Saturday, September 12, 2026
Google search engine
HomeDeshਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ: ਸ੍ਰੀ ਦਰਬਾਰ ਸਾਹਿਬ ਵਿਖੇ...

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ: ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਦਾ ਅਲੌਕਿਕ ਨਜ਼ਾਰਾ, ਸਜਾਏ ਗਏ ਬੇਸ਼ਕੀਮਤੀ ਜਲੌ

ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ‘ਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ, ਸਤਿਕਾਰ ਅਤੇ ਅਥਾਹ ਉਤਸ਼ਾਹ ਦਾ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ।

ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ‘ਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ, ਸਤਿਕਾਰ ਅਤੇ ਅਥਾਹ ਉਤਸ਼ਾਹ ਦਾ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ। ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਦੇਸ਼ ਅਤੇ ਵਿਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਗੁਰੂ ਦਰਬਾਰ ਵਿੱਚ ਸੀਸ ਨਿਵਾਇਆ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪਰਮਾਤਮਾ ਦਾ ਕੋਟਿਨ-ਕੋਟਿ ਸ਼ੁਕਰਾਨਾ ਅਦਾ ਕੀਤਾ।
ਇਸ ਪਵਿੱਤਰ ਦਿਹਾੜੇ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੁੱਚੇ ਕੰਪਲੈਕਸ ਨੂੰ ਦੇਸ਼-ਵਿਦੇਸ਼ ਤੋਂ ਲਿਆਂਦੇ ਗਏ ਅਲੌਕਿਕ ਸੁਗੰਧਿਤ ਕੁਦਰਤੀ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਦੌਰਾਨ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਇਤਿਹਾਸਕ ਤੇ ਬੇਸ਼ਕੀਮਤੀ ਜਲੌ ਸਜਾਏ ਗਏ। ਸ਼ਾਮ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਮਨਮੋਹਕ ਦੀਪਮਾਲਾ ਕੀਤੀ ਜਾਵੇਗੀ ਅਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਪ੍ਰਦੂਸ਼ਣ-ਮੁਕਤ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ, ਜਿਸ ਦਾ ਅਦਭੁਤ ਦ੍ਰਿਸ਼ ਮਾਨਣ ਲਈ ਦੇਰ ਰਾਤ ਤੱਕ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਰਹੇਗੀ।

ਸ੍ਰੀ ਰਾਮਸਰ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਅਲੌਕਿਕ ਨਗਰ ਕੀਰਤਨ

ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਛਤਰ-ਚੰਵਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਬੜੀ ਸ਼ਰਧਾ-ਭਾਵਨਾ ਨਾਲ ਸਜਾਇਆ ਗਿਆ। ਇਹ ਅਲੌਕਿਕ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਪੁਰਾਤਨ ਬਾਜ਼ਾਰਾਂ ਵਿੱਚੋਂ ਗੁਰੂ ਜਸ ਗਾਇਨ ਕਰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਪੂਰਨ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਰਸਤੇ ਵਿੱਚ ਥਾਂ-ਥਾਂ ਸੰਗਤਾਂ ਵੱਲੋਂ ਨਗਰ ਕੀਰਤਨ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਗੁਰੂ ਸਾਹਿਬ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਸਰਬਸਾਂਝਾ: ਭਾਈ ਮਨਜੀਤ ਸਿੰਘ

