ਅਮਨ ਅਰੋੜਾ ਨੇ ਸਵਾਲ ਕੀਤਾ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਰੋਕਣ ‘ਚ ਕੇਂਦਰ ਸਰਕਾਰ ਕਿਉਂ ਸਫਲ ਨਹੀਂ ਹੋ ਰਹੀ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੇ ਮਹਿਮਾਨਾਂ ਦਾ ਦਿਲੋਂ ਸਵਾਗਤ ਕਰਦੇ ਹਨ ਤੇ ਅਮਿਤ ਸ਼ਾਹ ਦਾ ਵੀ ਸਵਾਗਤ ਹੈ, ਪਰ ਉਨ੍ਹਾਂ ਨੂੰ ਪੰਜਾਬ ਆ ਕੇ ਸੂਬੇ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ।
ਅਮਨ ਅਰੋੜਾ ਨੇ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ, ਗੁਜਰਾਤ ‘ਚ ਨਸ਼ਿਆਂ ਦੀ ਬਰਾਮਦਗੀ ਤੇ ਪੰਜਾਬ ‘ਚ ਨਸ਼ਿਆਂ ਤੇ ਗੈਂਗਸਟਰਵਾਦ ਦੇ ਮੁੱਦੇ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ।
ਸਰਹੱਦ ਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਬਾਰੇ ਸਵਾਲ
ਅਮਨ ਅਰੋੜਾ ਨੇ ਸਵਾਲ ਕੀਤਾ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਰੋਕਣ ‘ਚ ਕੇਂਦਰ ਸਰਕਾਰ ਕਿਉਂ ਸਫਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲਗਭਗ 543 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ‘ਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਅਹਿਮ ਭੂਮਿਕਾ ਹੈ। ਇਸ ਦੇ ਬਾਵਜੂਦ ਸਰਹੱਦ ਪਾਰੋਂ ਨਸ਼ੇ ਤੇ ਹਥਿਆਰ ਪੰਜਾਬ ‘ਚ ਕਿਵੇਂ ਪਹੁੰਚ ਰਹੇ ਹਨ, ਇਸ ਬਾਰੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।
ਗੁਜਰਾਤ ‘ਚ ਨਸ਼ਿਆਂ ਦੀ ਬਰਾਮਦਗੀ ਤੇ ਵੀ ਮੰਗਿਆ ਜਵਾਬ
‘ਆਪ’ ਪੰਜਾਬ ਦੇ ਪ੍ਰਧਾਨ ਨੇ ਗੁਜਰਾਤ ‘ਚ ਨਸ਼ਿਆਂ ਦੀਆਂ ਵੱਡੀਆਂ ਬਰਾਮਦਗੀਆਂ ਦਾ ਮੁੱਦਾ ਚੁੱਕਦਿਆਂ ਭਾਜਪਾ ਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਤੇ ਸਵਾਲ ਚੁੱਕਣ ਵਾਲੀ ਭਾਜਪਾ ਨੂੰ ਦੂਜੇ ਸੂਬਿਆਂ ‘ਚ ਨਸ਼ਿਆਂ ਦੀ ਸਮੱਸਿਆ ਬਾਰੇ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।
2007 ਤੋਂ 2017 ਤੱਕ ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਤੇ ਸਵਾਲ
ਅਮਨ ਅਰੋੜਾ ਨੇ 2007 ਤੋਂ 2017 ਦਰਮਿਆਨ ਪੰਜਾਬ ‘ਚ ਨਸ਼ਿਆਂ ਤੇ ਗੈਂਗਸਟਰਵਾਦ ਦੇ ਫੈਲਾਅ ਨੂੰ ਲੈ ਕੇ ਵੀ ਭਾਜਪਾ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ। ਉਨ੍ਹਾਂ ਸਵਾਲ ਕੀਤਾ ਕਿ ਉਸ ਸਮੇਂ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਅਤੇ ਗੈਂਗਸਟਰਵਾਦ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ ਸਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਪੰਜਾਬ ਆ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ।