ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ 28 ਅਗਸਤ ਨੂੰ ਈਡੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਭੇਜੇ ਗਏ ਦਸਤਾਵੇਜ਼ਾਂ, ਚੈਟ ਤੇ ਹੋਰ ਸਮੱਗਰੀ ਸਪੱਸ਼ਟ ਨਹੀਂ ਹੈ ।
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਈਡੀ ਦੀਆਂ ਚਿੱਠੀਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਈਡੀ ਪਹਿਲਾਂ ਵੀ ਦਿੱਲੀ ਦੇ ‘ਆਪ’ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਤੇ ਹੁਣ ਪੰਜਾਬ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ 28 ਅਗਸਤ ਨੂੰ ਈਡੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਭੇਜੇ ਗਏ ਦਸਤਾਵੇਜ਼ਾਂ, ਚੈਟ ਤੇ ਹੋਰ ਸਮੱਗਰੀ ਸਪੱਸ਼ਟ ਨਹੀਂ ਹੈ । ਪੁਲਿਸ ਨੇ ਈਡੀ ਨੂੰ ਆਪਣਾ ਇੱਕ ਅਧਿਕਾਰੀ 1 ਸਤੰਬਰ ਨੂੰ ਪੁਲਿਸ ਹੈੱਡਕੁਆਰਟਰ ਭੇਜਣ ਲਈ ਵੀ ਕਿਹਾ ਸੀ, ਤਾਂ ਜੋ ਸਬੂਤਾਂ ਬਾਰੇ ਜਾਣਕਾਰੀ ਸਪੱਸ਼ਟ ਹੋ ਸਕੇ। ਉਨ੍ਹਾਂ ਕਿਹਾ ਕਿ ਈਡੀ ਦਾ ਅਧਿਕਾਰੀ ਨਾ ਤਾਂ 1 ਸਤੰਬਰ ਨੂੰ ਪਹੁੰਚਿਆ ਤੇ ਨਾ ਹੀ 2 ਸਤੰਬਰ ਨੂੰ ਕਿਸੇ ਅਧਿਕਾਰੀ ਨੇ ਰਿਪੋਰਟ ਕੀਤੀ। ਧਾਲੀਵਾਲ ਨੇ ਇਲਜ਼ਾਮ ਲਗਾਇਆ ਕਿ ਈਡੀ ਇੱਕ ਤਰ੍ਹਾਂ ਪਾਰਟੀ ਜਨਤਾ ਪਾਰਟੀ ਦਾ ਵਿੰਗ ‘ਈਡੀ ਪਾਰਟੀ’ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਈਡੀ ਵੱਲੋਂ ਸਾਡੇ ਆਗੂ- ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਆਖ਼ਿਰ ‘ਚ ਸਭ ਨੂੰ ਕਲਿਨ ਚਿੱਟ ਮਿਲੀ। ਉਨ੍ਹਾਂ ਕਿਹਾ ਕਿ ਈਡੀ ਹੁਣ ਪੰਜਾਬ ਦੇ ਆਗੂਆਂ ਨੂੰ ਬਦਨਾਮ ਕਰਨ ‘ਚ ਲੱਗ ਚੁੱਕੀ ਹੈ।
ED ਨੇ ਤੀਜੀ ਵਾਰ ਲਿਖੀ ਚਿੱਠੀ
ਦੱਸ ਦੇਈਏ ਕਿ ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 31 ਅਗਸਤ ਨੂੰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ AIG ਨੂੰ ਚਿੱਠੀ ਲਿਖੀ। ਈਡੀ ਨੇ ਪੰਜਾਬ ਪੁਲਿਸ ਨੂੰ ਮਾਮਲੇ ‘ਚ ਤੁਰੰਤ ਐਫਆਈਆਰ ਦਰਜ ਕਰਨ ਲਈ ਕਿਹਾ ਹੈ। ਈਡੀ ਨੇ ਕਿਹਾ ਕਿ ਉਸ ਵੱਲੋਂ 30 ਜੁਲਾਈ ਤੇ 7 ਅਗਸਤ ਨੂੰ ਪੰਜਾਬ ਪੁਲਿਸ ਨੂੰ ਜਾਣਕਾਰੀ ਤੇ ਦਸਤਾਵੇਜ਼ ਭੇਜੇ ਜਾ ਚੁੱਕੇ ਹਨ। ਏਜੰਸੀ ਮੁਤਾਬਕ ਇਹ ਜਾਣਕਾਰੀ ਜਾਂਚ ਤੇ ਸਮੀਖਿਆ ਤੋਂ ਬਾਅਦ ਸਾਂਝੀ ਕੀਤੀ ਗਈ ਸੀ।