ਇਸ ਸ਼ੁਭ ਮੌਕੇ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੁਨੀਆ ਭਰ ਵਿੱਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗੁਰਬਾਣੀ ਦੀ ਬੀੜ ਤਿਆਰ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਪ੍ਰਕਾਸ਼ ਕਰਵਾਇਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਵਜੋਂ ਸੇਵਾ ਸੌਂਪੀ ਸੀ।
ਭਾਈ ਮਨਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬਸਾਂਝੀ ਹੈ, ਜੋ ਜਾਤ-ਪਾਤ, ਰੰਗ, ਨਸਲ ਜਾਂ ਕਿਸੇ ਵਿਸ਼ੇਸ਼ ਧਰਮ ਦੇ ਦਾਇਰੇ ਤੋਂ ਉੱਪਰ ਉੱਠ ਕੇ ਸਮੁੱਚੇ ਮਨੁੱਖੀ ਵਰਗ ਨੂੰ ਬਰਾਬਰੀ, ਪ੍ਰੇਮ-ਪਿਆਰ, ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਪੈਗ਼ਾਮ ਦਿੰਦੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਅੱਜ ਸਮੁੱਚਾ ਵਿਸ਼ਵ ਆਪਸੀ ਵੈਰ-ਵਿਰੋਧ, ਯੁੱਧਾਂ, ਈਰਖਾ ਅਤੇ ਹਿੰਸਕ ਰੁਝਾਨਾਂ ਦੀ ਮਾਰ ਹੇਠ ਹੈ। ਅਜਿਹੇ ਗੰਭੀਰ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਿੱਖਿਆ ਤੋਂ ਸੇਧ ਲੈ ਕੇ ਹੀ ਵਿਸ਼ਵ ਭਾਈਚਾਰੇ ਅਤੇ ਮਨੁੱਖਤਾ ਦਾ ਭਲਾ ਸੰਭਵ ਹੈ।

ਪੰਥਕ ਏਕਤਾ ਅਤੇ ਨਸ਼ਿਆਂ ਦੇ ਖ਼ਾਤਮੇ ‘ਤੇ ਬਲਵਿੰਦਰ ਸਿੰਘ ਭੂੰਦੜ ਦਾ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਸੰਗਤ ਨੂੰ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਨੇ ਪੰਜਾਬ ਦੀ ਚੜ੍ਹਦੀ ਕਲਾ, ਖ਼ੁਸ਼ਹਾਲੀ ਅਤੇ ਸੰਸਾਰ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ। ਪੰਥਕ ਹਾਲਾਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਆਪਸੀ ਵਖਰੇਵਿਆਂ, ਕਿੰਤੂ-ਪ੍ਰੰਤੂ ਅਤੇ ਨਿੰਦਿਆ-ਚੁਗ਼ਲੀ ਤੋਂ ਕਿਨਾਰਾ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋਣ ਦੀ ਸਖ਼ਤ ਲੋੜ ਹੈ।
ਭੂੰਦੜ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਕੋਹੜ ਨੂੰ ਇੱਕ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਸਮੂਹ ਸਿਆਸੀ ਧਿਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਸੌੜੀ ਰਾਜਨੀਤੀ ਤੋਂ ਪਰ੍ਹਾਂ ਹੋ ਕੇ ਇਕੱਠੇ ਯਤਨ ਕਰਨੇ ਪੈਣਗੇ। ਭਾਜਪਾ ਨਾਲ ਗਠਜੋੜ ਦੇ ਮੁੱਦੇ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਕੋਈ ਵੀ ਅੰਤਿਮ ਫ਼ੈਸਲਾ ਲੈਣ ਦਾ ਅਧਿਕਾਰ ਪਾਰਟੀ ਪ੍ਰਧਾਨ ਕੋਲ ਰਾਖਵਾਂ ਹੈ।

ਗੁਰਬਾਣੀ ਦੇ ਮਾਰਗ ‘ਤੇ ਚੱਲਣ ਦੀ ਅਪੀਲ: ਭਾਈ ਸੁਖਜੀਤ ਸਿੰਘ

ਇਸ ਦੌਰਾਨ ਭਾਈ ਸੁਖਜੀਤ ਸਿੰਘ ਨੇ ਵੀ ਦੇਸ਼-ਵਿਦੇਸ਼ ਦੀ ਸੰਗਤ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨਦਾਰ ਫੁੱਲਾਂ ਦੀ ਸਜਾਵਟ, ਅਲੌਕਿਕ ਜਲੌ ਅਤੇ ਸ਼ਾਮ ਵੇਲੇ ਹੋਣ ਵਾਲੀ ਮਨਮੋਹਕ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਅਤੇ ਗੁਰੂ ਸਾਹਿਬ ਵੱਲੋਂ ਦਿਖਾਏ ਸੱਚ ਅਤੇ ਧਰਮ ਦੇ ਮਾਰਗ ‘ਤੇ ਚੱਲਣ ਦਾ ਪ੍ਰਣ ਲੈਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments