Saturday, September 5, 2026
Google search engine
HomeDeshLudhiana ‘ਚ ਸਾਈਕਲ ਬਣਾਉਣਾ ਹੋਇਆ ਮਹਿੰਗਾ, ਕੱਚਾ ਮਾਲ ਮਹਿੰਗਾ ਹੋਣ ਕਾਰਨ ਭਾਅ...

Ludhiana ‘ਚ ਸਾਈਕਲ ਬਣਾਉਣਾ ਹੋਇਆ ਮਹਿੰਗਾ, ਕੱਚਾ ਮਾਲ ਮਹਿੰਗਾ ਹੋਣ ਕਾਰਨ ਭਾਅ ਵਧਣ ਦੇ ਆਸਾਰ

ਪਿਛਲੇ ਲਗਭਗ ਇੱਕ ਮਹੀਨੇ ਦੌਰਾਨ ਸਟੀਲ ਦੀ ਕੀਮਤ ਵਿੱਚ ਕਰੀਬ 5,000 ਰੁਪਏ ਪ੍ਰਤੀ ਟਨ ਦਾ ਵੱਡਾ ਉਛਾਲ ਆਇਆ ਹੈ।

ਸਾਈਕਲ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਦੇਸ਼ ਦੇ ਪ੍ਰਮੁੱਖ ਸਾਈਕਲ ਉਦਯੋਗ ਕੇਂਦਰ ਲੁਧਿਆਣਾ ਦੇ ਨਿਰਮਾਤਾਵਾਂ ਦੀਆਂ ਮੁਸ਼ਕਿਲਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਪਿਛਲੇ ਲਗਭਗ ਇੱਕ ਮਹੀਨੇ ਦੌਰਾਨ ਸਟੀਲ ਦੀ ਕੀਮਤ ਵਿੱਚ ਕਰੀਬ 5,000 ਰੁਪਏ ਪ੍ਰਤੀ ਟਨ ਦਾ ਵੱਡਾ ਉਛਾਲ ਆਇਆ ਹੈ। ਇਸ ਦੇ ਨਾਲ ਹੀ ਟਾਇਰ, ਟਿਊਬ, ਪੇਂਟ, ਕੈਮੀਕਲ ਅਤੇ ਹੋਰ ਸਪੇਅਰ ਪਾਰਟਸ ਦੀਆਂ ਲਾਗਤਾਂ ਵਧਣ ਕਾਰਨ ਨਿਰਮਾਤਾਵਾਂ ਦੇ ਮੁਨਾਫ਼ੇ ‘ਤੇ ਸਿੱਧਾ ਦਬਾਅ ਬਣਨਾ ਸ਼ੁਰੂ ਹੋ ਗਿਆ ਹੈ। ਇਸ ਸਥਿਤੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਾਈਕਲ ਦੀਆਂ ਕੀਮਤਾਂ ਦੀ ਮੁੜ ਸਮੀਖਿਆ ਕੀਤੇ ਜਾਣ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ।
ਵਧਦੀ ਉਤਪਾਦਨ ਲਾਗਤ ਅਤੇ ਉਦਯੋਗ ਦੇ ਸਾਹਮਣੇ ਖੜ੍ਹੀਆਂ ਹੋ ਰਹੀਆਂ ਨਵੀਆਂ ਚੁਣੌਤੀਆਂ ਬਾਰੇ ਗੰਭੀਰ ਚਰਚਾ ਕਰਨ ਲਈ ਜੀ-13 ਬਾਈਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼ੁੱਕਰਵਾਰ ਨੂੰ ਸਥਾਨਕ ਸਤਲੁਜ ਕਲੱਬ ਵਿਖੇ ਹੋਈ। ਮੀਟਿੰਗ ਦੌਰਾਨ ਸਨਅਤਕਾਰਾਂ ਨੇ ਕਿਹਾ ਕਿ ਕੱਚੇ ਮਾਲ ਦੇ ਭਾਅ ਵਧਣ ਕਾਰਨ ਉਤਪਾਦਨ ਖ਼ਰਚਿਆਂ ਦਾ ਸਮੁੱਚਾ ਹਿਸਾਬ-ਕਿਤਾਬ ਵਿਗੜ ਰਿਹਾ ਹੈ। ਜੇਕਰ ਲਾਗਤਾਂ ਦਾ ਇਹ ਬੋਝ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਬਾਜ਼ਾਰ ਦੇ ਹਾਲਾਤ ਅਤੇ ਆਪੋ-ਆਪਣੇ ਖ਼ਰਚੇ ਅਨੁਸਾਰ ਕੁਝ ਨਿਰਮਾਤਾ ਪ੍ਰਤੀ ਸਾਈਕਲ ਲਗਭਗ 150 ਰੁਪਏ ਤੱਕ ਵਾਧਾ ਕਰਨ ਬਾਰੇ ਵਿਚਾਰ ਕਰ ਸਕਦੇ ਹਨ।

