਹ ਵੀ ਕਿਹਾ ਕਿ ਜੇਕਰ ਭਾਜਪਾ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਅਜਿਹੀ ਬੈਕਡੇਟਿਡ ਵੋਟਰ ਐਂਟਰੀ ਕਰਵਾਉਣ ‘ਚ ਕੋਈ ਮਦਦ ਕੀਤੀ ਗਈ ਹੈ ਤਾਂ ਪਾਰਟੀ ਇਸ ਮਾਮਲੇ ਨੂੰ ਇਸ ਦੇ ਤਰਕਸੰਗਤ ਅੰਜਾਮ ਤੱਕ ਲੈ ਕੇ ਜਾਵੇਗੀ।