ਜਾਣਕਾਰੀ ਅਨੁਸਾਰ 7 ਸਾਲ ਪਹਿਲਾਂ ਕੈਲੀਫੋਰਨੀਆ ਗਿਆ ਲਵਪ੍ਰੀਤ ਸਿੰਘ ਦੋ ਦਿਨ ਪਹਿਲਾਂ ਉਹ ਪੱਕੇ ਹੋਣ ਦੇ ਕਾਗ਼ਜ਼ ਲੈਣ ਲਈ ਅਮਰੀਕਾ ਦੇ ਕਿਸੇ ਸ਼ਹਿਰ ਗਿਆ ਸੀ। ਜਦੋਂ ਉਹ ਐੱਲ.ਏ.ਏਅਰਪੋਰਟ ’ਤੇ ਉੱਤਰਿਆ ਤਾਂ ਉਸ ਨੇ ਆਪਣੇ ਦੋਸਤ ਸੁਨੀਲ ਕਾਟਲ ਵਾਸੀ ਚਾਵਾ ਤੇ ਵਿਸ਼ਾਲ ਸਲਾਰੀਆ ਵਾਸੀ ਭੈਣੀ ਕਾਣੇ ਨੂੰ ਬੁਲਾਇਆ, ਜਿਸ ਤੋਂ ਬਾਅਦ ਤਿੰਨੋਂ ਕਾਰ ’ਚ ਸਵਾਰ ਹੋ ਕੇ ਕੈਲੀਫੋਰਨੀਆ ਆ ਰਹੇ ਸਨ। ਜਦੋਂ ਉਹ ਐੱਲ.ਏ. ਨਜ਼ਦੀਕ ਪਹਾੜੀ ਇਲਾਕੇ ’ਚ ਪੁੱਜੇ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਡਿਵਾਈਡਰ ਨਾਲ ਟਕਰਾਉਂਦੀ ਹੋਈ ਡੂੰਘੀ ਖੱਡ ’ਚ ਜਾ ਡਿੱਗੀ।
ਇਸ ਹਾਦਸੇ ਵਿੱਚ ਲਵਪ੍ਰੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ। ਜਦੋਂਕਿ ਸੁਨੀਲ ਕੁਮਾਰ ਦੀ ਲੱਤ ’ਤੇ ਸੱਟ ਲੱਗੀ ਤੇ ਵਿਸ਼ਾਲ ਸਲਾਰੀਆ ਵਾਲ-ਵਾਲ ਬਚ ਗਿਆ। ਵਿਸ਼ਾਲ ਸਲਾਰੀਆ ਨੂੰ ਜਦੋਂ ਹੋਸ਼ ਆਇਆ ਤਾਂ ਉਸ ਨੇ ਪੁਲਿਸ ਕੰਟਰੋਲ ਰੂਮ ’ਤੇ ਫ਼ੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਕਾਰ ’ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ। ਹਾਦਸੇ ਵਿਚ ਲਵਪ੍ਰੀਤ ਸਿੰਘ ਨੂੰ ਫ਼ੌਰੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਇਸ ਹਾਦਸੇ ਦੀ ਖ਼ਬਰ ਮਿਲਣ ’ਤੇ ਲਵਪ੍ਰੀਤ ਸਿੰਘ ਦੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਘਰ ਲਿਆਂਦਾ ਜਾਵੇ ਤਾਂ ਜੋ ਲਵਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਕਰ ਸਕਣ।