ਕੀਮਤਾਂ ਵਧਾਉਣ ਦਾ ਕੋਈ ਸਾਂਝਾ ਫ਼ੈਸਲਾ ਨਹੀਂ: ਐਸੋਸੀਏਸ਼ਨ

ਹਾਲਾਂਕਿ, ਐਸੋਸੀਏਸ਼ਨ ਨੇ ਇਹ ਸਪੱਸ਼ਟ ਕੀਤਾ ਕਿ ਕੀਮਤਾਂ ਵਿੱਚ ਵਾਧਾ ਕਰਨ ਸੰਬੰਧੀ ਕੋਈ ਸਮੂਹਿਕ ਜਾਂ ਲਾਜ਼ਮੀ ਫ਼ੈਸਲਾ ਨਹੀਂ ਲਿਆ ਗਿਆ। ਹਰ ਨਿਰਮਾਤਾ ਆਪਣੀ ਲਾਗਤ, ਉਤਪਾਦ ਸ਼੍ਰੇਣੀ, ਬਾਜ਼ਾਰ ਦੀ ਮੰਗ ਅਤੇ ਕਾਰੋਬਾਰੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਖ਼ੁਦਮੁਖਤਿਆਰ ਤਰੀਕੇ ਨਾਲ ਕੀਮਤ ਤੈਅ ਕਰਨ ਲਈ ਸੁਤੰਤਰ ਹੋਵੇਗਾ। ਮੀਟਿੰਗ ਦਾ ਮੁੱਖ ਮੰਤਵ ਲਗਾਤਾਰ ਵਧ ਰਹੀਆਂ ਇਨਪੁੱਟ ਲਾਗਤਾਂ ਕਾਰਨ ਸਨਅਤ ‘ਤੇ ਪੈ ਰਹੇ ਸਮੁੱਚੇ ਅਸਰ ਦਾ ਮੁਲਾਂਕਣ ਕਰਨਾ ਅਤੇ ਬਾਜ਼ਾਰ ਵਿੱਚ ਮਿਆਰੀ ਸਾਈਕਲਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਉਪਰਾਲਿਆਂ ‘ਤੇ ਵਿਚਾਰ-ਵਟਾਂਦਰਾ ਕਰਨਾ ਸੀ।