ਈਡੀ ਨੇ ਸੁਪਰੀਮ ਕੋਰਟ ਦੇ ਕੁਝ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਦਿੱਤੀ ਗਈ ਜਾਣਕਾਰੀ ਤੋਂ ਕਿਸੇ ਗੰਭੀਰ ਅਪਰਾਧ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਲਈ ਐਫਆਈਆਰ ਦਰਜ ਕਰਨਾ ਜ਼ਰੂਰੀ ਹੈ। ਈਡੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਣਕਾਰੀ ਸਾਂਝੀ ਕੀਤੇ ਨੂੰ 30 ਦਿਨ ਤੋਂ ਵੱਧ ਸਮਾਂ ਹੋ ਚੁੱਕਾ ਹੈ।
ਈਡੀ ਨੇ ਆਪਣੀ ਤਾਜ਼ਾ ਚਿੱਠੀ ਨਾਲ ਚੈਟ, ਸਕ੍ਰੀਨਸ਼ਾਟ ਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਵੀ ਭੇਜੀਆਂ ਹਨ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਰਿਕਾਰਡ ਨਾਲ ਸਬੰਧਤ ਸਰਟੀਫਿਕੇਟ ਤੇ ਨਿਤਿਨ ਗੋਹਲ ਦੇ ਬਿਆਨ ਵੀ ਸ਼ਾਮਲ ਕੀਤੇ ਗਏ ਹਨ। ਈਡੀ ਨੇ ਪੰਜਾਬ ਪੁਲਿਸ ਨੂੰ ਕਿਹਾ ਹੈ ਕਿ 3 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਐਫਆਈਆਰ ਦਰਜ ਕਰਕੇ ਇਸ ਦੀ ਕਾਪੀ ਏਜੰਸੀ ਨੂੰ ਦਿੱਤੀ ਜਾਵੇ। ED ਨੇ ਇਹ ਵੀ ਕਿਹਾ ਕਿ ਹੋਰ ਦੇਰੀ ਨਾਲ ਸਬੂਤਾਂ ਨਾਲ ਛੇੜਛਾੜ ਜਾਂ ਉਨ੍ਹਾਂ ਦੇ ਨਸ਼ਟ ਹੋਣ ਦਾ ਖ਼ਦਸ਼ਾ ਹੈ।
ਹਾਈ ਕੋਰਟ ‘ਚ ਵੀ ਮਾਮਲਾ
ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਵੀ ਵਿਚਾਰ ਅਧੀਨ ਹੈ। ਅਦਾਲਤ ਵੱਲੋਂ ਪੰਜਾਬ ਸਰਕਾਰ ਤੋਂ ਮਾਮਲੇ ਤੇ ਉਸ ਦਾ ਪੱਖ ਪੁੱਛਿਆ ਗਿਆ ਸੀ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਸਤੰਬਰ ਨੂੰ ਹੋਣੀ ਹੈ।
ਦੂਜੇ ਪਾਸੇ, ਧਾਲੀਵਾਲ ਨੇ ਈਡੀ ‘ਤੇ ਇਲਜ਼ਾਮ ਲਗਾਇਆ ਕਿ ਉਹ ਵਾਰ-ਵਾਰ ਚਿੱਠੀਆਂ ਭੇਜ ਕੇ ਪੰਜਾਬ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਈਡੀ ਕੋਲ ਪੂਰੇ ਸਬੂਤ ਹਨ ਤਾਂ ਉਹ ਪੰਜਾਬ ਪੁਲਿਸ ਨਾਲ ਸਾਂਝੇ ਕਰੇ ਤੇ ਆਪਣਾ ਅਧਿਕਾਰੀ ਵੀ ਭੇਜੇ।