ਇੱਕੋ ਵੇਲੇ ਕਈ ਪਾਸਿਓਂ ਵਧੀ ਉਤਪਾਦਨ ਲਾਗਤ

ਉਦਯੋਗਪਤੀਆਂ ਅਨੁਸਾਰ ਸਾਈਕਲ ਦਾ ਨਿਰਮਾਣ ਖ਼ਰਚ ਸਿਰਫ਼ ਸਟੀਲ ਦੇ ਰੇਟਾਂ ‘ਤੇ ਹੀ ਨਿਰਭਰ ਨਹੀਂ ਕਰਦਾ। ਫਰੇਮ ਅਤੇ ਧਾਤ ਦੇ ਬਾਕੀ ਪੁਰਜ਼ਿਆਂ ਤੋਂ ਇਲਾਵਾ ਟਾਇਰ-ਟਿਊਬ, ਪੇਂਟ, ਕੈਮੀਕਲ ਅਤੇ ਵੱਖ-ਵੱਖ ਜ਼ਰੂਰੀ ਕੰਪੋਨੈਂਟਾਂ ਦੀਆਂ ਕੀਮਤਾਂ ਵਧਣ ਦਾ ਸਿੱਧਾ ਅਸਰ ਤਿਆਰ ਸਾਈਕਲ ਦੀ ਲਾਗਤ ‘ਤੇ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਵੱਖ-ਵੱਖ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਤਾਂ ਨਿਰਮਾਤਾਵਾਂ ਲਈ ਮੌਜੂਦਾ ਭਾਅ ‘ਤੇ ਉਤਪਾਦਨ ਜਾਰੀ ਰੱਖਣਾ ਬੇਹੱਦ ਮੁਸ਼ਕਿਲ ਹੋ ਜਾਵੇਗਾ।

ਮੀਟਿੰਗ ਵਿੱਚ ਪ੍ਰਮੁੱਖ ਸਨਅਤਕਾਰ ਰਹੇ ਹਾਜ਼ਰ

ਇਸ ਅਹਿਮ ਬੈਠਕ ਵਿੱਚ ਜੇ.ਆਰ. ਸਿੰਗਲ (ਈਸਟਮੈਨ ਇੰਡਸਟਰੀਜ਼), ਸਚਿਨ ਲਾਕੜਾ (ਐੱਸ.ਕੇ. ਬਾਈਕਸ), ਕੇ.ਕੇ. ਸੇਠ (ਨੀਲਮ ਸਾਈਕਲ), ਰਾਕੇਸ਼, ਰਮੇਸ਼, ਸਾਹਿਲ ਤੇ ਅਮਨ ਜਿੰਦਲ (ਲੀਡਰ ਸਾਈਕਲਜ਼), ਰੋਹਨ ਸਚਦੇਵਾ (ਕੋਹਿਨੂਰ ਸਾਈਕਲ), ਯੂ.ਕੇ. ਨਾਰੰਗ (ਅਰਪਣ ਸਾਈਕਲਜ਼), ਅਭਿਸ਼ੇਕ ਗਰਗ (ਸਟ੍ਰਾਈਡਰ ਸਾਈਕਲਜ਼), ਰਣਦੀਪ ਭੋਗਲ (ਭੋਗਲ ਸੇਲਜ਼), ਰਾਜੇਸ਼ ਗੁਪਤਾ (ਗੁਪਤਾ ਬਾਈਕ), ਸੁਰੇਸ਼ ਤੇ ਨਿਤਿਨ ਬੱਟਾ (ਲੋਟਸ ਸਾਈਕਲ), ਲੱਕੀ (ਵਿਸ਼ਾਲੀ ਸਾਈਕਲਜ਼) ਅਤੇ ਸੁਮੇਧ ਪਾਹਵਾ (ਨੋਵਾ ਸਾਈਕਲ) ਸਮੇਤ ਹੋਰ ਸਨਅਤਕਾਰ ਮੌਜੂਦ ਸਨ।
ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਜਿੰਦਲ, ਜਨਰਲ ਸਕੱਤਰ ਰੋਹਿਤ ਪਾਹਵਾ ਅਤੇ ਕੋਆਰਡੀਨੇਟਰ ਉਮੇਸ਼ ਨਾਰੰਗ ਨੇ ਕਿਹਾ ਕਿ ਸਮੁੱਚਾ ਉਦਯੋਗ ਮੌਜੂਦਾ ਚੁਣੌਤੀਆਂ ਦੇ ਦਰਮਿਆਨ ਵੀ ਗਾਹਕਾਂ ਦੀਆਂ ਲੋੜਾਂ ਅਤੇ ਬਾਜ਼ਾਰ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments